ਭਾਰਤ ਨੇ ਪਾਕਿਸਤਾਨ ਨੂੰ ‘ਤਵੀ ਨਦੀ’ ਵਿੱਚ ਸੰਭਾਵਿਤ ਹੜ੍ਹ ਬਾਰੇ ਦਿੱਤੀ ਚੇਤਾਵਨੀ
ਭਾਰਤ ਨੇ ਪਾਕਿਸਤਾਨ ਨੂੰ ਤਵੀ ਨਦੀ ਵਿੱਚ ਸੰਭਾਵਿਤ ਹੜ੍ਹ ਬਾਰੇ ਚੇਤਾਵਨੀ ਦਿੱਤੀ ਹੈ।
ਮੀਡੀਆ ਰਿਪੋਰਟ ਅਨੁਸਾਰ ਭਾਵੇਂ ਕਿ ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਸਿੰਧੂ ਜਲ ਸੰਧੀ (IWT) ਰੱਦ ਹੋਣ ਦੀ ਸਥਿਤੀ ਵਿੱਚ ਹੈ ਪਰ ਇਸਦੇ ਬਾਵਜੂਦ ਭਾਰਤ ਨੇ ਸੰਭਾਵਿਤ ਹੜ੍ਹ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਪਾਕਿਸਤਾਨ ਨਾਲ ਸੰਪਰਕ ਕੀਤਾ ਹੈ।
ਇਸ ਸਬੰਧੀ ਭਾਰਤ ਜਾਂ ਪਾਕਿਸਤਾਨ ਵੱਲੋਂ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ। ਆਮ ਤੌਰ ’ਤੇ ਅਜਿਹੀ ਜਾਣਕਾਰੀ ਸਿੰਧੂ ਜਲ ਕਮਿਸ਼ਨਰ ਰਾਹੀਂ ਸਾਂਝੀ ਕੀਤੀ ਜਾਂਦੀ ਹੈ।
ਸੂਤਰਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਗਿਆ ਕਿ ਭਾਰਤ ਨੇ ਪਾਕਿਸਤਾਨ ਨੂੰ ਜੰਮੂ ਵਿੱਚ ਤਵੀ ਨਦੀ ਵਿੱਚ ਸੰਭਾਵਿਤ ਵੱਡੇ ਹੜ੍ਹ ਬਾਰੇ ਚੇਤਾਵਨੀ ਦਿੱਤੀ ਅਤੇ ਇਸਲਾਮਾਬਾਦ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਇਹ ਚੇਤਾਵਨੀ ਸਾਂਝੀ ਕੀਤੀ। ਮਈ ਵਿੱਚ ਪਾਕਿਸਤਾਨ-ਭਾਰਤ ਤਣਾਅ ਤੋਂ ਬਾਅਦ ਇਹ ਦੋਵਾਂ ਮੁਲਕਾਂ ਦਰਮਿਆਨ ਪਹਿਲਾ ਵੱਡਾ ਸੰਪਰਕ ਹੈ।
ਉਨ੍ਹਾਂ ਕਿਹਾ ਕਿ ਪਾਕਿਸਤਾਨੀ ਅਧਿਕਾਰੀਆਂ ਨੇ ਭਾਰਤ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ ’ਤੇ ਚੇਤਾਵਨੀਆਂ ਜਾਰੀ ਕੀਤੀਆਂ ਹਨ।
ਜ਼ਿਕਰਯੋਗ ਹੈ ਕਿ ਪਹਿਲਗਾਮ ਅਤਿਵਾਦੀ ਹਮਲੇ ਤੋਂ ਇੱਕ ਦਿਨ ਬਾਅਦ 22 ਅਪ੍ਰੈਲ ਨੂੰ ਭਾਰਤ ਨੇ ਪਾਕਿਸਤਾਨ ਵਿਰੁੱਧ ਕਈ ਸਖ਼ਤ ਕਦਮ ਚੁੱਕੇ, ਜਿਨ੍ਹਾਂ ਵਿੱਚ 1960 ਦੀ ਸਿੰਧੂ ਜਲ ਸਮਝੋਤੇ ਨੂੰ ‘ਰੱਦ ਕਰਨ’ ਦਾ ਫੈਸਲਾ ਵੀ ਸ਼ਾਮਲ ਸੀ।
ਕੌਮੀ ਆਫ਼ਤ ਪ੍ਰਬੰਧਨ ਅਥਾਰਿਟੀ (NDMA) ਨੇ ਪਾਕਿਸਤਾਨ ਦੇ ਜ਼ਿਆਦਾਤਰ ਹਿੱਸਿਆਂ ਵਿੱਚ 30 ਅਗਸਤ ਤੱਕ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। NDMA ਦੀ ਇਹ ਚੇਤਾਵਨੀ ਅਜਿਹੇ ਸਮੇਂ ਆਈ ਹੈ ਜਦੋਂ ਦੇਸ਼ 26 ਜੂਨ ਤੋਂ 20 ਅਗਸਤ ਤੱਕ ਦੇ ਮੌਨਸੂਨ ਦੇ ਪਹਿਲੇ ਦੌਰ ਨਾਲ ਜੂਝ ਰਿਹਾ ਹੈ ਜਿਸ ਕਾਰਨ 788 ਤੋਂ ਵੱਧ ਜਾਨਾਂ ਚਲੀਆਂ ਗਈਆਂ ਅਤੇ 1018 ਲੋਕਾਂ ਜ਼ਖ਼ਮੀ ਹੋਏ ਹਨ।-ਪੀਟੀਆਈ