ਭਾਰਤੀ ਹੁਣ ਯੂਏਈ ’ਚ ਲੈ ਸਕਣਗੇ ਗੋਲਡਨ ਵੀਜ਼ਾ
ਦੁਬਈ, 6 ਜੁਲਾਈਸੰਯੁਕਤ ਅਰਬ ਅਮੀਰਾਤ (ਯੂਏਈ) ਸਰਕਾਰ ਨੇ ਇੱਕ ਨਵੇਂ ਕਿਸਮ ਦਾ ਗੋਲਡਨ ਵੀਜ਼ਾ ਸ਼ੁਰੂ ਕੀਤਾ ਹੈ ਜੋ ਹੁਣ ਨਾਮਜ਼ਦਗੀ ’ਤੇ ਅਧਾਰਿਤ ਹੋਵੇਗਾ ਅਤੇ ਇਸ ਵਿੱਚ ਕੁਝ ਸ਼ਰਤਾਂ ਲਾਗੂ ਹੋਣਗੀਆਂ। ਹੁਣ ਤੱਕ ਭਾਰਤ ਤੋਂ ਦੁਬਈ ਦਾ ਗੋਲਡਨ ਵੀਜ਼ਾ ਪ੍ਰਾਪਤ ਕਰਨ ਦਾ ਇੱਕ ਤਰੀਕਾ ਜਾਇਦਾਦ ਵਿੱਚ ਨਿਵੇਸ਼ ਕਰਨਾ ਸੀ ਜਿਸ ਦਾ ਮੁੱਲ ਘੱਟੋ-ਘੱਟ ਏਈਡੀ 20 ਲੱਖ (ਲਗਭਗ 4.66 ਕਰੋੜ ਰੁਪਏ) ਹੋਣਾ ਚਾਹੀਦਾ ਸੀ ਜਾਂ ਦੇਸ਼ ਵਿੱਚ ਕਾਰੋਬਾਰ ਵਿੱਚ ਵੱਡੀ ਰਕਮ ਦਾ ਨਿਵੇਸ਼ ਕਰਨਾ ਜ਼ਰੂਰੀ ਸੀ। ਨਵੀਂ ਨਾਮਜ਼ਦਗੀ ਅਧਾਰਿਤ ਵੀਜ਼ਾ ਨੀਤੀ ਤਹਿਤ ਭਾਰਤੀ ਹੁਣ 1,00,000 ਏਈਡੀ (ਲਗਭਗ 23.30 ਲੱਖ ਰੁਪਏ) ਦੀ ਫੀਸ ਅਦਾ ਕਰਕੇ ਜੀਵਨ ਭਰ ਲਈ ਯੂਏਈ ਦਾ ਗੋਲਡਨ ਵੀਜ਼ਾ ਪ੍ਰਾਪਤ ਕਰ ਸਕਦੇ ਹਨ। ਇਸ ਪ੍ਰਕਿਰਿਆ ਨਾਲ ਜੁੜੇ ਲਾਭਪਾਤਰੀਆਂ ਅਤੇ ਲੋਕਾਂ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਅਗਲੇ ਤਿੰਨ ਮਹੀਨਿਆਂ ਵਿੱਚ ਪੰਜ ਹਜ਼ਾਰ ਤੋਂ ਵੱਧ ਭਾਰਤੀ ਇਸ ਨਾਮਜ਼ਦਗੀ ਅਧਾਰਿਤ ਵੀਜ਼ੇ ਲਈ ਅਰਜ਼ੀਆਂ ਦੇਣਗੇ। ਇਸ ਵੀਜ਼ਾ ਪ੍ਰਣਾਲੀ ਦੀ ਟੈਸਟਿੰਗ ਲਈ ਪਹਿਲੇ ਪੜਾਅ ਤਹਿਤ ਭਾਰਤ ਅਤੇ ਬੰਗਲਾਦੇਸ਼ ਦੀ ਚੋਣ ਕੀਤੀ ਗਈ ਹੈ। -ਪੀਟੀਆਈ