ਪੁਰਾਣੀ ਵਾਸ਼ਿੰਗ ਮਸ਼ੀਨ ਨੂੰ ਲੈ ਕੇ ਝਗੜੇ ’ਚ ਭਾਰਤੀ ਮੂਲ ਦੇ ਮੋਟਲ ਮੈਨੇਜਰ ਦਾ ਸਿਰ ਕਲਮ
ਟੈਕਸਸ ਵਿੱਚ ਵਾਸ਼ਿੰਗ ਮਸ਼ੀਨ ਨੂੰ ਲੈ ਕੇ ਹੋਏ ਝਗੜੇ ਮਗਰੋਂ ਭਾਰਤੀ ਮੂਲ ਦੇ 50 ਸਾਲਾ ਮੋਟਲ ਮੈਨੇਜਰ ਦਾ ਉਸ ਦੀ ਪਤਨੀ ਤੇ ਪੁੱਤਰ ਸਾਹਮਣੇ ਸਿਰ ਕਲਮ ਕਰ ਦਿੱਤਾ ਗਿਆ। ਪੁਲੀਸ ਨੇ ਅਪਰਾਧਿਕ ਰਿਕਾਰਡ ਵਾਲੇ ਮਸ਼ਕੂਕ ਸਹਿ ਕਰਮਚਾਰੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ’ਤੇ ਕਤਲ ਦਾ ਦੋਸ਼ ਲਗਾਇਆ ਗਿਆ ਹੈ। ਇਹ ਘਟਨਾ ਬੁੱਧਵਾਰ ਸਵੇਰੇ ਡੱਲਾਸ ਦੇ ਡਾਊਨਟਾਊਨ ਸੂਟਸ ਮੋਟਲ ਦੀ ਦੱਸੀ ਜਾਂਦੀ ਹੈ।
ਡੱਲਾਸ ਪੁਲੀਸ ਵਿਭਾਗ ਅਨੁਸਾਰ ਕਰਨਾਟਕ ਦੇ ਮੂਲ ਨਿਵਾਸੀ ਚੰਦਰ ਮੌਲੀ ‘ਬੌਬ’ ਨਾਗਮਲੱਈਆ ਦੀ ਉਸ ਦੇ ਸਹਿ-ਕਰਮੀ ਯੋਰਡਾਨਿਸ ਕੋਬੋਸ-ਮਾਰਟੀਨੇਜ਼ ਨਾਲ ਟੁੱਟੀ ਹੋਈ ਵਾਸ਼ਿੰਗ ਮਸ਼ੀਨ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਹੱਤਿਆ ਕਰ ਦਿੱਤੀ ਗਈ। ਪੁਲੀਸ ਮੁਤਾਬਕ 37 ਸਾਲਾ ਕੋਬੋਸ-ਮਾਰਟੀਨੇਜ਼ ਕਥਿਤ ਤੌਰ ’ਤੇ ਉਦੋਂ ਗੁੱਸੇ ਵਿੱਚ ਆ ਗਿਆ ਜਦੋਂ ਨਾਗਮਲੱਈਆ ਨੇ ਉਸ ਨੂੰ ਸਿੱਧੇ ਤੌਰ ’ਤੇ ਸੰਬੋਧਨ ਕਰਨ ਦੀ ਥਾਂ ਕਿਸੇ ਹੋਰ ਵਿਅਕਤੀ ਨੂੰ ਉਸ ਦੇ ਨਿਰਦੇਸ਼ਾਂ ਦਾ ਅਨੁਵਾਦ ਕਰਨ ਲਈ ਕਿਹਾ। ਸੀਸੀਟੀਵੀ ਫੁਟੇਜ ਵਿੱਚ ਕੋਬੋਸ-ਮਾਰਟੀਨੇਜ਼ ਇੱਕ ਚਾਕੂ ਲੈ ਕੇ ਨਾਗਮਲੱਈਆ ’ਤੇ ਹਮਲਾ ਕਰਦਾ ਨਜ਼ਰ ਆਉਂਦਾ ਹੈ। ਪੀੜਤ ਮੋਟਲ ਦਫਤਰ ਵੱਲ ਭੱਜਾ, ਜਿੱਥੇ ਉਸ ਦੀ ਪਤਨੀ ਅਤੇ 18 ਸਾਲ ਦਾ ਪੁੱਤਰ ਮੌਜੂਦ ਸਨ। ਮਸ਼ਕੂਕ ਨੇ ਉਸ ਦਾ ਪਿੱਛਾ ਕੀਤਾ ਤੇ ਪਰਿਵਾਰਕ ਮੈਂਬਰਾਂ ਵੱਲੋਂ ਰੋਕੇ ਜਾਣ ਦੇ ਬਾਵਜੂਦ ਉਸ ’ਤੇ ਹਮਲਾ ਕਰ ਦਿੱਤਾ।
ਕੋਬੋਸ-ਮਾਰਟਿਨ, ਜਿਸ ਦਾ ਹਿਊਸਟਨ ਵਿੱਚ ਪਹਿਲਾਂ ਅਪਰਾਧਿਕ ਪਿਛੋਕੜ ਰਿਹਾ ਹੈ, ਜਿਸ ਵਿੱਚ ਆਟੋ ਚੋਰੀ ਅਤੇ ਹਮਲੇ ਲਈ ਗ੍ਰਿਫਤਾਰੀਆਂ ਸ਼ਾਮਲ ਹਨ। ਪੁਲੀਸ ਵੱਲੋਂ ਹਾਲ ਦੀ ਘੜੀ ਉਸ ਨੂੰ ਬਿਨਾਂ ਜ਼ਮਾਨਤ ਦੇ ਹਿਰਾਸਤ ਵਿੱਚ ਰੱਖਿਆ ਗਿਆ ਹੈ। ਜੇਕਰ ਦੋਸ਼ੀ ਠਹਿਰਾਇਆ ਜਾਂਦਾ ਹੈ, ਤਾਂ ਉਸ ਨੂੰ ਪੈਰੋਲ ਤੋਂ ਬਿਨਾਂ ਉਮਰ ਕੈਦ ਜਾਂ ਮੌਤ ਦੀ ਸਜ਼ਾ ਹੋ ਸਕਦੀ ਹੈ। ਅੰਤਿਮ ਸੰਸਕਾਰ ਦੇ ਖਰਚਿਆਂ, ਪੀੜਤ ਪਰਿਵਾਰ ਦੇ ਰਹਿਣ-ਸਹਿਣ ਦੇ ਖਰਚਿਆਂ ਅਤੇ ਉਨ੍ਹਾਂ ਦੇ ਪੁੱਤਰ ਦੀ ਕਾਲਜ ਦੀ ਪੜ੍ਹਾਈ ਨੂੰ ਪੂਰਾ ਕਰਨ ਲਈ ਇੱਕ ਫੰਡਰੇਜ਼ਰ ਸਥਾਪਤ ਕੀਤਾ ਗਿਆ ਹੈ। ਨਾਗਮੱਲਈਆ ਦਾ ਅੰਤਿਮ ਸੰਸਕਾਰ ਸ਼ਨਿੱਚਰਵਾਰ ਨੂੰ ਕੀਤਾ ਜਾਵੇਗਾ। -ਪੀਟੀਆਈ