ਭਾਰਤ-ਯੂਕੇ ਵਿਚਾਲੇ ਐੱਫਟੀਏ ’ਤੇ ਅਗਲੇ ਹਫ਼ਤੇ ਹੋ ਸਕਦੇ ਨੇ ਦਸਤਖ਼ਤ
ਭਾਰਤ ਅਤੇ ਯੂਕੇ ਵਿਚਾਲੇ ਮੁਕਤ ਵਪਾਰ ਸਮਝੌਤੇ (ਐੱਫਟੀਏ) ’ਤੇ ਦਸਤਖ਼ਤ ਅਗਲੇ ਹਫ਼ਤੇ ਹੋਣ ਦੀ ਸੰਭਾਵਨਾ ਹੈ। ਸਮਝੌਤੇ ਦਾ ਮਕਸਦ ਦੋਵੇਂ ਮੁਲਕਾਂ ਵਿਚਾਲੇ ਵਪਾਰ ਅਤੇ ਨਿਵੇਸ਼ ਨੂੰ ਹੱਲਾਸ਼ੇਰੀ ਦੇਣਾ ਹੈ। ਦੋਵੇਂ ਮੁਲਕਾਂ ਨੇ 6 ਮਈ ਨੂੰ ਮੁਕਤ ਵਪਾਰ ਸਮਝੌਤੇ ਬਾਰੇ ਗੱਲਬਾਤ ਸਿਰੇ ਚੜ੍ਹਨ ਦਾ ਐਲਾਨ ਕੀਤਾ ਸੀ। ਅਧਿਕਾਰੀ ਨੇ ਕਿਹਾ ਕਿ ਐੱਫਟੀਏ ਦੇ ਖਰੜੇ ਦੀ ਕਾਨੂੰਨੀ ਜਾਂਚ ਪ੍ਰਕਿਰਿਆ ਚੱਲ ਰਹੀ ਹੈ ਅਤੇ ਉਮੀਦ ਹੈ ਕਿ ਸਮਝੌਤੇ ’ਤੇ ਅਗਲੇ ਹਫ਼ਤੇ ਦਸਤਖ਼ਤ ਹੋ ਜਾਣਗੇ। ਐੱਫਟੀਏ ’ਤੇ ਦਸਤਖ਼ਤ ਹੋਣ ਮਗਰੋਂ ਇਸ ਦੀ ਬ੍ਰਿਟਿਸ਼ ਸੰਸਦ ਅਤੇ ਭਾਰਤ ਦੀ ਕੈਬਨਿਟ ਤੋਂ ਪ੍ਰਵਾਨਗੀ ਲਈ ਜਾਵੇਗੀ। ਮੁਕਤ ਵਪਾਰ ਸਮਝੌਤੇ ’ਤੇ ਦਸਤਖ਼ਤਾਂ ਮਗਰੋਂ ਇਸ ਦੇ ਅਮਲ ’ਚ ਆਉਣ ’ਤੇ ਲਗਪਗ ਸਾਲ ਲੱਗ ਸਕਦਾ ਹੈ। ਐੱਫਟੀਏ ਤਹਿਤ ਚਮੜੇ, ਜੁੱਤੀਆਂ ਅਤੇ ਕੱਪੜਿਆਂ ਦੀ ਬਰਾਮਦਗੀ ਤੋਂ ਟੈਕਸ ਖ਼ਤਮ ਹੋ ਜਾਣਗੇ ਜਦਕਿ ਬ੍ਰਿਟੇਨ ਤੋਂ ਵ੍ਹਿਸਕੀ ਅਤੇ ਕਾਰਾਂ ਦੀ ਦਰਾਮਦ ਸਸਤੀ ਹੋਵੇਗੀ। ਸਮਝੌਤੇ ਦਾ ਉਦੇਸ਼ ਸਾਲ 2030 ਤੱਕ ਦੋਵੇਂ ਮੁਲਕਾਂ ਦੇ ਅਰਥਚਾਰਿਆਂ ਵਿਚਕਾਰ ਵਪਾਰ ਨੂੰ ਦੁੱਗਣਾ ਕਰਕੇ 120 ਅਰਬ ਡਾਲਰ ਤੱਕ ਪਹੁੰਚਾਉਣਾ ਹੈ।