ਭਾਰਤੀ ਵਿਦਿਆਰਥੀ ਸਭ ਤੋਂ ਹੁਸ਼ਿਆਰ: ਦੋਰਾਈਸਵਾਮੀ
ਬਰਤਾਨੀਆ ਵਿੱਚ ਭਾਰਤੀ ਵਿਦਿਆਰਥੀ ਲਗਾਤਾਰ ਤੀਜੇ ਸਾਲ ਵਿਦੇਸ਼ੀ ਵਿਦਿਆਰਥੀਆਂ ਦਾ ਸਭ ਤੋਂ ਵੱਡਾ ਸਮੂਹ
ਬਰਤਾਨੀਆ ਵਿੱਚ ਭਾਰਤੀ ਹਾਈ ਕਮਿਸ਼ਨਰ ਵਿਕਰਮ ਦੋਰਾਈਸਵਾਮੀ ਨੇ ਕਿਹਾ ਕਿ ਭਾਰਤੀ ਵਿਦਿਆਰਥੀ ਨਾ ਸਿਰਫ਼ ਬਰਤਾਨੀਆ ਵਿੱਚ ਵਿਦੇਸ਼ੀ ਵਿਦਿਆਰਥੀਆਂ ਦਾ ਸਭ ਤੋਂ ਵੱਡਾ ਸਮੂਹ ਹਨ, ਸਗੋਂ ਸਭ ਤੋਂ ਹੁਸ਼ਿਆਰ ਅਤੇ ਬਿਹਤਰੀਨ ਵੀ ਹਨ ਜੋ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਦੇ ਹਨ। ਉਹ ਬਰਤਾਨੀਆ ਪਹੁੰਚਣ ਵਾਲੇ ਨਵੇਂ ਵਿਦਿਆਰਥੀਆਂ ਲਈ ਵਿਸ਼ੇਸ਼ ਸਵਾਗਤੀ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਇਹ ਸਮਾਗਮ ਬੁੱਧਵਾਰ ਸ਼ਾਮ ਨੂੰ ਕਿੰਗਜ਼ ਕਾਲਜ ਲੰਡਨ ਦੇ ਸਹਿਯੋਗ ਨਾਲ ਕਰਵਾਇਆ ਗਿਆ ਜੋ ਭਾਰਤੀ ਹਾਈ ਕਮਿਸ਼ਨ ਵੱਲੋਂ ਚਲਾਈ ਵਿਦਿਆਰਥੀ ਰਜਿਸਟਰੇਸ਼ਨ ਮੁਹਿੰਮ ਮਗਰੋਂ ਹੋਇਆ। ਇਸ ਨੂੰ ਬਰਤਾਨੀਆ ਵਿੱਚ ਭਾਰਤੀ ਕੌਂਸੁਲੇਟਾਂ ਵਿੱਚ ਲਾਈਵ ਦਿਖਾਇਆ ਗਿਆ।
2023 ਤੋਂ ਹਰੇਕ ਸਾਲ ਹੋਣ ਵਾਲੇ ਇਸ ਸਵਾਗਤੀ ਸਮਾਰੋਹ ਵਿੱਚ ਇਸ ਸਾਲ ਸੈਂਕੜੇ ਭਾਰਤੀ ਵਿਦਿਆਰਥੀ ਸ਼ਾਮਲ ਹੋਏ ਜੋ ਬਰਤਾਨੀਆ ਵਿੱਚ ਨਵੇਂ ਸੈਸ਼ਨ ਦੀ ਸ਼ੁਰੂਆਤ ਵਿੱਚ ਆਪਣੀ ਅਕਾਦਮਿਕ ਯਾਤਰਾ ਸ਼ੁਰੂ ਕਰ ਰਹੇ ਹਨ। ਸ੍ਰੀ ਦੋਰਾਈਸਵਾਮੀ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਪੂਰੇ ਬਰਤਾਨੀਆ ਵਿੱਚ 1,66,000 ਭਾਰਤੀ ਵਿਦਿਆਰਥੀ ਹਨ ਜੋ ਲਗਾਤਾਰ ਤੀਜੇ ਸਾਲ ਵਿਦੇਸ਼ੀ ਵਿਦਿਆਰਥੀਆਂ ਦਾ ਸਭ ਤੋਂ ਵੱਡਾ ਸਮੂਹ ਹੈ। ਸਾਡੇ ਵਿਦਿਆਰਥੀ ਸਭ ਤੋਂ ਹੁਸ਼ਿਆਰ ਅਤੇ ਬਿਹਤਰੀਨ ਹਨ ਅਤੇ ਤੁਹਾਡੀ ਇੱਥੇ ਮੌਜੂਦਗੀ ਇਸ ਗੱਲ ਦਾ ਪ੍ਰਤੀਬਿੰਬ ਹੈ ਕਿ ਤੁਸੀਂ ਕੀ ਕਰਨ ਦੇ ਸਮਰੱਥ ਹੋ ਅਤੇ ਤੁਹਾਡੀ ਪੜ੍ਹਾਈ, ਤੁਹਾਡੀ ਖੋਜ ਵਿੱਚ ਤੁਸੀਂ ਕੀ ਮੁੱਲ ਜੋੜਦੇ ਹੋ... ਪਰ ਤੁਸੀਂ ਆਰਥਿਕ ਮੁੱਲ ਵੀ ਜੋੜਦੇ ਹੋ ਅਤੇ ਇਸ ਗੱਲ ’ਤੇ ਜ਼ੋਰ ਦੇਣਾ ਮਹੱਤਵਪੂਰਨ ਹੈ ਕਿ ਤੁਹਾਡੀ ਇੱਥੇ ਮੌਜੂਦਗੀ ਕਾਰੋਬਾਰਾਂ ਦਾ ਸਮਰਥਨ ਕਰਦੀ ਹੈ।’’
ਸੀਨੀਅਰ ਡਿਪਲੋਮੈਟ ਨੇ ਯੂ ਕੇ ਵਿੱਚ ਵੱਡੇ ਵਿਦਿਅਕ ਢਾਂਚੇ ’ਚ ਭਾਰਤੀ ਵਿਦਿਆਰਥੀਆਂ ਦੇ ਯੋਗਦਾਨ ਨੂੰ ਉਜਾਗਰ ਕੀਤਾ। ਵਿਦਿਆਰਥੀ ਅਦਾ ਕੀਤੀਆਂ ਜਾਂਦੀਆਂ ਟਿਊਸ਼ਨ ਫੀਸਾਂ ਦੇ ਰੂਪ ਵਿੱਚ ਅਤੇ ਨਾਲ ਹੀ ਬਰਤਾਨੀਆ ਤੇ ਭਾਰਤ ਦੋਹਾਂ ਦੇ ਸਮਾਜਾਂ ਨੂੰ ਜੋ ਉਹ ਵਾਪਸ ਦੇਣਗੇ, ਉਸ ਦੇ ਰੂਪ ਵਿੱਚ ਮਹੱਤਵਪੂਰਨ ਮੁੱਲ ਪ੍ਰਦਾਨ ਕਰਦੇ ਹਨ। ਉਨ੍ਹਾਂ ਕਿਹਾ, “ਅਸੀਂ ਸੋਚਦੇ ਹਾਂ ਕਿ ਇਹ ਭਾਰਤ-ਬਰਤਾਨੀਆ ਸਬੰਧਾਂ ਵਿੱਚ ਵੀ ਅਹਿਮ ਯੋਗਦਾਨ ਹੈ।’’

