ਅਮਰੀਕੀ ਸਿਆਸਤ ’ਚ ਛਾਏ ਭਾਰਤੀ ਮੂਲ ਦੇ ਆਗੂ; ਜ਼ੋਹਰਾਨ ਮਮਦਾਨੀ, ਆਫ਼ਤਾਬ ਪੁਰੇਵਾਲ ਤੇ ਗਜ਼ਾਲਾ ਹਾਸ਼ਮੀ ਨੇ ਰਚਿਆ ਇਤਿਹਾਸ
Indians in US Politics: ਅਮਰੀਕਾ ਵਿਚ 2025 ਦੀਆਂ ਚੋਣਾਂ ਭਾਰਤੀ-ਅਮਰੀਕੀ ਅਤੇ ਦੱਖਣੀ ਏਸ਼ਿਆਈ-ਅਮਰੀਕੀ ਭਾਈਚਾਰੇ ਲਈ ਇਤਿਹਾਸਕ ਸਾਬਤ ਹੋਈਆਂ ਹਨ। ਤਿੰਨ ਪ੍ਰਮੁੱਖ ਭਾਰਤੀ-ਅਮਰੀਕੀ ਆਗੂਆਂ ਜ਼ੋਹਰਾਨ ਮਮਦਾਨੀ, ਆਫਤਾਬ ਪੁਰੇਵਾਲ ਅਤੇ ਗਜ਼ਾਲਾ ਹਾਸ਼ਮੀ ਨੇ ਵੱਡੀਆਂ ਜਿੱਤਾਂ ਪ੍ਰਾਪਤ ਕੀਤੀਆਂ, ਜਿਸ ਨਾਲ ਅਮਰੀਕੀ ਰਾਜਨੀਤੀ ਵਿੱਚ ਵਿਭਿੰਨਤਾ ਅਤੇ ਪ੍ਰਤੀਨਿਧਤਾ ਦਾ ਇੱਕ ਨਵਾਂ ਅਧਿਆਇ ਸ਼ੁਰੂ ਹੋਇਆ।ਡੈਮੋਕਰੈਟਿਕ ਆਗੂ ਜ਼ੋਹਰਾਨ ਮਮਦਾਨੀ ਨੇ ਨਿਊਯਾਰਕ ਸਿਟੀ ਮੇਅਰ ਦੀ ਚੋਣ ਜਿੱਤ ਕੇ ਇਤਿਹਾਸ ਰਚਿਆ ਹੈ। ਉਹ ਅਮਰੀਕਾ ਦੇ ਸਭ ਤੋਂ ਵੱਡੇ ਸ਼ਹਿਰ ਦੇ ਪਹਿਲੇ ਦੱਖਣੀ ਏਸ਼ਿਆਈ ਅਤੇ ਮੁਸਲਿਮ ਮੇਅਰ ਬਣੇ।ਯੂਗਾਂਡਾ ਵਿੱਚ ਜਨਮੇ, ਮਮਦਾਨੀ ਮਸ਼ਹੂਰ ਫਿਲਮ ਨਿਰਮਾਤਾ ਮੀਰਾ ਨਾਇਰ ਅਤੇ ਵਿਦਵਾਨ ਮਹਿਮੂਦ ਮਮਦਾਨੀ ਦੇ ਪੁੱਤਰ ਹਨ। ਉਨ੍ਹਾਂ ਨੇ ਸਾਬਕਾ ਗਵਰਨਰ ਐਂਡਰਿਊ ਕਿਊਮੋ (ਆਜ਼ਾਦ ਉਮੀਦਵਾਰ) ਅਤੇ ਰਿਪਬਲਿਕਨ ਕਰਟਿਸ ਸਲੀਵਾ ਨੂੰ ਹਰਾਇਆ, ਜਿਨ੍ਹਾਂ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਸਮਰਥਨ ਕੀਤਾ। ਮਮਦਾਨੀ ਨੂੰ 50.6% (9,48,202) ਵੋਟਾਂ ਮਿਲੀਆਂ। ਉਨ੍ਹਾਂ ਦੀ ਮੁਹਿੰਮ ਰਹਿਣ-ਸਹਿਣ ਦੀ ਲਾਗਤ ਘਟਾਉਣ ਅਤੇ ਮਜ਼ਦੂਰ ਵਰਗ ਨੂੰ ਸਸ਼ਕਤ ਬਣਾਉਣ ’ਤੇ ਕੇਂਦਰਿਤ ਸੀ।ਆਫਤਾਬ ਪੁਰੇਵਾਲ ਮੁੜ ਬਣੇ ਸਿਨਸਿਨਾਟੀ ਦੇ ਮੇਅਰ
ਭਾਰਤੀ ਮੂਲ ਦੇ ਡੈਮੋਕਰੈਟ ਆਫਤਾਬ ਪੁਰੇਵਾਲ ਨੇ ਰਿਪਬਲਿਕਨ ਕੋਰੀ ਬੋਮੈਨ ਨੂੰ ਹਰਾ ਕੇ ਸਿਨਸਿਨਾਟੀ ਦੇ ਮੇਅਰ ਵਜੋਂ ਦੂਜੀ ਵਾਰ ਜਿੱਤ ਪ੍ਰਾਪਤ ਕੀਤੀ ਹੈ। 2021 ਵਿੱਚ ਪਹਿਲੀ ਵਾਰ ਚੁਣੇ ਗਏ, ਪੁਰੇਵਾਲ ਨੇ ਸ਼ਹਿਰ ਵਿੱਚ ਆਰਥਿਕ ਮੌਕਿਆਂ ਅਤੇ ਜਨਤਕ ਸੇਵਾਵਾਂ ਦੇ ਵਿਸਥਾਰ ’ਤੇ ਧਿਆਨ ਕੇਂਦਰਿਤ ਕੀਤਾ। ਉਨ੍ਹਾਂ ਦੀ ਦੁਬਾਰਾ ਚੋਣ ਉਨ੍ਹਾਂ ਦੀ ਪ੍ਰਸਿੱਧੀ ਅਤੇ ਉਨ੍ਹਾਂ ਦੀ ਲੀਡਰਸ਼ਿਪ ਵਿੱਚ ਜਨਤਾ ਦੇ ਵਿਸ਼ਵਾਸ ਦੀ ਪੁਸ਼ਟੀ ਕਰਦੀ ਹੈ।
ਗਜ਼ਾਲਾ ਹਾਸ਼ਮੀ ਵਰਜੀਨੀਆ ਦੀ ਪਹਿਲੀ ਮੁਸਲਿਮ ਲੈਫਟੀਨੈਂਟ ਗਵਰਨਰ ਬਣੀ
ਭਾਰਤੀ ਮੂਲ ਦੀ ਗਜ਼ਾਲਾ ਹਾਸ਼ਮੀ ਨੇ ਵਰਜੀਨੀਆ ਦੀ ਲੈਫਟੀਨੈਂਟ ਗਵਰਨਰ ਬਣ ਕੇ ਇਤਿਹਾਸ ਰਚ ਦਿੱਤਾ ਹੈ। ਉਹ ਰਾਜ ਦੀ ਪਹਿਲੀ ਮੁਸਲਿਮ ਅਤੇ ਦੱਖਣੀ ਏਸ਼ਿਆਈ ਅਮਰੀਕੀ ਉਪ ਰਾਜਪਾਲ ਬਣੀ ਹੈ। ਡੈਮੋਕਰੈਟਿਕ ਪਾਰਟੀ ਦੀ ਮੈਂਬਰ ਹਾਸ਼ਮੀ ਨੂੰ 54.2 ਫੀਸਦ ਵੋਟਾਂ ਮਿਲੀਆਂ। ਉਸ ਨੇ ਸਿੱਖਿਆ, ਸਿਹਤ, ਵਾਤਾਵਰਣ ਅਤੇ ਸਮਾਜਿਕ ਨਿਆਂ ਵਰਗੇ ਮੁੱਦਿਆਂ ’ਤੇ ਕੰਮ ਕੀਤਾ ਹੈ।
ਭਾਰਤੀ-ਅਮਰੀਕੀ ਭਾਈਚਾਰੇ ਲਈ ਮਾਣ ਵਾਲਾ ਪਲ
ਇੰਡੀਅਨ ਅਮਰੀਕਨ ਇਮਪੈਕਟ ਫੰਡ ਦੇ ਡਾਇਰੈਕਟਰ ਚਿੰਤਨ ਪਟੇਲ ਨੇ ਇਨ੍ਹਾਂ ਜਿੱਤਾਂ ਨੂੰ ‘ਭਾਈਚਾਰੇ, ਰਾਸ਼ਟਰ ਅਤੇ ਲੋਕਤੰਤਰ ਲਈ ਇਤਿਹਾਸਕ ਪਲ’ ਕਿਹਾ। ਇਹ ਜਿੱਤਾਂ ਇਹ ਸਪੱਸ਼ਟ ਕਰਦੀਆਂ ਹਨ ਕਿ ਭਾਰਤੀ ਮੂਲ ਦੇ ਨੇਤਾਵਾਂ ਨੇ ਹੁਣ ਅਮਰੀਕੀ ਰਾਜਨੀਤੀ ਦੀ ਮੁੱਖ ਧਾਰਾ ਵਿੱਚ ਆਪਣੇ ਆਪ ਨੂੰ ਮਜ਼ਬੂਤੀ ਨਾਲ ਸਥਾਪਿਤ ਕਰ ਲਿਆ ਹੈ।
