ਸ਼ਿਕਾਗੋ-ਜਰਮਨੀ ਉਡਾਣ ਵਿੱਚ ਭਾਰਤੀ ਨਾਗਰਿਕ ਵੱਲੋਂ ਦੋ ਨੌਜਵਾਨਾਂ ’ਤੇ ਚਾਕੂ ਨਾਲ ਹਮਲਾ
Indian national ‘stabs’ 2 teens on Chicago-Germany flight ਸ਼ਿਕਾਗੋ-ਜਰਮਨੀ ਉਡਾਣ ਵਿਚ ਇੱਕ 28 ਸਾਲਾ ਭਾਰਤੀ ਨਾਗਰਿਕ ਨੇ ਕਥਿਤ ਤੌਰ ’ਤੇ ਦੋ ਅੱਲ੍ਹੜ ਉਮਰ ਦੇ ਨੌਜਵਾਨਾਂ ’ਤੇ ਚਾਕੂ ਨਾਲ ਹਮਲਾ ਕੀਤਾ ਤੇ ਨਾਲ ਦੇ ਯਾਤਰੀ ਨੂੰ ਥੱਪੜ ਮਾਰਿਆ। ਇਹ ਘਟਨਾ ਸ਼ਨਿਚਰਵਾਰ ਨੂੰ ਲੁਫਥਾਂਸਾ ਦੀ ਇੱਕ ਉਡਾਣ ਵਿੱਚ ਵਾਪਰੀ ਜਿਸ ਕਾਰਨ ਇਸ ਉਡਾਣ ਨੂੰ ਬੋਸਟਨ ਲੋਗਨ ਅੰਤਰਰਾਸ਼ਟਰੀ ਹਵਾਈ ਅੱਡੇ ਵੱਲ ਮੋੜਨਾ ਪਿਆ। ਮੈਸੇਚਿਉਸੇਟਸ ਜ਼ਿਲ੍ਹੇ ਦੇ ਅਮਰੀਕੀ ਅਟਾਰਨੀ ਦਫ਼ਤਰ ਨੇ ਅੱਜ ਦੱਸਿਆ ਕਿ ਹਮਲਾਵਰ ਦੀ ਪਛਾਣ ਪ੍ਰਨੀਤ ਉਸੀਰੀਪੱਲੀ ਵਜੋਂ ਹੋਈ ਹੈ ਜਿਸ ਨੇ ਇੱਕ 17 ਸਾਲਾ ਯਾਤਰੀ ਦੇ ਮੋਢੇ ਵਿੱਚ ਖਾਣ ਵਾਲੇ ਕਾਂਟੇ ਨਾਲ ਹਮਲਾ ਕੀਤਾ ਤੇ ਇੱਕ ਹੋਰ 17 ਸਾਲਾ ਯਾਤਰੀ ਦੇ ਸਿਰ ਦੇ ਪਿਛਲੇ ਹਿੱਸੇ ਵਿੱਚ ਚਾਕੂ ਮਾਰਿਆ। ਉਸ ਨੂੰ 25 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਬੋਸਟਨ ਦੀ ਸੰਘੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਜੇਕਰ ਉਸ ਨੂੰ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ 10 ਸਾਲ ਤੱਕ ਦੀ ਕੈਦ, ਤਿੰਨ ਸਾਲ ਤੱਕ ਨਿਗਰਾਨੀ ਅਧੀਨ ਰਿਹਾਈ ਅਤੇ 250,000 ਅਮਰੀਕੀ ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਇਹ ਹਮਲਾ ਭੋਜਨ ਪਰੋਸਣ ਤੋਂ ਬਾਅਦ ਕੀਤਾ ਗਿਆ। ਫਿਰ ਉਸ ਨੇ ਇੱਕ ਮਹਿਲਾ ਯਾਤਰੀ ਨੂੰ ਥੱਪੜ ਮਾਰਿਆ ਅਤੇ ਇੱਕ ਫਲਾਈਟ ਚਾਲਕ ਦਲ ਦੇ ਮੈਂਬਰ ਨੂੰ ਥੱਪੜ ਮਾਰਨ ਦੀ ਕੋਸ਼ਿਸ਼ ਵੀ ਕੀਤੀ।
ਉਸਰੀਪੱਲੀ ਪਹਿਲਾਂ ਵਿਦਿਆਰਥੀ ਵੀਜ਼ੇ ’ਤੇ ਅਮਰੀਕਾ ਆਇਆ ਸੀ ਅਤੇ ਉਸ ਨੇ ਬਾਈਬਲ ਅਧਿਐਨ ਵਿੱਚ ਮਾਸਟਰ ਪ੍ਰੋਗਰਾਮ ਵਿੱਚ ਦਾਖਲਾ ਲਿਆ ਸੀ।
