ਰੂਸ ਤੋਂ ਤੇਲ ਨਹੀਂ ਖਰੀਦੇਗਾ ਭਾਰਤ, ਪ੍ਰਧਾਨ ਮੰਤਰੀ ਮੋਦੀ ਨੇ ਭਰੋਸਾ ਦਿੱਤਾ: ਟਰੰਪ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਬੁੱਧਵਾਰ (ਸਥਾਨਕ ਸਮੇਂ ਮੁਤਾਬਕ) ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਭਾਰਤ ਰੂਸ ਤੋਂ ਤੇਲ ਖਰੀਦਣਾ ਬੰਦ ਕਰ ਦੇਵੇਗਾ। ਟਰੰਪ ਨੇ ਇਸ ਭਰੋਸੇ ਨੂੰ ਮਾਸਕੋ ’ਤੇ ਆਲਮੀ ਦਬਾਅ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਵਿਚ ‘ਵੱਡੀ ਪੇਸ਼ਕਦਮੀ’ ਦੱਸਿਆ ਹੈ।
ਟਰੰਪ ਨੇ ਓਵਲ ਦਫ਼ਤਰ ਵਿਚ ਐੰੱਫਬੀਆਈ ਡਾਇਰੈਕਟਰ ਕਾਸ਼ ਪਟੇਲ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਇਹ ਟਿੱਪਣੀ ਕੀਤੀ। ਦੋਵਾਂ ਨੇ ਹਿੰਸਕ ਅਪਰਾਧਾਂ ਨੂੰ ਨੱਥ ਪਾਉਣ ਲਈ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ’ਤੇ ਚਾਨਣਾ ਪਾਇਆ।
ਇਹ ਵੀ ਪੜ੍ਹੋ: ਭਾਰਤ ਦੀ ਤੇਲ ਦਰਾਮਦ ਨੀਤੀ ‘ਖਪਤਕਾਰਾਂ ਦੇ ਹਿੱਤਾਂ’ ਵੱਲ ਸੇਧਤ: ਵਿਦੇਸ਼ ਮੰਤਰਾਲਾ
ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਨੇ ਨੀਤੀਗਤ ਫੈਸਲਿਆਂ ਬਾਰੇ ਟਰੰਪ ਅੱਗੇ ਗੋਡੇ ਟੇਕੇ: ਕਾਂਗਰਸ
ਇਸ ਖ਼ਬਰ ਏਜੰਸੀ ਨੇ ਜਦੋਂ ਟਰੰਪ ਨੂੰ ਪੁੱਛਿਆ ਕਿ ਕੀ ਉਹ ਭਾਰਤ ਨੂੰ ਇੱਕ ਭਰੋਸੇਮੰਦ ਸਾਥੀ ਮੰਨਦੇ ਹਨ ਤਾਂ ਉਨ੍ਹਾਂ ਕਿਹਾ, ‘‘ਹਾਂ, ਬਿਲਕੁਲ। ਉਹ (ਪ੍ਰਧਾਨ ਮੰਤਰੀ ਨਰਿੰਦਰ ਮੋਦੀ) ਮੇਰੇ ਦੋਸਤ ਹਨ। ਸਾਡੇ ਵਿੱਚ ਬਹੁਤ ਵਧੀਆ ਸਬੰਧ ਹਨ... ਮੈਂ ਨਾਖੁਸ਼ ਸੀ ਕਿ ਭਾਰਤ (ਰੂਸ ਤੋਂ) ਤੇਲ ਖਰੀਦ ਰਿਹਾ ਸੀ। ਅਤੇ ਉਸ ਨੇ ਅੱਜ ਮੈਨੂੰ ਭਰੋਸਾ ਦਿੱਤਾ ਕਿ ਉਹ ਰੂਸ ਤੋਂ ਤੇਲ ਨਹੀਂ ਖਰੀਦਣਗੇ। ਇਹ ਇੱਕ ਵੱਡਾ ਕਦਮ ਹੈ। ਹੁਣ ਸਾਨੂੰ ਚੀਨ ਤੋਂ ਵੀ ਇਹੀ ਕੰਮ ਕਰਵਾਉਣਾ ਪਵੇਗਾ।’’
ਅਮਰੀਕੀ ਸਦਰ ਨੇ ਭਾਰਤੀ ਆਗੂ ਆਪਣੇ ਨੇੜਲੇ ਸਬੰਧਾਂ ਦੀ ਸ਼ਾਹਦੀ ਭਰਦੇ ਹੋਏ ਕਿਹਾ, ‘‘ਉਹ(ਮੋਦੀ) ਮੇਰਾ ਚੰਗਾ ਦੋਸਤ ਹੈ। ਸਾਡਾ ਬਹੁਤ ਵਧੀਆ ਰਿਸ਼ਤੇ ਹਨ। ਉਸ ਨੇ ਇਹ ਗੱਲ ਦੋ ਦਿਨ ਪਹਿਲਾਂ ਹੀ ਕਹੀ ਸੀ, ਜਿਵੇਂ ਕਿ ਤੁਸੀਂ ਜਾਣਦੇ ਹੋ।’’
ਸੈਂਟਰ ਫਾਰ ਰਿਸਰਚ ਆਨ ਐਨਰਜੀ ਐਂਡ ਕਲੀਨ ਏਅਰ (CREA) ਮੁਤਾਬਕ ਭਾਰਤ, ਚੀਨ ਤੋਂ ਬਾਅਦ ਰੂਸੀ ਜੈਵਿਕ ਬਾਲਣ ਦਾ ਦੂਜਾ ਸਭ ਤੋਂ ਵੱਡਾ ਖਰੀਦਦਾਰ ਹੈ।
ਅਮਰੀਕੀ ਸਦਰ ਨੇ ਭਾਰਤੀ ਪ੍ਰਧਾਨ ਮੰਤਰੀ ਨੂੰ ‘ਇੱਕ ਮਹਾਨ ਆਦਮੀ’ ਦੱਸਦੇ ਹੋਏ ਕਿਹਾ, ‘‘ਉਹ ਟਰੰਪ ਨੂੰ ਪਿਆਰ ਕਰਦੇ ਹਨ... ਮੈਂ ਨਹੀਂ ਚਾਹੁੰਦਾ ਕਿ ਤੁਸੀਂ ਪਿਆਰ ਸ਼ਬਦ ਨੂੰ ਕਿਸੇ ਹੋਰ ਤਰੀਕੇ ਨਾਲ ਲਓ... ਮੈਂ ਉਨ੍ਹਾਂ ਦੇ ਸਿਆਸੀ ਕਰੀਅਰ ਨੂੰ ਤਬਾਹ ਨਹੀਂ ਕਰਨਾ ਚਾਹੁੰਦਾ।’’ ਮੋਦੀ ਦੀ ਅਗਵਾਈ ਦੀ ਪ੍ਰਸ਼ੰਸਾ ਕਰਦੇ ਹੋਏ, ਟਰੰਪ ਨੇ ਕਿਹਾ, ‘‘ਮੈਂ ਸਾਲਾਂ ਤੋਂ ਭਾਰਤ ਨੂੰ ਦੇਖ ਰਿਹਾ ਹਾਂ। ਇਹ ਇੱਕ ਸ਼ਾਨਦਾਰ ਦੇਸ਼ ਹੈ, ਅਤੇ ਹਰ ਸਾਲ ਤੁਹਾਡੇ ਕੋਲ ਇੱਕ ਨਵਾਂ ਆਗੂ ਹੋਵੇਗਾ। ਕੁਝ ਤਾਂ ਕੁਝ ਮਹੀਨਿਆਂ ਲਈ ਉੱਥੇ ਹੋਣਗੇ, ਅਤੇ ਇਹ ਸਾਲ ਦਰ ਸਾਲ ਹੁੰਦਾ ਰਿਹਾ। ਮੇਰਾ ਦੋਸਤ ਹੁਣ ਲੰਬੇ ਸਮੇਂ ਤੋਂ ਉੱਥੇ ਹੈ, ਅਤੇ ਉਸ ਨੇ ਮੈਨੂੰ ਭਰੋਸਾ ਦਿਵਾਇਆ ਹੈ ਕਿ ਰੂਸ ਤੋਂ ਹੁਣ ਕੋਈ ਤੇਲ ਨਹੀਂ ਖਰੀਦਿਆ ਜਾਵੇਗਾ।’’
ਭਾਰਤ, ਜੋ ਵਿਸ਼ਵ ਦਾ ਤੀਜਾ ਸਭ ਤੋਂ ਵੱਡਾ ਤੇਲ ਦਰਾਮਦਕਾਰ ਹੈ, ਰਵਾਇਤੀ ਤੌਰ ’ਤੇ ਆਪਣੀਆਂ ਤੇਲ ਲੋੜਾਂ ਲਈ ਮੱਧ ਪੂਰਬ ’ਤੇ ਨਿਰਭਰ ਕਰਦਾ ਹੈ, ਪਰ ਭਾਰਤ ਨੇ ਫਰਵਰੀ 2022 ਦੇ ਯੂਕਰੇਨ ਹਮਲੇ ਤੋਂ ਬਾਅਦ ਰੂਸ ਤੋਂ ਆਪਣੀ ਤੇਲ ਦਰਾਮਦ ਵਿੱਚ ਕਾਫ਼ੀ ਵਾਧਾ ਕੀਤਾ ਹੈ।