ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਕ ਵਾਰ ਮੁੜ ਕਿਹਾ ਹੈ ਕਿ ਭਾਰਤ, ਰੂਸ ਕੋਲੋਂ ਤੇਲ ਨਹੀਂ ਖਰੀਦੇਗਾ, ਭਾਰਤ ਨੇ ਮਾਸਕੋ ਕੋਲੋਂ ਤੇਲ ਦੀ ਖ਼ਰੀਦ ਲਗਪਗ ਬੰਦ ਕਰ ਦਿੱਤੀ ਹੈ।
ਟਰੰਪ ਨੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨਾਲ ਸ਼ੁੱਕਰਵਾਰ ਨੂੰ ਦੁਪਹਿਰ ਦੇ ਖਾਣੇ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ‘‘ਭਾਰਤ, ਰੂਸ ਕੋਲੋਂ ਤੇਲ ਨਹੀਂ ਖਰੀਦੇਗਾ। ਉਨ੍ਹਾਂ ਨੇ ਪਹਿਲਾਂ ਹੀ ਤੇਲ ਦੀ ਖਰੀਦ ਘੱਟ ਕਰ ਦਿੱਤੀ ਹੈ ਅਤੇ ਲਗਪਗ ਬੰਦ ਕਰ ਦਿੱਤੀ ਹੈ।’’ ਟਰੰਪ ਨੇ ਇਕ ਸਵਾਲ ਦੇ ਜਵਾਬ ਵਿੱਚ ਕਿਹਾ, ‘‘ਉਹ ਪਿੱਛੇ ਹਟ ਰਹੇ ਹਨ। ਉਨ੍ਹਾਂ ਨੇ ਲਗਪਗ 38 ਫੀਸਦ ਤੇਲ ਖਰੀਦਿਆ ਹੈ ਅਤੇ ਹੁਣ ਉਹ ਅਜਿਹਾ ਨਹੀਂ ਕਰਨਗੇ।’’
ਭਾਰਤ ਨੇ ਵੀਰਵਾਰ ਨੂੰ ਕਿਹਾ ਸੀ ਕਿ ਉਹ ਬਾਜ਼ਾਰ ਦੇ ਹਾਲਾਤ ਮੁਤਾਬਿਕ ਆਪਣੇ ਊਰਜਾ ਸਰੋਤਾਂ ਦਾ ਵਿਆਪਕ ਆਧਾਰ ਤਿਆਰ ਕਰ ਰਿਹਾ ਹੈ।’’ ਭਾਰਤ ਦੇ ਵੀਰਵਾਰ ਦੇ ਬਿਆਨ ਤੋਂ ਕੁਝ ਘੰਟੇ ਪਹਿਲਾਂ ਟਰੰਪ ਨੇ ਦਾਅਵਾ ਕੀਤਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਭਾਰਤ ਰੂਸੀ ਕੱਚੇ ਤੇਲ ਦੀ ਖਰੀਦ ਬੰਦ ਕਰ ਦੇਵੇਗਾ। ਅਮਰੀਕਾ ਦਾ ਕਹਿਣਾ ਹੈ ਕਿ ਭਾਰਤ, ਰੂਸ ਕੋਲੋਂ ਕੱਚਾ ਤੇਲ ਖਰੀਦ ਕੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਜੰਗ ਲਈ ਵਿੱਤੀ ਮਦਦ ਦੇ ਰਿਹਾ ਹੈ।
ਅਮਰੀਕਾ ਵੱਲੋਂ ਭਾਰਤੀ ਵਸਤਾਂ ’ਤੇ ਟੈਕਸ ਦੁੱਗਣਾ ਕਰ ਕੇ 50 ਫੀਸਦ ਕੀਤੇ ਜਾਣ ਤੋਂ ਬਾਅਦ ਨਵੀਂ ਦਿੱਲੀ ਤੇ ਅਮਰੀਕਾ ਦੇ ਸਬੰਧ ਤਣਾਅਪੂਰਨ ਬਣ ਗਏ ਹਨ। ਇਸ 50 ਫੀਸਦ ਟੈਕਸ ’ਚੋਂ 25 ਫੀਸਦ ਟੈਕਸ ਰੂਸ ਤੋਂ ਕੱਚਾ ਤੇਲ ਖਰੀਦਣ ਕਰ ਕੇ ਲਗਾਇਆ ਗਿਆ ਹੈ। ਭਾਰਤ ਨੇ ਅਮਰੀਕਾ ਦੀ ਇਸ ਕਾਰਵਾਈ ਨੂੰ ਗੈਰ-ਵਾਜਿਬ ਕਰਾਰ ਦਿੱਤਾ ਹੈ। ਇਸ ਦਰਮਿਆਨ, ਟਰੰਪ ਨੇ ਭਾਰਤ ਤੇ ਪਾਕਿਸਤਾਨ ਵਿਚਾਲੇ ਜੰਗ ਰੁਕਵਾਉਣ ਦਾ ਇਕ ਵਾਰ ਮੁੜ ਦਾਅਵਾ ਕਰਦੇ ਹੋਏ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਕਿਹਾ ਹੈ, ‘‘ਮੈਂ ਲੱਖਾਂ ਲੋਕਾਂ ਦੀ ਜਾਨ ਬਚਾਈ ਹੈ।’’
ਟਰੰਪ ਦੇ ਦਾਅਵਿਆਂ ’ਤੇ ਪ੍ਰਧਾਨ ਮੰਤਰੀ ਫਿਰ ਮੌਨ: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਜਦੋਂ ਵੀ ਅਪਰੇਸ਼ਨ ਸਿੰਧੂਰ ਰੁਕਵਾਉਣ ਜਾਂ ਇਹ ਦਾਅਵਾ ਕਰਦੇ ਹਨ ਕਿ ਭਾਰਤ, ਰੂਸ ਤੋਂ ਤੇਲ ਦੀ ਦਰਾਮਦ ਘਟਾ ਦੇਵੇਗਾ ਤਾਂ ਪ੍ਰਧਾਨ ਮੰਤਰੀ ਮੋਦੀ ਅਚਾਨਕ ‘ਮੌਨੀ ਬਾਬਾ’ ਬਣ ਜਾਂਦੇ ਹਨ। ਕਾਂਗਰਸ ਦੇ ਜਨਰਲੀ ਸਕੱਤਰ ਤੇ ਸੰਚਾਰ ਇੰਚਾਰਜ ਜੈਰਾਮ ਰਮੇਸ਼ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਮੁੜ ਤੋਂ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਚੰਗੇ ਦੋਸਤ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਭਾਰਤ, ਰੂਸ ਤੋਂ ਕੱਚੇ ਤੇਲ ਦੀ ਦਰਾਮਦ ’ਚ ਕਟੌਤੀ ਕਰ ਦੇਵੇਗਾ। ਰਮੇਸ਼ ਨੇ ‘ਐਕਸ’ ਉੱਤੇ ਪਾਈ ਪੋਸਟ ਵਿੱਚ ਕਿਹਾ, ‘‘ਪਰ ਰਾਸ਼ਟਰਪਤੀ ਟਰੰਪ ਜਦੋਂ ਕਦੇ ਅਪਰੇਸ਼ਨ ਸਿੰਧੂਰ ਨੂੰ ਰੋਕਣ ਦਾ ਦਾਅਵਾ ਕਰਦੇ ਹਨ ਤਾਂ ਇਹ ਚੰਗਾ ਦੋਸਤ ਮੌਨੀ ਬਾਬਾ ਬਣ ਜਾਂਦਾ ਹੈ। ਹੁਣ ਜਦੋਂ ਟਰੰਪ ਦਾਅਵਾ ਕਰ ਰਹੇ ਰਹੇ ਹਨ ਕਿ ਭਾਰਤ, ਰੂਸ ਤੋਂ ਤੇਲ ਦੀ ਦਰਾਮਦ ਘਟਾ ਦੇਵੇਗਾ ਤਾਂ ਮੋਦੀ ਨੇ ਮੁੜ ਤੋਂ ਮੌਨ ਧਾਰ ਲਿਆ ਹੈ।’’