ਭਾਰਤੀ ਸਫ਼ੀਰ ਵੱਲੋਂ ਅਮਰੀਕੀ ਆਗੂਆਂ ਨਾਲ ਦੁਵੱਲੇ ਵਪਾਰ, ਊਰਜਾ ਤੇ ਸੁਰੱਖਿਆ ਬਾਰੇ ਚਰਚਾ
ਅਮਰੀਕਾ ਅਤੇ ਭਾਰਤ ਵਿਚਾਲੇ ਟੈਰਿਫ ਕਾਰਨ ਪੈਦਾ ਹੋਏ ਤਣਾਅ ਦੇ ਮੱਦੇਨਜ਼ਰ ਭਾਰਤੀ ਸਫ਼ੀਰ ਵਿਨੈ ਕਵਾਤੜਾ ਦੋਵੇਂ ਮੁਲਕਾਂ ਵਿਚਾਲੇ ਸਬੰਧਾਂ ਨੂੰ ਸੁਖਾਵਾਂ ਬਣਾਉਣ ਲਈ ਸਰਗਰਮ ਹੋ ਗਏ ਹਨ। ਉਨ੍ਹਾਂ ਕਈ ਅਮਰੀਕੀ ਸੰਸਦ ਮੈਂਬਰਾਂ ਨਾਲ ਮੁਲਾਕਾਤ ਕਰਕੇ ਲਾਹੇਵੰਦ ਵਪਾਰ ਸਬੰਧਾਂ ਅਤੇ ਊਰਜਾ ਸੁਰੱਖਿਆ ਬਾਰੇ ਵਿਚਾਰ ਵਟਾਂਦਰਾ ਕੀਤਾ। ਭਾਰਤੀ ਸਫ਼ੀਰ ਨੇ ਸੈਨੇਟਰ ਬਿਲ ਹੇਗਰਟੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਭਾਰਤ-ਅਮਰੀਕਾ ਭਾਈਵਾਲੀ ਲਈ ਲਗਾਤਾਰ ਹਮਾਇਤ ਦੇਣ ਵਾਸਤੇ ਧੰਨਵਾਦ ਦਿੱਤਾ। ਕਵਾਤੜਾ ਨੇ ਸੋਸ਼ਲ ਮੀਡੀਆ ’ਤੇ ਇਸ ਮੁਲਾਕਾਤ ਦੀ ਜਾਣਕਾਰੀ ਦਿੱਤੀ। ਉਨ੍ਹਾਂ ਸੈਨੇਟਰ ਹੇਗਰਟੀ ਨਾਲ ਊਰਜਾ ਸੁਰੱਖਿਆ ਅਤੇ ਹਾਈਡਰੋਕਾਰਬਨ ਦੇ ਖੇਤਰ ’ਚ ਭਾਰਤ ਤੇ ਅਮਰੀਕਾ ਵਿਚਾਲੇ ਵਧਦੇ ਵਪਾਰ ਬਾਰੇ ਆਪਣਾ ਨਜ਼ਰੀਆ ਵੀ ਸਾਂਝਾ ਕੀਤਾ। ਉਨ੍ਹਾਂ ਅਮਰੀਕੀ ਸੰਸਦ ਮੈਂਬਰ ਗ੍ਰੇਗ ਲੈਂਡਸਮੈਨ ਨਾਲ ਵੀ ਸਾਰਥਕ ਵਾਰਤਾ ਕੀਤੀ ਅਤੇ ਦੁਵੱਲੇ ਵਪਾਰ ਸਬੰਧਾਂ ਦੇ ਵਿਕਾਸ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਕਵਾਤੜਾ ਨੇ ਕੌਮੀ ਸੁਰੱਖਿਆ ਏਜੰਸੀ ਅਤੇ ਸਾਈਬਰ ਸਬ-ਕਮੇਟੀ, ਹਾਊਸ ਇੰਟੈਲੀਜੈਂਸ ਕਮੇਟੀ ਦੇ ਮੈਂਬਰ ਜੋਸ਼ ਗੋਟੈਮਰ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਨਾਲ ਤੇਲ ਅਤੇ ਗੈਸ ’ਚ ਵਪਾਰ ਬਾਰੇ ਚਰਚਾ ਕੀਤੀ ਗਈ। ਭਾਰਤੀ ਸਫ਼ੀਰ ਨੇ 9 ਅਗਸਤ ਤੋਂ ਹੁਣ ਤੱਕ 16 ਅਮਰੀਕੀ ਸੰਸਦ ਮੈਂਬਰਾਂ ਨਾਲ ਮੁਲਾਕਾਤ ਕੀਤੀ ਹੈ। ਇਹ ਮੀਟਿੰਗਾਂ ਅਜਿਹੇ ਵੇਲੇ ਹੋ ਰਹੀਆਂ ਹਨ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਭਾਰਤ ’ਤੇ 50 ਫ਼ੀਸਦ ਟੈਰਿਫ ਲਗਾਏ ਜਾਣ ਕਾਰਨ ਦੋਵੇਂ ਮੁਲਕਾਂ ਵਿਚਾਲੇ ਤਣਾਅ ਵੱਧ ਗਿਆ ਹੈ।