ਭਾਰਤ ਵੱਲੋਂ ਪਾਕਿ ਦੇ ਮਿਜ਼ਾਈਲ ਤੇ ਡਰੋਨ ਹਮਲੇ ਬੇਅਸਰ, ਕੋਈ ਜਾਨੀ ਨੁਕਸਾਨ ਨਹੀਂ
India neutralises Pakistan’s missile and drone attacks
ਅਜੈ ਬੈਨਰਜੀ
ਨਵੀਂ ਦਿੱਲੀ, 8 ਮਈ
ਪਾਕਿਸਤਾਨ ਨੇ ਵੀਰਵਾਰ ਰਾਤ ਨੂੰ ਭਾਰਤ ਨਾਲ ਫੌਜੀ ਟਕਰਾਅ ਤੇਜ਼ ਕਰ ਦਿੱਤਾ ਹੈ। ਪਾਕਿਸਤਾਨ ਨੇ ਸਪੱਸ਼ਟ ਤੌਰ ਟਕਰਾਅ ਨੂੰ ਵਧਾਉਣ ਦੇ ਆਪਣੇ ਇਰਾਦੇ ਸਾਫ਼ ਕਰ ਦਿੱਤੇ ਹਨ। ਪਾਕਿਸਤਾਨ ਨੇ ਉੱਤਰੀ ਭਾਰਤ ਅਤੇ ਪੱਛਮੀ ਭਾਰਤ ਵਿੱਚ ਕਈ ਥਾਵਾਂ ’ਤੇ ਮਿਜ਼ਾਈਲ ਤੇ ਡਰੋਨ ਹਮਲੇ ਕੀਤੇ, ਜਿਸ ਨੂੰ ਭਾਰਤੀ ਸਲਾਮਤੀ ਦਸਤਿਆਂ ਨੇ ਨਾਕਾਮ ਕਰ ਦਿੱਤਾ।
ਚੀਫ਼ ਆਫ਼ ਡਿਫੈਂਸ ਸਟਾਫ਼ ਦੇ ਦਫ਼ਤਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਪੋਸਟ ਵਿਚ ਕਿਹਾ, ‘‘ਜੰਮੂ ਅਤੇ ਕਸ਼ਮੀਰ ਵਿੱਚ ਕੌਮਾਂਤਰੀ ਸਰਹੱਦ ਨੇੜੇ ਜੰਮੂ, ਪਠਾਨਕੋਟ ਅਤੇ ਊਧਮਪੁਰ ਦੇ ਫੌਜੀ ਸਟੇਸ਼ਨਾਂ ਨੂੰ ਪਾਕਿਸਤਾਨ ਨੇ ਮਿਜ਼ਾਈਲਾਂ ਅਤੇ ਡਰੋਨਾਂ ਦੀ ਵਰਤੋਂ ਕਰਕੇ ਨਿਸ਼ਾਨਾ ਬਣਾਇਆ। ਕੋਈ ਨੁਕਸਾਨ ਨਹੀਂ ਹੋਇਆ। ਭਾਰਤੀ ਹਥਿਆਰਬੰਦ ਬਲਾਂ ਵੱਲੋਂ (ਗਤੀਸ਼ੀਲ ਅਤੇ ਗੈਰ-ਗਤੀਸ਼ੀਲ ਤਰੀਕਿਆਂ) ਜ਼ੋਰਦਾਰ ਢੰਗ ਨਾਲ ਖਤਰੇ ਨੂੰ ਬੇਅਸਰ ਕੀਤਾ ਗਿਆ।’’
ਰੱਖਿਆ ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨ ਵੱਲੋਂ ਸਤਵਾਰੀ, ਸਾਂਬਾ, ਆਰਐਸ ਪੁਰਾ ਅਤੇ ਅਰਨੀਆ ਵੱਲ ਸੇਧਿਤ ਅੱਠ ਮਿਜ਼ਾਈਲਾਂ ਨੂੰ ਏਕੀਕ੍ਰਿਤ ‘ਹਵਾਈ ਰੱਖਿਆ ਇਕਾਈਆਂ’ ਨੇ ਰੋਕ (ਬੇਅਸਰ ਕਰ) ਦਿੱਤਾ। ਸੂਤਰਾਂ ਨੇ ਕਿਹਾ ਕਿ ਜੰਮੂ ਦੇ ਦ੍ਰਿਸ਼ ਇਜ਼ਰਾਈਲ ’ਤੇ ‘ਹਮਾਸ’ ਸ਼ੈਲੀ ਦੇ ਹਮਲੇ ਦੀ ਯਾਦ ਦਿਵਾਉਂਦੇ ਹਨ। ਭਾਰਤੀ ਖੁਫੀਆ ਏਜੰਸੀਆਂ ਨੇ ਸਰਕਾਰ ਨੂੰ ਹਮਾਸ ਦੀ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਨਾਲ ਹੋਈ ਮੀਟਿੰਗ ਬਾਰੇ ਵੀ ਸੂਚਿਤ ਕੀਤਾ ਹੈ।

