ਭਾਰਤ ਬਦਲ ਦੀ ਚੋਣ ਕਰਨ ਦੀ ਆਪਣੀ ਆਜ਼ਾਦੀ ਨੂੰ ਹਮੇਸ਼ਾ ਕਾਇਮ ਰੱਖੇਗਾ: ਜੈਸ਼ੰਕਰ
United Nations General Assembly: ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਕਿਹਾ ਕਿ ਭਾਰਤ ਬਦਲ ਦਾ ਚੋਣ ਕਰਨ ਦੀ ਆਪਣੀ ਆਜ਼ਾਦੀ ਨੂੰ ਹਮੇਸ਼ਾ ਕਾਇਮ ਰੱਖੇਗਾ। ਉਨ੍ਹਾ ਕਿਹਾ ਕਿ ਭਾਰਤ ਸਮਕਾਲੀ ਵਿਸ਼ਵ ਵਿਚ ਤਿੰਨ ਪ੍ਰਮੁੱਖ ਸਿਧਾਂਤਾਂ ‘ਸਵੈ-ਨਿਰਭਰਤਾ’, ‘ਸਵੈ-ਰੱਖਿਆ’ ਤੇ ‘ਸਵੈ-ਵਿਸ਼ਵਾਸ’ ਉੱਤੇ ਅੱਗੇ ਵਧ ਰਿਹਾ ਹੈ। ਜੈਸ਼ੰਕਰ ਨੇ ਪਾਕਿਸਤਾਨ ਦੇ ਅਸਿੱਧੇ ਹਵਾਲੇ ਨਾਲ ਗੁਆਂਢੀ ਮੁਲਕ ਨੂੰ ‘ਅਤਿਵਾਦ ਦਾ ਕੇਂਦਰ’ ਦੱਸਿਆ।
ਜੈਸ਼ਕਰ ਨੇ ਸ਼ਨਿੱਚਰਵਾਰ ਨੂੰ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ 80ਵੇਂ ਉੱਚ ਪੱਧਰੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਭਾਰਤ ਦੇ ਲੋਕਾਂ ਵੱਲੋਂ ਨਮਸਕਾਰ।’’ ਉਨ੍ਹਾਂ ਆਲਮੀ ਆਗੂਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ‘ਆਪਣੇ ’ਤੇ ਟੇਕ’ ਦਾ ਮਤਲਬ ਆਪਣੀਆਂ ਸਮਰਥਾਵਾਂ ਵਧਾਉਣਾ, ਆਪਣੀ ਤਾਕਤ ਵਧਾਉਣਾ ਤੇ ਆਪਣੀ ਪ੍ਰਤਿਭਾ ਨੂੰ ਅੱਗੇ ਵਧਣ ਦੇਣਾ ਹੈ।’’ ਉਨ੍ਹਾਂ ਕਿਹਾ, ‘‘ਚਾਹੇ ਇਹ ਮੈਨੂਫੈਕਚਰਿੰਗ ਖੇਤਰ ਹੋਵੇ, ਪੁਲਾੜ ਪ੍ਰੋਗਰਾਮ, ਫਾਰਮਾਸਿਊਟੀਕਲ ਉਤਪਾਦਨ, ਜਾਂ ਡਿਜੀਟਲ ਐਪਲੀਕੇਸ਼ਨਾਂ ਵਿੱਚ ਹੋਵੇ, ਅਸੀਂ ਪਹਿਲਾਂ ਹੀ ਨਤੀਜੇ ਦੇਖ ਰਹੇ ਹਾਂ। ਭਾਰਤ ਵਿੱਚ ਨਿਰਮਾਣ ਅਤੇ ਨਵੀਨਤਾ ਦਾ ਲਾਭ ਕੁੱਲ ਆਲਮ ਨੂੰ ਵੀ ਮਿਲਦਾ ਹੈ।’’
ਜੈਸ਼ੰਕਰ ਨੇ ‘ਸਵੈ-ਰੱਖਿਆ’ ਬਾਰੇ ਵਿਸਥਾਰ ਨਾਲ ਗੱਲ ਕਰਦਿਆਂ ਕਿਹਾ ਕਿ ਭਾਰਤ ਆਪਣੇ ਲੋਕਾਂ ਦੀ ਰੱਖਿਆ ਕਰਨ ਅਤੇ ਦੇਸ਼ ਅਤੇ ਵਿਦੇਸ਼ ਵਿੱਚ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ, ‘‘ਇਸਦਾ ਅਰਥ ਹੈ ਅਤਿਵਾਦ ਲਈ ਜ਼ੀਰੋ ਸਹਿਣਸ਼ੀਲਤਾ, ਸਾਡੀਆਂ ਸਰਹੱਦਾਂ ਦੀ ਮਜ਼ਬੂਤ ਸੁਰੱਖਿਆ, ਵੱਖ-ਵੱਖ ਦੇਸ਼ਾਂ ਨਾਲ ਭਾਈਵਾਲੀ ਬਣਾਉਣਾ ਅਤੇ ਵਿਦੇਸ਼ਾਂ ਵਿੱਚ ਸਾਡੇ ਭਾਈਚਾਰਿਆਂ ਦੀ ਸਹਾਇਤਾ ਕਰਨਾ ਹੈ।’’
ਉਨ੍ਹਾਂ ਕਿਹਾ ਕਿ ‘ਸਵੈ-ਵਿਸ਼ਵਾਸ’ ਤੋਂ ਭਾਵ ਹੈ ਕਿ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਅਤੇ ਤੇਜ਼ੀ ਨਾਲ ਵੱਧ ਰਹੇ ਵੱਡੇ ਅਰਥਚਾਰੇ ਦੇ ਰੂਪ ਵਿੱਚ, ‘ਅਸੀਂ ਜਾਣਦੇ ਹਾਂ ਕਿ ਅਸੀਂ ਹੁਣ ਕਿੱਥੇ ਹਾਂ ਅਤੇ ਭਵਿੱਖ ਵਿੱਚ ਕਿੱਥੇ ਹੋਣਾ ਚਾਹੁੰਦੇ ਹਾਂ। ਭਾਰਤ ਹਮੇਸ਼ਾ ਆਪਣੇ ਫੈਸਲੇ ਲੈਣ ਦੀ ਆਜ਼ਾਦੀ ਨੂੰ ਬਣਾਈ ਰੱਖੇਗਾ ਅਤੇ ਹਮੇਸ਼ਾ ਆਲਮੀ ਦੱਖਣ ਦੀ ਆਵਾਜ਼ ਬਣੇਗਾ।’’
ਜੈਸ਼ੰਕਰ ਨੇ ਕਿਹਾ ਕਿ ਅਜਿਹੇ ਸਮੇਂ ਜਦੋਂ ਯੂਕਰੇਨ ਅਤੇ ਪੱਛਮੀ ਏਸ਼ੀਆ ਵਿੱਚ ਦੋ ਅਹਿਮ ਟਕਰਾਅ ਚੱਲ ਰਹੇ ਹਨ, ਇਹ ਸਵਾਲ ਪੁੱਛਿਆ ਜਾਣਾ ਚਾਹੀਦਾ ਹੈ ਕਿ ਕੀ ਸੰਯੁਕਤ ਰਾਸ਼ਟਰ ਉਮੀਦਾਂ ’ਤੇ ਖਰਾ ਉਤਰਿਆ ਹੈ। ਉਨ੍ਹਾਂ ਕਿਹਾ, ‘‘ਸਾਡੇ ਵਿੱਚੋਂ ਹਰੇਕ ਕੋਲ ਸ਼ਾਂਤੀ ਅਤੇ ਖੁਸ਼ਹਾਲੀ ਵਿੱਚ ਯੋਗਦਾਨ ਪਾਉਣ ਦਾ ਮੌਕਾ ਹੈ। ਟਕਰਾਅ ਦੇ ਮਾਮਲੇ ਵਿੱਚ, ਖਾਸ ਕਰਕੇ ਯੂਕਰੇਨ ਅਤੇ ਗਾਜ਼ਾ ਵਿੱਚ, ਸਿੱਧੇ ਤੌਰ ’ਤੇ ਸ਼ਾਮਲ ਨਾ ਹੋਣ ਵਾਲੇ ਦੇਸ਼ਾਂ ਨੇ ਵੀ ਟਕਰਾਅ ਦਾ ਅਸਰ ਮਹਿਸੂਸ ਕੀਤਾ ਹੈ।’’
ਵਿਦੇਸ਼ ਮੰਤਰੀ ਨੇ ਕਿਹਾ, ‘‘ਜਿਹੜੇ ਦੇਸ਼ ਸਾਰੀਆਂ ਧਿਰਾਂ ਨਾਲ ਕੰਮ ਕਰ ਸਕਦੇ ਹਨ, ਉਨ੍ਹਾਂ ਨੂੰ ਹੱਲ ਲੱਭਣ ਲਈ ਅੱਗੇ ਆਉਣਾ ਚਾਹੀਦਾ ਹੈ। ਭਾਰਤ ਦੁਸ਼ਮਣੀ ਖਤਮ ਕਰਨ ਦਾ ਸੱਦਾ ਦਿੰਦਾ ਹੈ ਅਤੇ ਸ਼ਾਂਤੀ ਬਹਾਲ ਕਰਨ ਵਿੱਚ ਮਦਦ ਕਰਨ ਵਾਲੀ ਕਿਸੇ ਵੀ ਪਹਿਲ ਦੀ ਹਮਾਇਤ ਕਰੇਗਾ।’’ ਉਨ੍ਹਾਂ ਕਿਹਾ ਕਿ ਊਰਜਾ ਅਤੇ ਖੁਰਾਕ ਸੁਰੱਖਿਆ, ਵਿਸ਼ੇਸ਼ ਤੌਰ ’ਤੇ 2022 ਮਗਰੋਂ ਟਕਰਾਅ ਅਤੇ ਵਿਘਨ ਦੇ ਸਭ ਤੋਂ ਵੱਡੇ ਸ਼ਿਕਾਰ ਹੋਏ ਹਨ। ਜੈਸ਼ੰਕਰ ਨੇ ਵਪਾਰ ਦੇ ਮੁੱਦੇ ’ਤੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।
ਉਨ੍ਹਾਂ ਕਿਹਾ, ‘‘ਅਸੀਂ ਹੁਣ ਟੈਰਿਫ ਵਿਚ ਅਸਥਿਰਤਾ ਅਤੇ ਬੇਯਕੀਨੀ ਵਾਲੇ ਬਾਜ਼ਾਰ ਦਾ ਸਾਹਮਣਾ ਕਰ ਰਹੇ ਹਾਂ। ਨਤੀਜੇ ਵਜੋਂ ਜੋਖਮਾਂ, ਫਿਰ ਭਾਵੇਂ ਸੀਮਤ ਸਪਲਾਈ ਸਰੋਤਾਂ ਤੋਂ ਹੋਵੇ ਜਾਂ ਕਿਸੇ ਖਾਸ ਬਾਜ਼ਾਰ ’ਤੇ ਬਹੁਤ ਜ਼ਿਆਦਾ ਨਿਰਭਰਤਾ, ਤੋਂ ਬਚਣਾ ਬਹੁਤ ਮਹੱਤਵਪੂਰਨ ਹੁੰਦਾ ਜਾ ਰਿਹਾ ਹੈ।’’ ਜੈਸ਼ੰਕਰ ਦੀਆਂ ਇਹ ਟਿੱਪਣੀਆਂ ਅਮਰੀਕਾ ਵੱਲੋਂ ਦੁਨੀਆ ਭਰ ਦੇ ਦੇਸ਼ਾਂ ’ਤੇ ਟੈਰਿਫ ਲਗਾਉਣ ਦੇ ਪਿਛੋਕੜ ਵਿੱਚ ਆਈਆਂ ਹਨ। ਟਰੰਪ ਪ੍ਰਸ਼ਾਸਨ ਨੇ ਭਾਰਤ ’ਤੇ 50 ਫੀਸਦ ਟੈਰਿਫ ਲਗਾਇਆ ਹੈ, ਜਿਸ ਵਿੱਚ ਰੂਸ ਤੋਂ ਤੇਲ ਦੀ ਖਰੀਦ ’ਤੇ ਜੁਰਮਾਨੇ ਦੇ ਰੂਪ ਵਿਚ ਲਾਇਆ 25 ਫੀਸਦ ਟੈਰਿਫ ਵੀ ਸ਼ਾਮਲ ਹੈ।
ਜੈਸ਼ੰਕਰ ਦੇ ਭਾਸ਼ਣ ਬਾਰੇ ਪਾਕਿਸਤਾਨ ਦਾ ਜਵਾਬ ‘ਅਤਿਵਾਦ ਦਾ ਇਕਬਾਲ’: ਭਾਰਤ
ਭਾਰਤ ਨੇ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਵਿੱਚ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੇ ਅਤਿਵਾਦ ਬਾਰੇ ਭਾਸ਼ਣ ਨੂੰ ਲੈ ਕੇ ਦਿੱਤੀ ਪ੍ਰਤੀਕਿਰਿਆ ਲਈ ਪਾਕਿਸਤਾਨ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਗੁਆਂਢੀ ਮੁਲਕ ਦਾ ਜਵਾਬ ਸਰਹੱਦ ਪਾਰ ਅਤਿਵਾਦ ਨੂੰ ਉਤਸ਼ਾਹਿਤ ਕਰਨ ਦੇ ਆਪਣੇ ਲੰਬੇ ਸਮੇਂ ਦੇ ਇਤਿਹਾਸ ਨੂੰ ਸਵੀਕਾਰ ਕਰਨ ਦੇ ਬਰਾਬਰ ਹੈ। ਜੈਸ਼ੰਕਰ ਨੇ ਪਾਕਿਸਤਾਨ ਦੇ ਅਸਿੱਧੇ ਹਵਾਲੇ ਨਾਲ ਸ਼ਨਿੱਚਰਵਾਰ ਨੂੰ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਨੂੰ ਆਪਣੇ ਸੰਬੋਧਨ ਵਿੱਚ ਕਿਹਾ, ‘‘ਦੁਨੀਆ ਵਿੱਚ ਸਭ ਤੋਂ ਵੱਡੇ ਅਤਿਵਾਦੀ ਹਮਲੇ ਉਸੇ ਇੱਕ ਦੇਸ਼ ਨਾਲ ਜੁੜੇ ਹੋਏ ਹਨ, ਜੋ ਵਿਸ਼ਵਵਿਆਪੀ ਅਤਿਵਾਦ ਦਾ ਕੇਂਦਰ ਹੈ।’’ ਉਨ੍ਹਾਂ ਕਿਹਾ ਕਿ ਭਾਰਤ ਆਜ਼ਾਦੀ ਤੋਂ ਬਾਅਦ ਹੀ ਅਤਿਵਾਦ ਦੀ ਚੁਣੌਤੀ ਦਾ ਸਾਹਮਣਾ ਕਰ ਰਿਹਾ ਹੈ। ਜੈਸ਼ੰਕਰ ਦੇ ਸੰਬੋਧਨ ਤੋਂ ਬਾਅਦ ਸ਼ਾਮ ਨੂੰ ਪਾਕਿਸਤਾਨ ਨੇ ਜਵਾਬ ਦੇਣ ਦੇ ਆਪਣੇ ਅਧਿਕਾਰ ਦੀ ਵਰਤੋਂ ਕਰਦਿਆਂ ਭਾਰਤ ’ਤੇ ਅਤਿਵਾਦ ਬਾਰੇ ‘ਝੂਠੇ ਦੋਸ਼’ ਲਗਾ ਕੇ ‘ਪਾਕਿਸਤਾਨ ਦੀ ਦਿੱਖ ਨੂੰ ਖਰਾਬ ਕਰਨ’ ਦਾ ਦੋਸ਼ ਲਗਾਇਆ। ਪਾਕਿਸਤਾਨ ਦੀ ਇਸ ਪ੍ਰਤੀਕਿਰਿਆ ਦਾ ਜਵਾਬ ਦਿੰਦੇ ਹੋਏ, ਭਾਰਤ ਨੇ ਕਿਹਾ ਕਿ ਇਹ ‘ਦਰਸਾਉਂਦਾ ਹੈ ਕਿ ਇੱਕ ਗੁਆਂਢੀ ਨੇ ਸਰਹੱਦ ਪਾਰ ਅਤਿਵਾਦ ਨੂੰ ਉਤਸ਼ਾਹਿਤ ਕਰਨ ਦੀ ਆਪਣੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਨੀਤੀ ਨੂੰ ਸਵੀਕਾਰ ਕਰ ਲਿਆ ਹੈ।’’ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਮਿਸ਼ਨ ਦੇ ਦੂਜੇ ਸਕੱਤਰ ਰੇਂਤਲਾ ਸ਼੍ਰੀਨਿਵਾਸ ਨੇ ਕਿਹਾ, ‘‘ਪਾਕਿਸਤਾਨ ਦੀ ਸਾਖ਼ ਬਹੁਤ ਕੁਝ ਦੱਸਦੀ ਹੈ। ਇਸ ਦੇ ਅਤਿਵਾਦੀ ਪ੍ਰਭਾਵ ਵੱਖ-ਵੱਖ ਭੂਗੋਲਿਕ ਖੇਤਰਾਂ ਵਿੱਚ ਸਪੱਸ਼ਟ ਹਨ। ਇਹ ਨਾ ਸਿਰਫ਼ ਇਸ ਦੇ ਗੁਆਂਢੀਆਂ ਲਈ ਸਗੋਂ ਪੂਰੀ ਦੁਨੀਆ ਲਈ ਖ਼ਤਰਾ ਹੈ। ਕਿਸੇ ਵੀ ਤਰਕ ਜਾਂ ਝੂਠ ਨਾਲ ਅਤਿਵਾਦੀਆਂ ਦੇ ਅਪਰਾਧਾਂ ਨੂੰ ਕਦੇ ਵੀ ਛੁਪਾਇਆ ਨਹੀਂ ਜਾ ਸਕਦਾ!’’