ਭਾਰਤ ਸਾਲ ਦੇ ਅਖੀਰ ਤੱਕ ਰੂਸੀ ਤੇਲ ਖਰੀਦਣਾ ਬੰਦ ਕਰ ਦੇਵੇਗਾ: ਟਰੰਪ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੁੜ ਦਾਅਵਾ ਕੀਤਾ ਹੈ ਕਿ ਭਾਰਤ ਨੇ ਰੂਸ ਤੋਂ ਹੋਰ ਤੇਲ ਨਾ ਖਰੀਦਣ ਦੀ ਸਹਿਮਤੀ ਦਿੱਤੀ ਹੈ ਅਤੇ ਸਾਲ ਦੇ ਅਖੀਰ ਤੱਕ ਇਹ ਖਰੀਦ ਲਗਭਗ ਬੰਦ ਹੋ ਜਾਵੇਗੀ, ਹਾਲਾਂਕਿ ਇਸ ਪ੍ਰਕਿਰਿਆ ਵਿੱਚ ਕੁਝ ਸਮਾਂ ਲੱਗੇਗਾ।
ਟਰੰਪ ਨੇ ਕਿਹਾ ਕਿ ਉਹ ਚੀਨ ਨੂੰ ਵੀ ਰੂਸ ਤੋਂ ਤੇਲ ਨਾ ਖਰੀਦਣ ਲਈ ਮਨਾਉਣ ਦੀ ਕੋਸ਼ਿਸ਼ ਕਰਨਗੇ। ਚੀਨ ਅਤੇ ਭਾਰਤ ਰੂਸੀ ਕੱਚੇ ਤੇਲ ਦੇ ਦੋ ਸਭ ਤੋਂ ਵੱਡੇ ਖਰੀਦਦਾਰ ਹਨ। ਟਰੰਪ ਨੇ ਬੁੱਧਵਾਰ ਨੂੰ ਵ੍ਹਾਈਟ ਹਾਊਸ ਵਿਚ ਪੱਤਰਕਾਰਾਂ ਨੂੰ ਕਿਹਾ, ‘‘ਭਾਰਤ ਨੇ ਮੈਨੂੰ ਦੱਸਿਆ ਹੈ ਕਿ ਉਹ ਰੂਸੀ ਤੇਲ ਦੀ ਖਰੀਦ ਬੰਦ ਕਰ ਰਹੇ ਹਨ। ਇਹ ਪ੍ਰਕਿਰਿਆ ਹੈ। ਤੁਸੀਂ ਕਿਸੇ ਕੰਮ ਨੂੰ ਐਵੇਂ ਹੀ ਨਹੀਂ ਰੋਕ ਸਕਦੇ। ਸਾਲ ਦੇ ਅਖੀਰ ਤੱਕ ਉਹ ਇਸ ਨੂੰ ਲਗਭਗ ਬੰਦ ਕਰ ਦੇਣਗੇ, ਯਾਨੀ ਲਗਭਗ 40 ਫ਼ੀਸਦ ਤੱਕ ਘੱਟ ਕਰ ਦੇਣਗੇ। ਭਾਰਤ ਮਹਾਨ ਹੈ। ਕੱਲ੍ਹ ਮੈਂ ਪ੍ਰਧਾਨ ਮੰਤਰੀ (ਨਰਿੰਦਰ) ਮੋਦੀ ਨਾਲ ਗੱਲ ਕੀਤੀ ਸੀ।’’ ਟਰੰਪ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਦਾਅਵਾ ਕਰ ਰਹੇ ਹਨ ਕਿ ਭਾਰਤ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਰੂਸ ਤੋਂ ਤੇਲ ਦਰਾਮਦ ਕਾਫ਼ੀ ਘਟਾ ਦੇਵੇਗਾ। ਅਮਰੀਕਾ ਦਾ ਮੰਨਣਾ ਹੈ ਕਿ ਭਾਰਤ ਰੂਸ ਤੋਂ ਕੱਚਾ ਤੇਲ ਖਰੀਦ ਕੇ ਯੂਕਰੇਨ ਖ਼ਿਲਾਫ਼ ਜੰਗ ਵਿਚ ਪੂਤਿਨ ਦੀ ਅਸਿੱਧੇ ਤੌਰ ’ਤੇ ਮਦਦ ਕਰ ਰਿਹਾ ਹੈ। ਟਰੰਪ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਅਗਾਮੀ ਮੀਟਿੰਗ ਬਾਰੇ ਕਿਹਾ ਕਿ ਉਹ ਉਨ੍ਹਾਂ ਨਾਲ ਰੂਸ-ਯੂਕਰੇਨ ਜੰਗ ਖ਼ਤਮ ਕਰਨ ਦੇ ਰਾਹ ਕੱਢਣ ਬਾਰੇ ਵਿਚਾਰ-ਵਟਾਂਦਰਾ ਕਰਨਗੇ। ਉਨ੍ਹਾਂ ਕਿਹਾ ਕਿ ਚੀਨ ਦੇ ਰੂਸ ਨਾਲ ਰਿਸ਼ਤੇ ਵੱਖਰੀ ਤਰ੍ਹਾਂ ਦੇ ਹਨ ਅਤੇ ਇਹ ਪਹਿਲਾਂ ਵਧੀਆ ਨਹੀਂ ਸਨ ਪਰ ਪਿਛਲੇ ਅਮਰੀਕੀ ਪ੍ਰਸ਼ਾਸਨਾਂ ਦੀਆਂ ਨੀਤੀਆਂ ਕਾਰਨ ਦੋਵੇਂ ਇਕੱਠੇ ਹੋ ਗਏ।
ਅਰਥਚਾਰੇ ਦੀ ਮਜ਼ਬੂਤੀ ਲਈ ਟੈਰਿਫ ਲਗਾਏ: ਟਰੰਪ
ਵਾਸ਼ਿੰਗਟਨ: ਆਪਣੀਆਂ ਵਪਾਰ ਨੀਤੀਆਂ ਦਾ ਪੱਖ ਪੂਰਦਿਆਂ ਡੋਨਲਡ ਟਰੰਪ ਨੇ ਕਿਹਾ ਕਿ ਅਮਰੀਕੀ ਅਰਥਚਾਰੇ ਦੀ ਮਜ਼ਬੂਤੀ ਲਈ ਟੈਰਿਫ ਲਗਾਏ ਹਨ। ਕਈ ਦਹਾਕਿਆਂ ਤੋਂ ਅਮਰੀਕਾ ਖ਼ਿਲਾਫ਼ ਟੈਰਿਫ ਲਾਏ ਜਾ ਰਹੇ ਸਨ ਜਿਸ ਕਾਰਨ ਮੁਲਕ 37 ਟ੍ਰਿਲਿਅਨ ਡਾਲਰ ਦਾ ਕਰਜ਼ਦਾਰ ਹੋ ਗਿਆ ਸੀ ਪਰ ਹੁਣ ਹੋਰ ਮੁਲਕਾਂ ’ਤੇ ਟੈਰਿਫ ਲਗਾਉਣ ਨਾਲ ਮੁਲਕ ਅਮੀਰ ਬਣ ਗਿਆ ਹੈ। ਜੇ ਅਸੀਂ ਟੈਰਿਫ ਨਹੀਂ ਲਗਾਵਾਂਗੇ ਤਾਂ ਅਮਰੀਕਾ ਤੀਜੀ ਦੁਨੀਆ ਦਾ ਦੇਸ਼ ਬਣ ਜਾਵੇਗਾ। ਉਨ੍ਹਾਂ ਮੁੜ ਦਾਅਵਾ ਕੀਤਾ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਹਾਲੀਆ ਜੰਗ ਸਮੇਤ ਪੰਜ-ਛੇ ਜੰਗਾਂ ਉਨ੍ਹਾਂ ਟੈਰਿਫ ਦਾ ਡਰ ਦਿਖਾ ਕੇ ਬੰਦ ਕਰਵਾਈਆਂ। -ਪੀਟੀਆਈ
