ਭਾਰਤੀ ਨਾਗਰਿਕਾਂ ਨੂੰ ਤਹਿਰਾਨ ਛੱਡਣ ਤੇ ਸੁਰੱਖਿਅਤ ਟਿਕਾਣਿਆਂ ’ਤੇ ਜਾਣ ਦੀ ਸਲਾਹ
ਤਹਿਰਾਨ/ਨਵੀਂ ਦਿੱਲੀ, 17 ਜੂਨ
ਇਰਾਨ ਤੇ ਇਜ਼ਰਾਈਲ ਵਿਚ ਵਧਦੇ ਟਕਰਾਅ ਦਰਮਿਆਨ ਤਹਿਰਾਨ ਵਿਚ ਮੌਜੂਦ ਸਾਰੇ ਭਾਰਤੀਆਂ ਨੂੰ ਸ਼ਹਿਰ ਤੋਂ ਬਾਹਰ ਸੁਰੱਖਿਅਤ ਟਿਕਾਣਿਆਂ ’ਤੇ ਜਾਣ ਤੇ ਭਾਰਤੀ ਦੂਤਾਵਾਸ ਦੇ ਰਾਬਤੇ ਵਿਚ ਰਹਿਣ ਦੀ ਸਲਾਹ ਦਿੱਤੀ ਗਈ ਹੈ। ਉਧਰ ਭਾਰਤੀ ਵਿਦੇਸ਼ ਮੰਤਰਾਲੇ ਨੇ ਇਰਾਨ ਅਤੇ ਇਜ਼ਰਾਈਲ ਵਿੱਚ ਚੱਲ ਰਹੀ ਜੰਗ ਦੇ ਮੱਦੇਨਜ਼ਰ ਮੰਤਰਾਲੇ ਵਿੱਚ 24x7 ਕੰਟਰੋਲ ਰੂਮ ਤੇ ਐਮਰਜੈਂਸੀ ਹੈਲਪਲਾਈਨ ਸਥਾਪਤ ਕੀਤੀ ਹੈ।
⚠️
All Indian Nationals who are in Tehran and not in touch with the Embassy are requested to contact the Embassy of India in Tehran immediately and provide their Location and Contact numbers.
Kindly contact: +989010144557; +989128109115; +989128109109@MEAIndia
— India in Iran (@India_in_Iran) June 17, 2025
ਤਹਿਰਾਨ ਵਿਚ ਭਾਰਤੀ ਅੰਬੈਸੀ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਸਾਰੇ ਭਾਰਤੀ ਨਾਗਰਿਕ, ਜੋ ਤਹਿਰਾਨ ਵਿੱਚ ਹਨ ਅਤੇ ਦੂਤਾਵਾਸ ਦੇ ਸੰਪਰਕ ਵਿੱਚ ਨਹੀਂ ਹਨ, ਉਨ੍ਹਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਤੁਰੰਤ ਤਹਿਰਾਨ ਵਿੱਚ ਭਾਰਤੀ ਦੂਤਾਵਾਸ ਨਾਲ ਰਾਬਤਾ ਕਰਕੇ ਆਪਣੇ ਟਿਕਾਣੇ ਅਤੇ ਸੰਪਰਕ ਨੰਬਰ ਬਾਰੇ ਜਾਣਕਾਰੀ ਦੇਣ। ਕਿਰਪਾ ਕਰਕੇ ਇਨ੍ਹਾਂ ਨੰਬਰਾਂ +989010144557; +989128109115; +989128109109 ਨਾਲ ਸੰਪਰਕ ਕਰੋ।’’
ਭਾਰਤੀ ਮਿਸ਼ਨ ਨੇ ਸਾਰੇ ਭਾਰਤੀ ਨਾਗਰਿਕਾਂ ਅਤੇ ਭਾਰਤੀ ਮੂਲ ਦੇ ਵਿਅਕਤੀਆਂ, ਜੋ ਆਪਣੇ ਸਰੋਤਾਂ ਦੀ ਵਰਤੋਂ ਕਰਕੇ ਤਹਿਰਾਨ ਤੋਂ ਬਾਹਰ ਜਾ ਸਕਦੇ ਹਨ, ਨੂੰ ਸ਼ਹਿਰ ਤੋਂ ਬਾਹਰ ਕਿਸੇ ਸੁਰੱਖਿਅਤ ਟਿਕਾਣੇ ’ਤੇ ਜਾਣ ਦੀ ਸਲਾਹ ਦਿੱਤੀ ਹੈ। ਭਾਰਤੀ ਦੂਤਾਵਾਸ ਦੀ ਇਹ ਪੋਸਟ ਉਦੋਂ ਆਈ ਹੈ ਜਦੋਂ ਇਜ਼ਰਾਈਲ ਅਤੇ ਇਰਾਨ ਵਿਚਾਲੇ ਟਕਰਾਅ ਤੇਜ਼ ਹੋ ਗਿਆ। ਦੋਵਾਂ ਮੁਲਕਾਂ ਨੇ ਪੰਜਵੇਂ ਦਿਨ ਵੀ ਇਕ ਦੂਜੇ ’ਤੇ ਹਵਾਈ ਹਮਲੇ ਜਾਰੀ ਰੱਖੇ।
ਕਾਬਿਲੇਗੌਰ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਇਜ਼ਰਾਈਲ ਤੇ ਇਰਾਨ ਵਿਚ ਵਧਦੇ ਟਕਰਾਅ ਕਰਕੇ ਕੈਨੇਡਾ ਵਿਚ ਜੀ7 ਸਿਖਰ ਸੰਮੇਲਨ ਅੱਧ ਵਿਛਾਲੇ ਛੱਡ ਕੇ ਹੀ ਪਰਤ ਗਏ ਹਨ। ਉਂਝ ਉਨ੍ਹਾਂ ਸਿਖਰ ਸੰਮੇਲਨ ਵਿਚ ਮੌਜੂਦ ਵੱਖ ਵੱਖ ਦੇਸ਼ਾਂ ਦੇ ਆਗੂਆਂ ਨੂੰ ਸੰਬੋਧਨ ਕਰਦਿਆਂ ਇਰਾਨੀ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ੳਹ ਤਹਿਰਾਨ ਛੱਡ ਜਾਣ।
ਉਧਰ ਭਾਰਤੀ ਵਿਦੇਸ਼ ਮੰਤਰਾਲੇ ਨੇ ਨਵੀਂ ਦਿੱਲੀ ਵਿਚ ਕਿਹਾ ਕਿ ਇਰਾਨ ਅਤੇ ਇਜ਼ਰਾਈਲ ਵਿੱਚ ਚੱਲ ਰਹੀ ਜੰਗ ਦੇ ਮੱਦੇਨਜ਼ਰ ਮੰਤਰਾਲੇ ਵਿੱਚ 24x7 ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ। ਬਿਆਨ ਵਿਚ ਕਿਹਾ ਗਿਆ, ‘‘ਕੰਟਰੋਲ ਰੂਮ ਦੇ ਸੰਪਰਕ ਵੇਰਵੇ ਹੇਠ ਲਿਖੇ ਅਨੁਸਾਰ ਹਨ: 1800118797 (ਟੋਲ-ਫ੍ਰੀ), +91-11-23012113, +91-11-23014104, +91-11-23017905 +91-9968291988 (ਵਟਸਐਪ) ਅਤੇ situationroom@mea.gov.in।’’
ਇਸ ਤੋਂ ਇਲਾਵਾ ਤਹਿਰਾਨ ਵਿੱਚ ਭਾਰਤ ਦੇ ਦੂਤਾਵਾਸ ਨੇ ਸੰਪਰਕ ਲਈ ਇੱਕ 24x7 ਐਮਰਜੈਂਸੀ ਹੈਲਪਲਾਈਨ ਸਥਾਪਤ ਕੀਤੀ ਹੈ। ਸਿਰਫ਼ ਕਾਲ ਲਈ: +98 9128109115, +98 9128109109; ਵਟਸਐਪ ਲਈ: +98 901044557, +98 9015993320, +91 8086871709, ਬੰਦਰ ਅੱਬਾਸ: +98 9177699036, ਜ਼ਾਹਿਦਾਨ: +98 9396356649
ਇਜ਼ਰਾਈਲ ਨੇ 13 ਜੂਨ (ਸ਼ੁੱਕਰਵਾਰ) ਨੂੰ ਸਵੇਰੇ ਇਰਾਨ ’ਤੇ ਹਮਲਾ ਕਰਕੇ ਉਸ ਦੇ ਪ੍ਰਮਾਣੂ, ਮਿਜ਼ਾਈਲ ਅਤੇ ਫੌਜੀ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ ਕੀਤਾ ਸੀ। ਮਗਰੋਂ ਇਰਾਨ ਨੇ ਵੀ ਇਜ਼ਰਾਈਲ ’ਤੇ ਜਵਾਬੀ ਹਮਲੇ ਕੀਤੇ। -ਪੀਟੀਆਈ