ਭਾਰਤ ਅਮਰੀਕਾ ਵਪਾਰ ਸਮਝੌਤਾ: ਪੰਜਵੇਂ ਗੇੜ ਦੀ ਗੱਲਬਾਤ ਸਮਾਪਤ
ਭਾਰਤ ਅਤੇ ਅਮਰੀਕੀ ਟੀਮਾਂ ਨੇ 17 ਜੁਲਾਈ ਨੂੰ ਵਾਸ਼ਿੰਗਟਨ ਵਿੱਚ ਪ੍ਰਸਤਾਵਿਤ ਦੁਵੱਲੇ ਵਪਾਰ ਸਮਝੌਤੇ (BTA) ਲਈ ਗੱਲਬਾਤ ਦਾ ਪੰਜਵਾਂ ਦੌਰ ਸਮਾਪਤ ਕਰ ਲਿਆ ਹੈ। ਇਹ ਗੱਲਬਾਤ ਵਾਸ਼ਿੰਗਟਨ ਵਿੱਚ ਚਾਰ ਦਿਨ (14-17 ਜੁਲਾਈ) ਤੱਕ ਚੱਲੀ। ਇੱਕ ਅਧਿਕਾਰੀ ਨੇ ਕਿਹਾ, ‘‘ਭਾਰਤੀ ਟੀਮ ਵਾਪਸ ਆ ਰਹੀ ਹੈ।’’ ਭਾਰਤ ਦੇ ਮੁੱਖ ਵਾਰਤਾਕਾਰ ਅਤੇ ਵਣਜ ਵਿਭਾਗ ਵਿੱਚ ਵਿਸ਼ੇਸ਼ ਸਕੱਤਰ ਰਾਜੇਸ਼ ਅਗਰਵਾਲ ਗੱਲਬਾਤ ਲਈ ਟੀਮ ਦੀ ਅਗਵਾਈ ਕਰ ਰਹੇ ਹਨ। ਇਹ ਵਿਚਾਰ-ਵਟਾਂਦਰਾ ਮਹੱਤਵਪੂਰਨ ਹੈ ਕਿਉਂਕਿ ਦੋਵੇਂ ਪੱਖ 1 ਅਗਸਤ ਤੋਂ ਪਹਿਲਾਂ ਇੱਕ ਅੰਤਰਿਮ ਵਪਾਰ ਸੌਦੇ ਨੂੰ ਅੰਤਿਮ ਰੂਪ ਦੇਣ ਦੀ ਕੋਸ਼ਿਸ਼ ਕਰ ਰਹੇ ਹਨ।
ਇਸ ਸਾਲ 2 ਅਪ੍ਰੈਲ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਹ ਉੱਚ ਪ੍ਰਤੀਕਿਰਿਆਤਮਕ ਟੈਕਸਾਂ ਦਾ ਐਲਾਨ ਕੀਤਾ ਸੀ। ਹਾਲਾਂਕਿ ਇਸ ਉੱਚ ਟੈਕਸ ਨੂੰ ਤੁਰੰਤ 90 ਦਿਨਾਂ ਲਈ 9 ਜੁਲਾਈ ਤੱਕ ਅਤੇ ਬਾਅਦ ਵਿੱਚ 1 ਅਗਸਤ ਤੱਕ ਮੁਅੱਤਲ ਕਰ ਦਿੱਤਾ ਗਿਆ ਸੀ, ਕਿਉਂਕਿ ਅਮਰੀਕਾ ਕਈ ਦੇਸ਼ਾਂ ਨਾਲ ਵਪਾਰਕ ਸੌਦਿਆਂ 'ਤੇ ਗੱਲਬਾਤ ਕਰ ਰਿਹਾ ਹੈ।
ਇਸ ਦੌਰਾਨ ਖੇਤੀਬਾੜੀ ਅਤੇ ਆਟੋਮੋਬਾਈਲਜ਼ ਨਾਲ ਸਬੰਧਤ ਮੁੱਦਿਆਂ ’ਤੇ ਗੱਲਬਾਤ ਦੇ ਪੰਜਵੇਂ ਦੌਰ ਦੌਰਾਨ ਚਰਚਾ ਹੋਈ ਦੱਸੀ ਜਾਂਦੀ ਹੈ। ਗੈਰ-ਬਾਜ਼ਾਰੀ ਅਰਥਚਾਰਿਆਂ ਨਾਲ ਨਜਿੱਠਣ ਦੇ ਤਰੀਕਿਆਂ ਨਾਲ ਸਬੰਧਤ ਮਾਮਲੇ ਅਤੇ ਸਕੋਮੇਟ (ਖਾਸ ਰਸਾਇਣ, ਜੀਵ, ਸਮੱਗਰੀ, ਉਪਕਰਨ, ਅਤੇ ਤਕਨਾਲੋਜੀ) ’ਤੇ ਵੀ ਚਰਚਾ ਹੋਈ।