ਭਾਰਤੀ ਮੂਲ ਦੇ ਇਤਿਹਾਸਕਾਰ ਨੇ ਅਕੈਡਮੀ ਇਨਾਮ ਜਿੱਤਿਆ
ਦੁਨੀਅਾ ਭਰ ਦੀਆਂ ਸਰਬੋਤਮ ਵਾਰਤਕ ਪੁਸਤਕਾਂ ਨੂੰ ਦਿੱਤਾ ਜਾਂਦਾ ਹੈ ਇਨਾਮ
ਭਾਰਤੀ ਮੂਲ ਦੇ ਇਤਿਹਾਸਕਾਰ ਸੁਨੀਲ ਅੰਮ੍ਰਿਤ ਦੀ ਪੁਸਤਕ ‘ਦਿ ਬਰਨਿੰਗ ਅਰਥ: ਐਨ ਐਨਵਾਇਰਨਮੈਂਟਲ ਹਿਸਟਰੀ ਆਫ਼ ਦਿ ਲਾਸਟ 500 ਈਅਰਜ਼’ ਨੂੰ ਇਸ ਸਾਲ ਦੇ ‘ਬ੍ਰਿਟਿਸ਼ ਅਕੈਡਮੀ ਬੁਕ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਵੱਕਾਰੀ ਪੁਰਸਕਾਰ ਲਈ 25,000 ਪੌਂਡ ਦਿੱਤੇ ਜਾਂਦੇ ਹਨ। ਇਹ ਪੁਰਸਕਾਰ ਦੁਨੀਆ ਭਰ ਦੀਆਂ ਸਰਬੋਤਮ ਵਾਰਤਕ ਪੁਸਤਕਾਂ ਨੂੰ ਦਿੱਤਾ ਜਾਂਦਾ ਹੈ। ਮੌਜੂਦਾ ਸਮੇਂ ਵਿੱਚ ਅਮਰੀਕਾ ਦੀ ਯੇਲ ਯੂਨੀਵਰਸਿਟੀ ਵਿੱਚ ਇਤਿਹਾਸ ਦੇ ਪ੍ਰੋਫੈਸਰ ਸੁਨੀਲ ਅੰਮ੍ਰਿਤ ਦਾ ਜਨਮ ਕੀਨੀਆ ਵਿੱਚ ਹੋਇਆ ਸੀ। ਉਨ੍ਹਾਂ ਦੇ ਮਾਪੇ ਦੱਖਣ ਭਾਰਤੀ ਹਨ। ਉਹ ਸਿੰਗਾਪੁਰ ਵਿੱਚ ਵੱਡੇ ਹੋਏ ਅਤੇ ਇੰਗਲੈਂਡ ਦੀ ਕੈਂਬਰਿਜ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਹੈ।
ਅੰਮ੍ਰਿਤ (46) ਦੀ ਇਸ ਨਵੀਨਤਮ ਪੁਸਤਕ ਨੂੰ ਬੁੱਧਵਾਰ ਸ਼ਾਮ ਨੂੰ ਲੰਡਨ ਵਿੱਚ ਬ੍ਰਿਟਿਸ਼ ਅਕੈਡਮੀ ਵਿੱਚ ਕਰਵਾਏ ਸਮਾਰੋਹ ’ਚ ਪੁਰਸਕਾਰ ਦਿੱਤਾ ਗਿਆ। ਜੱਜਾਂ ਨੇ ਇਸ ਪੁਸਤਕ ਨੂੰ ਜਲਵਾਯੂ ਸੰਕਟ ਦੇ ਪ੍ਰਸੰਗ ਵਿੱਚ ਅਹਿਮ ਦੱਸਿਆ ਹੈ। ਅੰਮ੍ਰਿਤ ਨੇ ਅਮਰੀਕਾ ਤੋਂ ਵੀਡੀਓ ਲਿੰਕ ਰਾਹੀਂ ਕਿਹਾ, ‘‘ਮੈਨੂੰ ਕਈ ਵਾਰ ਪੁੱਛਿਆ ਗਿਆ ਹੈ ਕਿ ਕੀ ‘ਦਿ ਬਰਨਿੰਗ ਅਰਥ’ ਨਿਰਾਸ਼ ਕਰਨ ਵਾਲੀ ਕਿਤਾਬ ਹੈ। ਇਸ ਕਿਤਾਬ ਵਿੱਚ ਬਿਨਾ ਸ਼ੱਕ ਮਨੁੱਖ ਤੇ ਵਾਤਾਵਰਨ ਦੇ ਦਰਦ ਦਾ ਵੇਰਵਾ ਹੈ, ਪਰ ਇਹ ਕਿਤਾਬ ਇਹ ਵੀ ਦਿਖਾਉਂਦੀ ਹੈ ਕਿ ਇਨ੍ਹਾਂ ਦੋਹਾਂ ਦਾ ਸਬੰਧ ਡੂੰਘਾਈ ਨਾਲ ਜੁੜ ਰਿਹਾ ਹੈ। ਕਿਤਾਬ ਇਹ ਸੁਨੇਹਾ ਦਿੰਦੀ ਹੈ ਕਿ ਇਤਿਹਾਸ ਵਿੱਚ ਕਈ ਅਜਿਹੇ ਰਸਤੇ ਸਨ ਜਿਨ੍ਹਾਂ ਨੂੰ ਅਸੀਂ ਨਹੀਂ ਅਪਣਾਇਆ - ਉਹ ਵਿਚਾਰ, ਅੰਦੋਲਨ ਤੇ ਤਕਨੀਕਾਂ ਜੋ ਵਧੇਰੇ ਟਿਕਾਊ ਅਤੇ ਮਨੁੱਖੀ ਸਨ। ਸ਼ਾਇਦ ਉਨ੍ਹਾਂ ਭੁੱਲੇ-ਵਿਸਰੇ ਰਸਤਿਆਂ ’ਚ ਹੀ ਸਾਡੇ ਭਵਿੱਖ ਲਈ ਪ੍ਰੇਰਨਾ ਛੁਪੀ ਹੈ।’’

