ਇੰਡੀਗੋ ਨੂੰ ਤੁਰਕੀ ਏਅਰਲਾਈਨ ਦੇ ਜਹਾਜ਼ ਚਲਾਉਣ ਲਈ ਹਰੀ ਝੰਡੀ
ਮੁੰਬਈ, 30 ਮਈ
ਹਵਾਬਾਜ਼ੀ ਨਿਗਰਾਨ DGCA ਨੇ ਇੰਡੀਗੋ ਏਅਰਲਾਈਨ ਨੂੰ ਅਗਲੇ ਤਿੰਨ ਮਹੀਨਿਆਂ ਵਿਚ ਤੁਰਕੀ ਏਅਰਲਾਈਨ ਨਾਲ ਜਾਰੀ ਲੀਜ਼ (ਕਰਾਰ) ਖ਼ਤਮ ਕਰਨ ਦੀ ਹਦਾਇਤ ਕੀਤੀ ਹੈ। ਉਡਾਣਾਂ ਇਕਦਮ ਬੰਦ ਹੋਣ ਨਾਲ ਯਾਤਰੀਆਂ ਨੂੰ ਕਿਸੇ ਤਰ੍ਹਾਂ ਦੀ ਖੱਜਲ ਖੁਆਰੀ ਤੋਂ ਬਚਾਉਣ ਲਈ ਡੀਜੀਸੀਏ ਨੇ ਸ਼ੁੱਕਰਵਾਰ ਨੂੰ ਇੰਡੀਗੋ ਨੂੰ ਤੁਰਕੀ ਏਅਰਲਾਈਨਜ਼ ਤੋਂ ਦੋ ਬੋਇੰਗ 777 ਜਹਾਜ਼ ਲੀਜ਼ 'ਤੇ ਲੈਣ ਦੀ ਮਿਆਦ ਇਕ ਆਖਰੀ ਵਾਰ 31 ਅਗਸਤ ਤੱਕ ਵਧਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਡੀਜੀਸੀਏ ਨੇ ਇੰਡੀਗੋ ਨੂੰ ਅੱਗੇ ਹੋਰ ਕੋਈ ਵਾਧਾ ਨਾ ਮੰਗਣ ਦਾ ਹੁਕਮ ਵੀ ਦਿੱਤਾ ਹੈ। ਇਹ ਘਟਨਾਕ੍ਰਮ ਅਜਿਹੇ ਮੌਕੇ ਸਾਹਮਣੇ ਆਇਆ ਹੈ ਜਦੋਂ ਤੁਰਕੀ ਨੇ ਪਾਕਿਸਤਾਨ ਦੀ ਪਿੱਠ ’ਤੇ ਖੜ੍ਹਦਿਆਂ ਇਸ ਮਹੀਨੇ ਦੀ ਸ਼ੁਰੂਆਤ ਵਿਚ ਗੁਆਂਢੀ ਮੁਲਕ ਦੇ ਦਹਿਸ਼ਤੀ ਟਿਕਾਣਿਆਂ ’ਤੇ ਭਾਰਤੀ ਹਮਲਿਆਂ ਦੀ ਨਿਖੇਧੀ ਕੀਤੀ ਹੈ।
ਹਵਾਬਾਜ਼ੀ ਸੁਰੱਖਿਆ ਨਿਗਰਾਨ ਬੀਸੀਏਐੱਸ ਨੇ 15 ਮਈ ਨੂੰ ‘ਕੌਮੀ ਸੁਰੱਖਿਆ’ ਦੇ ਹਵਾਲੇ ਨਾਲ ਤੁਰਕੀ ਦੀ ਕੰਪਨੀ Celebi Airport Services India Pvt Ltd ਲਈ ਸੁਰੱਖਿਆ ਪ੍ਰਵਾਨਗੀ ਰੱਦ ਕਰ ਦਿੱਤੀ ਸੀ। ਕੁਝ ਆਨਲਾਈਨ ਯਾਤਰਾ ਪੋਰਟਲਾਂ ਅਤੇ ਐਸੋਸੀਏਸ਼ਨਾਂ ਨੇ ਲੋਕਾਂ ਨੂੰ ਤੁਰਕੀ ਨਾ ਜਾਣ ਲਈ ਸਲਾਹ ਵੀ ਜਾਰੀ ਕੀਤੀ ਹੈ। ਮੌਜੂਦਾ ਸਮੇਂ ਇੰਡੀਗੋ ਤੁਰਕੀ ਏਅਰਲਾਈਨਜ਼ ਤੋਂ ਡੈਂਪ ਲੀਜ਼ ਤਹਿਤ ਦੋ B777-300 ER ਜਹਾਜ਼ ਚਲਾ ਰਹੀ ਹੈ ਅਤੇ ਮੌਜੂਦਾ ਲੀਜ਼ 31 ਮਈ ਨੂੰ ਖਤਮ ਹੋਣ ਵਾਲੀ ਹੈ। ਇਨ੍ਹਾਂ ਜਹਾਜ਼ਾਂ ਦੀ ਵਰਤੋਂ ਇੰਡੀਗੋ ਵੱਲੋਂ ਦਿੱਲੀ ਅਤੇ ਮੁੰਬਈ ਤੋਂ ਇਸਤੰਬੁਲ ਲਈ ਸਿੱਧੀਆਂ ਉਡਾਣਾਂ ਚਲਾਉਣ ਲਈ ਕੀਤੀ ਜਾਂਦੀ ਹੈ। -ਪੀਟੀਆਈ