ਭਾਰਤ ਨੇ ਪਹਿਲਗਾਮ ਦਹਿਸ਼ਤੀ ਹਮਲੇ ਦਾ ਬਦਲਾ ਲਿਆ
ਨਵੀਂ ਦਿੱਲੀ, 7 ਮਈ
ਪਹਿਲਗਾਮ ਦਹਿਸ਼ਤੀ ਹਮਲੇ ਦਾ ਬਦਲਾ ਲੈਂਦਿਆਂ ਭਾਰਤੀ ਫੌਜ ਨੇ ਬੁੱਧਵਾਰ ਤੜਕੇ 25 ਮਿੰਟਾਂ ਦੇ ‘ਅਪਰੇਸ਼ਨ ਸਿੰਧੂਰ’ ਤਹਿਤ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ (ਪੀਓਕੇ) ਵਿੱਚ 9 ਦਹਿਸ਼ਤੀ ਟਿਕਾਣਿਆਂ ਨੂੰ ਮਿਜ਼ਾਈਲਾਂ, ਬੰਬਾਂ, ਡਰੋਨਾਂ ਅਤੇ ਹੋਰ ਹਥਿਆਰਾਂ ਨਾਲ ਨਿਸ਼ਾਨਾ ਬਣਾਇਆ। ਇਨ੍ਹਾਂ ਵਿੱਚ ਦਹਿਸ਼ਤੀ ਜਥੇਬੰਦੀ ਜੈਸ਼-ਏ-ਮੁਹੰਮਦ ਦਾ ਗੜ੍ਹ ਬਹਾਵਲਪੁਰ ਅਤੇ ਮੁਰੀਦਕੇ ’ਚ ਲਸ਼ਕਰ-ਏ-ਤਇਬਾ ਦਾ ਮੁੱਖ ਟਿਕਾਣਾ ਵੀ ਸ਼ਾਮਲ ਹਨ, ਜੋ ਲਹਿੰਦੇ ਪੰਜਾਬ ’ਚ ਪੈਂਦੇ ਹਨ। ਸਰਕਾਰੀ ਸੂਤਰਾਂ ਨੇ ਕਿਹਾ ਕਿ ਹਮਲਿਆਂ ’ਚ 70 ਤੋਂ ਵੱਧ ਦਹਿਸ਼ਤਗਰਦ ਮਾਰੇ ਗਏ ਹਨ ਜਦਕਿ 60 ਤੋਂ ਵੱਧ ਹੋਰ ਜ਼ਖ਼ਮੀ ਹੋਏ ਹਨ। ਮਾਰੇ ਗਏ ਦਹਿਸ਼ਤਗਰਦਾਂ ’ਚ ਲਸ਼ਕਰ-ਏ-ਤਇਬਾ ਅਤੇ ਜੈਸ਼-ਏ-ਮੁਹੰਮਦ ਦੇ ਸਿਖਰਲੇ ਕਮਾਂਡਰ ਵੀ ਸ਼ਾਮਲ ਹਨ। ਭਾਰਤ ਮੁਤਾਬਕ ਕਿਸੇ ਪਾਕਿਸਤਾਨੀ ਫੌਜੀ ਟਿਕਾਣੇ ਜਾਂ ਆਮ ਨਾਗਰਿਕਾਂ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਫੌਜ ਦੀ ਕਾਰਵਾਈ ‘ਸਟੀਕ ਅਤੇ ਨਪੀ-ਤੁਲੀ’ ਰਹੀ। ਰੱਖਿਆ ਮੰਤਰਾਲੇ ਨੇ ਵੱਡੇ ਤੜਕੇ 1.44 ਵਜੇ ਜਾਰੀ ਬਿਆਨ ’ਚ ਕਿਹਾ, ‘‘ਥੋੜ੍ਹਾ ਸਮਾਂ ਪਹਿਲਾਂ, ਭਾਰਤੀ ਹਥਿਆਰਬੰਦ ਬਲਾਂ ਨੇ ‘ਅਪਰੇਸ਼ਨ ਸਿੰਧੂਰ’ ਤਹਿਤ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ ਵਿੱਚ ਦਹਿਸ਼ਤੀ ਢਾਂਚਿਆਂ ਨੂੰ ਨਿਸ਼ਾਨਾ ਬਣਾਇਆ ਜਿੱਥੋਂ ਭਾਰਤ ਵਿਰੁੱਧ ਦਹਿਸ਼ਤੀ ਹਮਲਿਆਂ ਦੀ ਯੋਜਨਾ ਘੜੀ ਜਾਂਦੀ ਸੀ ਅਤੇ ਨਿਰਦੇਸ਼ ਦਿੱਤੇ ਜਾਂਦੇ ਸਨ।’’ ਭਾਰਤੀ ਫੌਜ ਨੇ ਕਿਹਾ, ‘‘ਕਿਸੇ ਵੀ ਪਾਕਿਸਤਾਨੀ ਫੌਜੀ ਟਿਕਾਣੇ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ ਹੈ। ਭਾਰਤ ਨੇ ਨਿਸ਼ਾਨਿਆਂ ਦੀ ਚੋਣ ਅਤੇ ਹਮਲਿਆਂ ਨੂੰ ਅੰਜਾਮ ਦੇਣ ਵਿਚ ਕਾਫ਼ੀ ਸੰਜਮ ਨਾਲ ਕੰਮ ਲਿਆ ਹੈ।’’ ਜਾਣਕਾਰੀ ਮੁਤਾਬਕ ਫੌਜ ਨੇ ਹਮਲਿਆਂ ਦੌਰਾਨ ਮਿਜ਼ਾਈਲਾਂ, ਬੰਬਾਂ, ਡਰੋਨਾਂ, ਸਟੀਕ ਗੋਲਾ-ਬਾਰੂਦ ਅਤੇ ਹੋਰ ਹਥਿਆਰਾਂ ਦੀ ਵਰਤੋਂ ਕੀਤੀ। ਮੁਰੀਦਕੇ ਅਤੇ ਬਹਾਵਲਪੁਰ ਤੋਂ ਇਲਾਵਾ ਮਕਬੂਜ਼ਾ ਕਸ਼ਮੀਰ ’ਚ ਕੋਟਲੀ ਤੇ ਮੁਜ਼ੱਫਰਾਬਾਦ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਜਿਥੇ ਲਸ਼ਕਰ ਅਤੇ ਜੈਸ਼ ਦੇ ਲੰਬੇ ਸਮੇਂ ਤੋਂ ਕੈਂਪ ਅਤੇ ਸਿਖਲਾਈ ਕੇਂਦਰ ਹਨ। ਇਸ ਤੋਂ ਇਲਾਵਾ ਸਿਆਲਕੋਟ ’ਚ ਮਹਿਮੂਨਾ ਜੋਇਆ ’ਚ ਹਿਜ਼ਬੁਲ ਮੁਜਾਹਿਦੀਨ ਦੇ ਟਿਕਾਣੇ, ਲਸ਼ਕਰ ਦੇ ਬਰਨਾਲਾ ’ਚ ਮਰਕਜ਼ ਅਹਿਲੇ ਹਾਥਿਦ ਅਤੇ ਮੁਜ਼ੱਫਰਾਬਾਦ ਦੇ ਸ਼ਵਾਈ ਨਾਲਾ ’ਚ ਉਸ ਦੇ ਕੈਂਪ ਸ਼ਾਮਲ ਹਨ। ਪਹਿਲਗਾਮ ’ਚ ਹੋਏ ਹਮਲੇ ਨੂੰ ਲੈ ਕੇ ਭਾਰਤ ਅਤੇ ਵਿਦੇਸ਼ ਵਿੱਚ ਵਿਆਪਕ ਰੋਸ ਸੀ। ਰੱਖਿਆ ਮੰਤਰਾਲੇ ਨੇ ਬਿਆਨ ਵਿੱਚ ਕਿਹਾ, ‘‘ਇਹ ਕਦਮ ਪਹਿਲਗਾਮ ਦਹਿਸ਼ਤੀ ਹਮਲੇ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ, ਜਿਸ ਵਿੱਚ 25 ਭਾਰਤੀਆਂ ਅਤੇ ਇੱਕ ਨੇਪਾਲੀ ਨਾਗਰਿਕ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਸੀ। ਅਸੀਂ ਇਸ ਵਚਨਬੱਧਤਾ ’ਤੇ ਖਰੇ ਉਤਰ ਰਹੇ ਹਾਂ ਕਿ ਹਮਲੇ ਲਈ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਠਹਿਰਾਇਆ ਜਾਵੇਗਾ।’’ ਭਾਰਤੀ ਫੌਜ ਦੇ ਸੂਤਰਾਂ ਨੇ ਕਿਹਾ ਕਿ ਪਾਕਿਸਤਾਨ ਨਾਲ ਲਗਦੀਆਂ ਸਰਹੱਦਾਂ ’ਤੇ ਸਾਰੀਆਂ ਹਵਾਈ ਰੱਖਿਆ ਇਕਾਈਆਂ ਨੂੰ ਅਲਰਟ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਉਸ ਸਮੇਂ ਕੀਤੀ ਗਈ ਜਦੋਂ ਮੋਦੀ ਨੇ ਕੁਝ ਦਿਨ ਪਹਿਲਾਂ ਫੌਜ ਨੂੰ ਪਹਿਲਗਾਮ ਦਹਿਸ਼ਤੀ ਹਮਲੇ ਦਾ ਜਵਾਬ ਦੇਣ ਦੀ ਪੂਰੀ ਖੁੱਲ੍ਹ ਦਿੱਤੀ ਸੀ। -ਪੀਟੀਆਈ
ਮੋਦੀ ਨੇ ਖ਼ੁਦ ਕੀਤੀ ‘ਅਪਰੇਸ਼ਨ ਸਿੰਦੂਰ’ ਦੀ ਨਿਗਰਾਨੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫੌਜ ਵੱਲੋਂ ‘ਆਪ੍ਰੇਸ਼ਨ ਸਿੰਦੂਰ’ ਤਹਿਤ ਕੀਤੀ ਕਾਰਵਾਈ ਉੱਤੇ ਖ਼ੁਦ ਪੂਰੀ ਰਾਤ ਨਜ਼ਰ ਰੱਖੀ। ਇਹ ਦਾਅਵਾ ਸੂਤਰਾਂ ਨੇ ਖ਼ਬਰ ਏਜੰਸੀ ਏਐੱਨਆਈ ਕੋਲ ਕੀਤਾ ਹੈ। ਰੱਖਿਆ ਮੰਤਰਾਲੇ ਦੇ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਕਿ ਬੁੱਧਵਾਰ ਵੱਡੇ ਤੜਕੇ ਭਾਰਤੀ ਫੌਜ ਨੇ ‘ਅਪਰੇਸ਼ਨ ਸਿੰਦੂਰ’ ਸ਼ੁਰੂ ਕੀਤਾ, ਜਿਸ ਵਿੱਚ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ ਵਿੱਚ ਦਹਿਸ਼ਤੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਗਿਆ ਜਿੱਥੋਂ ਭਾਰਤ ਵਿਰੁੱਧ ਅਤਿਵਾਦੀ ਹਮਲਿਆਂ ਦੀ ਸਾਜ਼ਿਸ਼ ਘੜੀ ਜਾਂਦੀ ਰਹੀ ਹੈ। -ਏਐੱਨਆਈ
ਲਹਿੰਦੇ ਪੰਜਾਬ ’ਤੇ 54 ਸਾਲਾਂ ’ਚ ਭਾਰਤ ਵੱਲੋਂ ਪਹਿਲਾ ਫ਼ੌਜੀ ਹਮਲਾ
ਨਵੀਂ ਦਿੱਲੀ (ਅਜੈ ਬੈਨਰਜੀ): ਭਾਰਤੀ ਫੌਜ ਨੇ ਅੱਜ ਵੱਡੇ ਤੜਕੇ ਪਾਕਿਸਤਾਨ ਤੇ ਮਕਬੂਜ਼ਾ ਕਸ਼ਮੀਰ ਵਿੱਚ ਨੌਂ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਇਸ ਹਮਲੇ ਵਿੱਚ ਜਿਨ੍ਹਾਂ ਥਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ ਉਨ੍ਹਾਂ ਵਿੱਚ ਲਹਿੰਦੇ ਪੰਜਾਬ ਦਾ ਇਕ ਹਿੱਸਾ ਵੀ ਸ਼ਾਮਲ ਹੈ। 1971 ਦੀ ਜੰਗ ਤੋਂ ਬਾਅਦ ਭਾਵ 54 ਸਾਲਾਂ ਵਿੱਚ ਪਾਕਿਸਤਾਨੀ ਪੰਜਾਬ ਉੱਤੇ ਭਾਰਤ ਵੱਲੋਂ ਇਹ ਪਹਿਲਾ ਫੌਜੀ ਹਮਲਾ ਹੈ। ਇਹ ਇੱਕ ਮਹੱਤਵਪੂਰਨ ਕਦਮ ਹੈ, ਕਿਉਂਕਿ ਇਸ ਤੋਂ ਪਹਿਲਾਂ ਹੋਏ ਹਮਲਿਆਂ ਜਾਂ ਝੜਪਾਂ ਜਿਨ੍ਹਾਂ ਵਿੱਚ ਕਾਰਗਿਲ ਜੰਗ ਵੀ ਸ਼ਾਮਲ ਹੈ, ਦੌਰਾਨ ਪਾਕਿਸਤਾਨ ਵਾਲੇ ਪੰਜਾਬ ਨੂੰ ਕਦੇ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ ਸੀ। ਪਾਕਿਸਤਾਨੀ ਫੌਜ ਤੇ ਮੁਲਕ ਦਾ ਹਾਕਮ ਵਰਗ ਮੁੱਖ ਤੌਰ ’ਤੇ ਲਹਿੰਦੇ ਪੰਜਾਬ ਤੋਂ ਹੀ ਹੈ। 1999 ਵਿੱਚ ਕਾਰਗਿਲ ਜੰਗ ਮੁੱਖ ਤੌਰ ’ਤੇ ਦਰਾਸ ਤੇ ਕਾਰਗਿਲ ਖੇਤਰ ਨੇੜੇ 168 ਕਿਲੋਮੀਟਰ ਦੇ ਧੁਰੇ ਦੁਆਲੇ ਲੱਦਾਖ ਖੇਤਰ ਤੱਕ ਸੀਮਿਤ ਸੀ। ਇਸ ਤੋਂ ਇਲਾਵਾ ਜਦੋਂ 2001 ਵਿੱਚ ਸੰਸਦ ’ਤੇ ਹੋਏ ਹਮਲੇ ਤੋਂ ਬਾਅਦ ‘ਆਪ੍ਰੇਸ਼ਨ ਪਰਾਕ੍ਰਮ’ ਸ਼ੁਰੂ ਕੀਤਾ ਗਿਆ ਸੀ, ਤਾਂ ਭਾਰਤੀ ਫੌਜ ਪੂਰੀ ਤਰ੍ਹਾਂ ਲਾਮਬੰਦ ਹੋ ਗਈ ਸੀ ਅਤੇ ਭਾਰਤੀ ਹਵਾਈ ਫੌਜ ਨੂੰ ਵੀ ਅਲਰਟ ’ਤੇ ਰੱਖਿਆ ਗਿਆ ਸੀ। ਹਾਲਾਂਕਿ, ਕੋਈ ਹਮਲਾ ਨਹੀਂ ਹੋਇਆ। ਫਿਰ 2016 ਵਿੱਚ ਉੜੀ ਅਤਿਵਾਦੀ ਹਮਲੇ ਤੋਂ ਬਾਅਦ ਕੀਤੀ ਗਈ ਸਰਜੀਕਲ ਸਟਰਾਈਕ ਵੀ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਹੋਈ। ਉਨ੍ਹਾਂ ਵਿੱਚੋਂ ਕੋਈ ਵੀ ਪੰਜਾਬ ਵਿੱਚ ਨਹੀਂ ਸੀ। 2019 ਵਿੱਚ ਪੁਲਵਾਮਾ ਵਿੱਚ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਹਵਾਈ ਹਮਲਾ ਵੀ ਬਾਲਾਕੋਟ ਵਿੱਚ ਕੀਤਾ ਗਿਆ ਸੀ ਜੋ ਕਿ ਖੈਬਰ ਪਖ਼ਤੂਨਖਵਾ ਵਿੱਚ ਹੈ, ਨਾ ਕਿ ਪੰਜਾਬ ਦੇ ਪਾਕਿਸਤਾਨੀ ਪਾਸੇ। ਇਸ ਲਈ ਅੱਜ ਤੜਕੇ ਕੀਤੇ ਗਏ ਹਮਲੇ ਨੇ 54 ਸਾਲਾਂ ਬਾਅਦ ਪਾਕਿਸਤਾਨ ਦੇ ਦਿਲ ਨੂੰ ਸੱਟ ਮਾਰੀ ਹੈ। ਇਹ ਹਮਲਾ ਲੰਘੀ 22 ਅਪਰੈਲ ਨੂੰ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅਤਿਵਾਦੀ ਹਮਲੇ ਦੇ ਜਵਾਬ ਵਿੱਚ ਕੀਤਾ ਗਿਆ। ਇਸ ਹਮਲੇ ਵਿੱਚ 26 ਵਿਅਕਤੀ ਮਾਰੇ ਗਏ ਸਨ।
ਭਾਰਤੀ ਫੌਜ ਵੱਲੋਂ ਨਿਸ਼ਾਨਾ ਬਣਾਏ ਨੌਂ ’ਚੋਂ ਚਾਰ ਕੈਂਪ ਸੀ ਲਹਿੰਦੇ ਪੰਜਾਬ ’ਚ
‘ਅਪਰੇਸ਼ਨ ਸਿੰਧੂਰ’ ਦੌਰਾਨ ਭਾਰਤੀ ਫੌਜ ਵੱਲੋਂ ਪਾਕਿਸਤਾਨ ਤੇ ਮਕਬੂਜ਼ਾ ਕਸ਼ਮੀਰ ਵਿੱਚ ਨਿਸ਼ਾਨਾ ਬਣਾਏ ਗਏ ਨੌਂ ਅਤਿਵਾਦੀ ਕੈਂਪਾਂ ’ਚੋਂ ਚਾਰ ਕੈਂਪ ਪੰਜਾਬ ਵਿੱਚ ਸਨ। ਇਨ੍ਹਾਂ ਵਿੱਚ ਸਰਜਾਲ ਕੈਂਪ, ਸਿਆਲਕੋਟ ਵੀ ਸ਼ਾਮਲ ਸੀ। ਇਹ ਕੈਂਪ ਸਾਂਬਾ-ਕਠੂਆ ਸਾਹਮਣੇ ਕੌਮਾਂਤਰੀ ਸਰਹੱਦ ਤੋਂ ਲਗਪਗ ਛੇ ਕਿਲੋਮੀਟਰ ਦੂਰ ਸਥਿਤ ਸੀ। ਇਸ ਤੋਂ ਇਲਾਵਾ ਮਹਿਮੂਨਾ ਜੋਯਾ ਕੈਂਪ ਵੀ ਸਿਆਲਕੋਟ ’ਚ ਹੀ ਸਥਿਤ ਸੀ। ਇਹ ਸਿਆਲਕੋਟ ਨੇੜੇ ਕੌਮਾਂਤਰੀ ਸਰਹੱਦ ਤੋਂ ਕਰੀਬ 12 ਕਿਲੋਮੀਟਰ ਦੂਰ ਸੀ। ਮਰਕਜ਼ ਤਾਇਬਾ ਕੈਂਪ ਕੌਮਾਂਤਰੀ ਸਰਹੱਦ ਤੋਂ ਲਗਪਗ 25 ਕਿਲੋਮੀਟਰ ਦੂਰ ਸੀ। ਮਰਕਜ਼ ਸੁਭਾਨ ਕੈਂਪ, ਬਹਾਵਲਪੁਰ ਕੌਮਾਂਤਰੀ ਸਰਹੱਦ ਤੋਂ ਲਗਪਗ 100 ਕਿਲੋਮੀਟਰ ਦੂਰ ਸਥਿਤ ਸੀ ਤੇ ਜੈਸ਼-ਏ-ਮੁਹੰਮਦ ਦਾ ਹੈੱਡਕੁਆਰਟਰ ਸੀ। ਇਸ ਕੈਂਪ ਦਾ ਇਸਤੇਮਾਲ ਜੈਸ਼-ਏ-ਮੁਹੰਮਦ ਦੇ ਅਤਿਵਾਦੀਆਂ ਦੀ ਭਰਤੀ ਤੇ ਉਨ੍ਹਾਂ ਨੂੰ ਸਿਖਲਾਈ ਦੇਣ ਲਈ ਕੀਤਾ ਜਾਂਦਾ ਸੀ। ਇਸ ਕੈਂਪ ਵਿੱਚ ਅਕਸਰ ਮਸੂਦ ਅਜ਼ਹਰ ਸਣੇ ਅਤਿਵਾਦੀ ਕਮਾਂਡਰ ਆਉਂਦੇ ਸਨ ਜੋ ਕਿ ਇਸ ਕੈਂਪ ਤੋਂ ਆਪਣੇ ਕੇਡਰ ਨੂੰ ਨਿਰਦੇਸ਼ ਦਿੰਦੇ ਸਨ।
ਸਰਬ-ਪਾਰਟੀ ਮੀਟਿੰਗ ਅੱਜ
ਨਵੀਂ ਦਿੱਲੀ: ਫੌਜ ਵੱਲੋਂ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ ’ਚ ਦਹਿਸ਼ਤੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਮਗਰੋਂ ਕੇਂਦਰ ਸਰਕਾਰ ਨੇ ਇਸ ਦੀ ਜਾਣਕਾਰੀ ਦੇਣ ਲਈ ਵੀਰਵਾਰ ਨੂੰ ਸਰਬ-ਪਾਰਟੀ ਮੀਟਿੰਗ ਸੱਦ ਲਈ ਹੈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਪ੍ਰਸਤਾਵਿਤ ਮੀਟਿੰਗ ਬਾਰੇ ‘ਐਕਸ’ ’ਤੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ 8 ਮਈ ਨੂੰ ਸਵੇਰੇ 11 ਵਜੇ ਸੰਸਦੀ ਕੰਪਲੈਕਸ ’ਚ ਆਲ ਪਾਰਟੀ ਮੀਟਿੰਗ ਸੱਦੀ ਗਈ ਹੈ। -ਪੀਟੀਆਈ
ਪ੍ਰਧਾਨ ਮੰਤਰੀ ਨੇ ਖੁਦ ਦਿੱਤਾ ਅਪਰੇਸ਼ਨ ਨੂੰ ਨਾਮ
ਚੰਡੀਗੜ੍ਹ (ਟਨਸ): ਭਾਰਤੀ ਹਥਿਆਰਬੰਦ ਬਲਾਂ ਵੱਲੋਂ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ ’ਚ ਕੀਤੇ ਗਏ ਮਿਜ਼ਾਈਲ ਹਮਲਿਆਂ ਨੂੰ ਦਿੱਤਾ ਗਿਆ ਨਾਮ ‘ਅਪਰੇਸ਼ਨ ਸਿੰਧੂਰ’ ਕੋਈ ਆਮ ਨਾਮ ਨਹੀਂ ਸੀ। ਸਰਕਾਰੀ ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਇਸ ਅਪਰੇਸ਼ਨ ਦਾ ਨਾਮ ਚੁਣਿਆ।
ਜ਼ਿਕਰਯੋਗ ਹੈ ਕਿ 22 ਅਪਰੈਲ ਨੂੰ ਪਹਿਲਗਾਮ ਦੀ ਬੈਸਰਨ ਘਾਟੀ ਵਿਚ ਹੋਏ ਭਿਆਨਕ ਅਤਿਵਾਦੀ ਹਮਲੇ ਵਿਚ 26 ਬੇਗੁਨਾਹ ਨਾਗਰਿਕ ਮਾਰੇ ਗਏ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸੈਲਾਨੀ ਸਨ। ਇਸ ਹਮਲੇ ਤੋਂ ਬਾਅਦ ਦੇਸ਼ ਭਰ ਵਿਚ ਸੋਗ ਦੀ ਲਹਿਰ ਫੈਲ ਗਈ ਸੀ। ਇਹ ਹਮਲਾ ਉਨ੍ਹਾਂ ਔਰਤਾਂ ਲਈ ਸਭ ਤੋਂ ਵੱਧ ਦਰਦ ਭਰਿਆ ਸੀ ਜਿਨ੍ਹਾਂ ਦੇ ਸੁਹਾਗ ਵਿਛੜ ਗਏ ਹਨ। ਇਸੇ ਤ੍ਰਾਸਦੀ ਅਤੇ ਭਾਵਨਾਤਮਕ ਦਰਦ ਨੂੰ ਧਿਆਨ ਵਿਚ ਰੱਖਦਿਆਂ ਪ੍ਰਧਾਨ ਮੰਤਰੀ ਨੇ ਫੌਜੀ ਕਾਰਵਾਈ ਦਾ ਨਾਮ ‘ਅਪਰੇਸ਼ਨ ਸਿੰਧੂਰ’ ਰੱਖਣ ਦਾ ਫ਼ੈਸਲਾ ਲਿਆ। ਇਹ ਨਾਮ ਉਨ੍ਹਾਂ ਔਰਤਾਂ ਦੇ ਦੁੱਖ ਦਾ ਪ੍ਰਤੀਕ ਹੈ, ਜਿਨ੍ਹਾਂ ਦਾ ਸਿੰਧੂਰ ਮਿਟਾ ਦਿੱਤਾ ਗਿਆ ਸੀ। ਭਾਰਤੀ ਫੌਜ ਨੇ ਅੱਜ ਵੱਡੇ ਤੜਕੇ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ ’ਚ 9 ਦਹਿਸ਼ਤੀ ਟਿਕਾਣਿਆਂ ’ਤੇ ਹਮਲੇ ਕਰਕੇ ਸਿੰਧੂਰ ਦੇ ਸਨਮਾਨ ਅਤੇ ਸ਼ਹਾਦਤ ਦਾ ਜਵਾਬ ਦਿੱਤਾ। ਸੂਤਰਾਂ ਨੇ ਕਿਹਾ ਕਿ ਬੈਸਰਨ ਘਾਟੀ ਹਮਲੇ ਦਾ ਮਕਸਦ ਕਸ਼ਮੀਰ ਵਾਦੀ ਵਿਚ ਧਾਰਮਿਕ ਤਣਾਅ ਪੈਦਾ ਕਰਨਾ ਅਤੇ ਔਰਤਾਂ ਨੂੰ ਵਿਧਵਾ ਬਣਾ ਕੇ ਡਰ ਦਾ ਮਾਹੌਲ ਬਣਾਉਣਾ ਸੀ। ਇਹ ਇੱਕ ਯੋਜਨਾਬੱਧ ਕੋਸ਼ਿਸ਼ ਸੀ ਜੋ ਹਿੰਦੂ ਪਰਿਵਾਰਾਂ ਨੂੰ ਤੋੜਨ ਲਈ ਕੀਤੀ ਗਈ ਸੀ। ਭਾਰਤੀ ਸੱਭਿਆਚਾਰ ਵਿਚ ‘ਸਿੰਧੂਰ’ ਸੁਹਾਗ ਅਤੇ ਵਿਸ਼ਵਾਸ ਦਾ ਪ੍ਰਤੀਕ ਹੈ। ਬੈਸਰਨ ਘਾਟੀ ਵਿਚ ਜਦੋਂ ਨਵੇ ਵਿਆਹੇ ਜੋੜੇ ਘੁੰਮਣ ਲਈ ਆਏ ਸਨ ਤਾਂ ਅਤਿਵਾਦੀਆਂ ਨੇ ਨਵ-ਵਿਆਹੀਆਂ ਔਰਤਾਂ ਦੇ ਸਾਹਮਣੇ ਉਨ੍ਹਾਂ ਦੇ ਪਤੀਆਂ ਨੂੰ ਗੋਲੀਆਂ ਮਾਰ ਦਿੱਤੀਆਂ ਸਨ। ਇਸ ਘਟਨਾ ਦੌਰਾਨ ਸਾਹਮਣੇ ਆਈ ਇਕ ਨਵਵਿਆਹੁਤਾ ਦੀ ਤਸਵੀਰ, ਜੋ ਆਪਣੇ ਪਤੀ ਦੀ ਲਾਸ਼ ਕੋਲ ਬੈਠੀ ਸੀ, ਨੇ ਪੂਰੇ ਦੇਸ਼ ਨੂੰ ਭਾਵੁਕ ਕਰ ਦਿੱਤਾ ਸੀ। ਪ੍ਰਧਾਨ ਮੰਤਰੀ ਮੋਦੀ ਨੇ ਹਮਲੇ ਤੋਂ ਬਾਅਦ ਸਪੱਸ਼ਟ ਸ਼ਬਦਾਂ ’ਚ ਆਖਿਆ ਸੀ, ‘‘ਅਤਿਵਾਦੀਆਂ ਨੂੰ ਕਿਸੇ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ।’’ ਹੁਣ, ਭਾਰਤ ਨੇ ਉਸ ਵਾਅਦੇ ਨੂੰ ‘ਅਪਰੇਸ਼ਨ ਸਿੰਧੂਰ’ ਰਾਹੀਂ ਪੂਰਾ ਕਰ ਦਿੱਤਾ ਹੈ। ਹਮਲੇ ਰਾਹੀਂ ਅਤਿਵਾਦੀਆਂ ਨੂੰ ਸੁਨੇਹਾ ਦਿੱਤਾ ਗਿਆ ਹੈ ਕਿ ਉਹ ਜਿਥੇ ਮਰਜ਼ੀ ਲੁਕ ਜਾਣ, ਉਹ ਬਚਣਗੇ ਨਹੀਂ। ਭਾਰਤ ਨੇ ਇਸ ਹਮਲੇ ਰਾਹੀਂ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਜੋ ਵੀ ਦੇਸ਼ ਦੀਆਂ ਧੀਆਂ ਦਾ ਸਿੰਧੂਰ ਉਜਾੜਨ ਦੀ ਕੋਸ਼ਿਸ਼ ਕਰੇਗਾ, ਉਸ ਨੂੰ ਮਿਟਾ ਦਿੱਤਾ ਜਾਵੇਗਾ। ਭਾਰਤੀ ਫੌਜ ਦੀ ਇਹ ਕਾਰਵਾਈ ਸਿਰਫ਼ ਇਕ ਜਵਾਬ ਨਹੀਂ, ਸਗੋਂ ਇੱਕ ਸਖ਼ਤ ਚਿਤਾਵਨੀ ਵੀ ਹੈ।