ਭਾਰਤੀ ਮੂਲ ਦੇ ਇਮੀਗ੍ਰੇਸ਼ਨ ਅਧਿਕਾਰੀ ਨੂੰ 22 ਮਹੀਨਿਆਂ ਦੀ ਕੈਦ
ਸਿੰਗਾਪੁਰ ਵਿੱਚ ਭਾਰਤੀ ਮੂਲ ਦੇ ਇਮੀਗ੍ਰੇਸ਼ਨ ਅਧਿਕਾਰੀ ਨੂੰ ਥੋੜ੍ਹੇ ਸਮੇਂ ਦੇ (ਸ਼ਾਰਟ ਟਰਮ) ਵੀਜ਼ੇ ਦੇਣ ਬਦਲੇ ਜਿਨਸੀ ਸਬੰਧ ਬਣਾਉਣ ਦੇ ਦੋਸ਼ ਵਿੱਚ 22 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇੱਕ ਮੀਡੀਆ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਮੀਗ੍ਰੇਸ਼ਨ ਅਤੇ ਚੈੱਕ ਪੁਆਇੰਟ ਅਥਾਰਿਟੀ (ਆਈ.ਸੀ.ਏ.) ਦੇ ਇੰਸਪੈਕਟਰ ਕੰਨਨ ਮੌਰਿਸ ਰਾਜਗੋਪਾਲ ਜੈਰਾਮ ਨੇ ਥੋੜ੍ਹੇ ਸਮੇਂ ਲਈ ਵਿਜ਼ਿਟ ਪਾਸ ਅਰਜ਼ੀਆਂ ਵਿੱਚ ਮਦਦ ਕਰਨ ਬਦਲੇ ਜਿਨਸੀ ਸਬੰਧ ਬਣਾਏ। ਚੈਨਲ ਨਿਊਜ਼ ਏਸ਼ੀਆ ਦੀ ਰਿਪੋਰਟ ਅਨੁਸਾਰ 55 ਸਾਲਾ ਕੰਨਨ ਨੂੰ ਅਜਿਹੇ ਹੀ ਤਿੰਨ ਮਾਮਲਿਆਂ ਵਿਚ ਸਜ਼ਾ ਸੁਣਾਈ ਗਈ ਹੈ। ਚੈਨਲ ਦੀ ਰਿਪੋਰਟ ਅਨੁਸਾਰ ਅਦਾਲਤ ਵਿਚ ਦਿੱਤੇ ਗਏ ਦਸਤਾਵੇਜ਼ਾਂ ਵਿੱਚ ਸਾਲ 2022 ਅਤੇ 2023 ਵਿੱਚ ਇਸ ਸਬੰਧ ਵਿਚ ਉਸ ਦੀਆਂ ਮੁਲਾਕਾਤਾਂ ਦਾ ਵੇਰਵਾ ਦਿੱਤਾ ਗਿਆ ਹੈ ਜਿਸ ਵਿੱਚ 25 ਤੋਂ 30 ਸਾਲ ਦੀ ਉਮਰ ਦੀਆਂ ਭਾਰਤੀ ਲੜਕੀਆਂ ਦਾ ਸੋਸ਼ਣ ਕੀਤਾ ਗਿਆ ਜੋ ਪੜ੍ਹਾਈ ਲਈ ਸਿੰਗਾਪੁਰ ਆਈਆਂ ਸਨ। ਅਜਿਹੇ ਵਿਜ਼ਿਟ ਪਾਸ ਦੇਣ ਲਈ ਕੰਨਨ ਅਧੀਨ ਕੰਮ ਕਰਦੇ ਅਮਲੇ ਨੂੰ ਜੇ ਮੁਸ਼ਕਲਾਂ ਆਉਂਦੀਆਂ ਸਨ ਤਾਂ ਉਹ ਕੰਨਨ ਨਾਲ ਸਲਾਹ-ਮਸ਼ਵਰਾ ਕਰਦੇ ਸਨ ਅਤੇ ਕੰਨਨ ਕੋਲ ਕਿਸੇ ਵੀ ਅਰਜ਼ੀ ਨੂੰ ਮਨਜ਼ੂਰ ਕਰਨ ਜਾਂ ਰੱਦ ਕਰਨ ਦਾ ਅਧਿਕਾਰ ਸੀ। ਚੈਨਲ ਨੇ ਸਰਕਾਰੀ ਵਕੀਲਾਂ ਦੇ ਹਵਾਲੇ ਨਾਲ ਕਿਹਾ ਕਿ ਉਨ੍ਹਾਂ ਦੀਆਂ ਸਰਹੱਦਾਂ ਦੀ ਰਖਵਾਲੀ ਕਰਨ ਵਾਲੇ ਨੇ ਨਿਰਪੱਖ ਤੇ ਜਨਤਕ ਪ੍ਰਤੀਨਿਧੀ ਵਜੋਂ ਕੰਮ ਕਰਨ ਦੀ ਬਜਾਏ ਵਿਦੇਸ਼ ਤੋਂ ਆਉਣ ਵਾਲਿਆਂ ਦਾ ਸ਼ੋਸ਼ਣ ਕੀਤਾ। ਕੰਨਨ ਦੀ ਜੇਲ੍ਹ ਦੀ ਸਜ਼ਾ 18 ਸਤੰਬਰ ਤੋਂ ਸ਼ੁਰੂ ਹੋਵੇਗੀ।