DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪਾਕਿ ਨਾਲ ਲੱਗਦੀ ਸਰਹੱਦ ’ਤੇ ਭਲਕ ਤੋਂ ਦੋ ਰੋਜ਼ਾ ਫੌਜੀ ਮਸ਼ਕ ਕਰੇਗੀ ਭਾਰਤੀ ਹਵਾਈ ਸੈਨਾ

ਸ਼ਹਿਰੀ ਹਵਾਬਾਜ਼ੀ ਅਥਾਰਿਟੀਜ਼ ਵੱਲੋਂ ਪ੍ਰਮੁੱਖ ਹਵਾਈ ਮਸ਼ਕ ਲਈ ‘ਨੋਟਮ’ ਜਾਰੀ, ਭਾਰਤ-ਪਾਕਿ ਸਰਹੱਦ ਦੇ ਦੱਖਣੀ ਤੇ ਪੱਛਮੀ ਹਿੱਸੇ ’ਚ ਹੋਣਗੀਆਂ ਮਸ਼ਕਾਂ
  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਨਵੀਂ ਦਿੱਲੀ, 6 ਮਈ

ਭਾਰਤੀ ਹਵਾਈ ਸੈਨਾ (IAF) ਬੁੱਧਵਾਰ ਤੋਂ ਪਾਕਿਸਤਾਨ ਨਾਲ ਲੱਗਦੀ ਸਰਹੱਦ ’ਤੇ ਦੋ ਰੋਜ਼ਾ ਮੈਗਾ ਫੌਜੀ ਮਸ਼ਕ ਕਰੇਗੀ ਜਿਸ ਵਿੱਚ ਰਾਫੇਲ, ਸੁਖੋਈ-30 ਅਤੇ ਜੈਗੁਆਰ ਜਹਾਜ਼ਾਂ ਸਮੇਤ ਮੂਹਰਲੀ ਕਤਾਰ ਦੇ ਸਾਰੇ ਲੜਾਕੂ ਜਹਾਜ਼ ਸ਼ਾਮਲ ਹੋਣਗੇ। ਇਹ ਦਾਅਵਾ ਰੱਖਿਆ ਵਿਭਾਗ ਵਿਚਲੇ ਸੂਤਰਾਂ ਨੇ ਕੀਤਾ ਹੈ।

Advertisement

ਇਹ ਮਸ਼ਕ ਪਹਿਲਗਾਮ ਦਹਿਸ਼ਤੀ ਹਮਲੇ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਬਣੇ ਤਣਾਅ ਦਰਮਿਆਨ ਹੋ ਰਹੀ ਹੈ। ਪਿਛਲੇ ਮਹੀਨੇ ਹੋਏ ਇਸ ਦਹਿਸ਼ਤੀ ਹਮਲੇ ਵਿਚ 26 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿਚੋਂ ਬਹੁਤੇ ਸੈਲਾਨੀ ਸਨ।

ਭਾਰਤ ਦੀ ਸ਼ਹਿਰੀ ਹਵਾਬਾਜ਼ੀ ਅਥਾਰਿਟੀਜ਼ ਦੇ ਅਧਿਕਾਰੀਆਂ ਨੇ ਪਹਿਲਾਂ ਹੀ ਇਸ ਵੱਡੀ ਹਵਾਈ ਮਸ਼ਕ ਲਈ ਏਅਰਮੈੱਨ ਨੂੰ ਨੋਟਿਸ (NOTAM) ਜਾਰੀ ਕਰ ਦਿੱਤਾ ਹੈ। ਇਹ ਮਸ਼ਕ ਭਾਰਤ-ਪਾਕਿਸਤਾਨ ਸਰਹੱਦ ਦੇ ਦੱਖਣੀ ਅਤੇ ਪੱਛਮੀ ਹਿੱਸੇ ਦੇ ਨਾਲ-ਨਾਲ ਹੋਵੇਗੀ।

ਸੂਤਰਾਂ ਨੇ ਦੱਸਿਆ ਕਿ ਭਾਰਤ ਦੇ ਮੂਹਰਲੀ ਕਤਾਰ ਦੇ ਲੜਾਕੂ ਜਹਾਜ਼ ਜਿਨ੍ਹਾਂ ਵਿੱਚ ਰਾਫੇਲ, Su-30 MKI, MiG-29, Mirage-2000, Tejas ਅਤੇ AWACS (ਏਅਰਬੋਰਨ ਵਾਰਨਿੰਗ ਐਂਡ ਕੰਟਰੋਲ ਸਿਸਟਮ) ਜਹਾਜ਼ ਸ਼ਾਮਲ ਹਨ, ਮਸ਼ਕ ਵਿੱਚ ਸ਼ਾਮਲ ਹੋਣ ਲਈ ਤਿਆਰ ਹਨ।

ਉਨ੍ਹਾਂ ਕਿਹਾ ਕਿ ਮਸ਼ਕ ਦੌਰਾਨ ਭਾਰਤੀ ਹਵਾਈ ਸੈਨਾ ਜ਼ਮੀਨ ਅਤੇ ਹਵਾ ਵਿੱਚ ਨਿਰਧਾਰਿਤ ਦੁਸ਼ਮਣਾਂ ਨੇ ਨਿਸ਼ਾਨਿਆਂ ਨੂੰ ਫੁੰਡੇਗੀ। ਦੋਵਾਂ ਦੇਸ਼ਾਂ ਵਿਚਾਲੇ ਵਧਦੇ ਤਣਾਅ ਦਰਮਿਆਨ ਭਾਰਤ ਅਤੇ ਪਾਕਿਸਤਾਨ ਦੇ ਸਲਾਮਤੀ ਦਸਤੇ ਹਾਈ ਅਲਰਟ ’ਤੇ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 29 ਅਪਰੈਲ ਨੂੰ ਸਿਖਰਲੇ ਰੱਖਿਆ ਅਧਿਕਾਰੀਆਂ ਨਾਲ ਉੱਚ-ਪੱਧਰੀ ਮੀਟਿੰਗ ਦੌਰਾਨ ਕਿਹਾ ਸੀ ਕਿ ਹਥਿਆਰਬੰਦ ਬਲਾਂ ਨੂੰ ਦਹਿਸ਼ਤੀ ਹਮਲੇ ਦੀ ਜਵਾਬੀ ਕਾਰਵਾਈ ਲਈ ਪੂਰੀ ਖੁੱਲ੍ਹ ਹੈ।

ਏਅਰ ਚੀਫ਼ ਮਾਰਸ਼ਲ ਏਪੀ ਸਿੰਘ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਭਾਰਤੀ ਹਵਾਈ ਸੈਨਾ ਦੀ ਸੰਚਾਲਨ ਤਿਆਰੀ ਬਾਰੇ ਜਾਣਕਾਰੀ ਦਿੱਤੀ।

ਇਸ ਤੋਂ ਪਹਿਲਾਂ ਸ਼ਨਿੱਚਰਵਾਰ ਨੂੰ ਜਲ ਸੈਨਾ ਮੁਖੀ ਐਡਮਿਰਲ ਦਿਨੇਸ਼ ਕੇ. ਤ੍ਰਿਪਾਠੀ ਨੇ ਪ੍ਰਧਾਨ ਮੰਤਰੀ ਨੂੰ ਅਰਬ ਸਾਗਰ ਵਿੱਚ ਨਾਜ਼ੁਕ ਸਮੁੰਦਰੀ ਰਾਹਾਂ ਦੀ ਸਮੁੱਚੀ ਸਥਿਤੀ ਬਾਰੇ ਜਾਣੂ ਕਰਵਾਇਆ ਸੀ। -ਪੀਟੀਆਈ

Advertisement
×