ਭਾਰਤ ਨੇ ਫਲਸਤੀਨ ਮੁੱਦੇ ਦੇ ਦੋ-ਰਾਸ਼ਟਰ ਹੱਲ ਲਈ ਵਚਨਬੱਧਤਾ ਦੁਹਰਾਈ
ਸਮਰਥਨ ਕਰਨ ਵਾਲਿਆਂ ਦਾ ਹੀ ਨੁਕਸਾਨ ਕਰੇਗਾ ਅਤਿਵਾਦ: ਵਰਧਨ
ਭਾਰਤ ਨੇ ਫਲਸਤੀਨ ਮੁੱਦੇ ਲਈ ਗੱਲਬਾਤ ਰਾਹੀਂ ਦੋ-ਰਾਸ਼ਟਰ ਹੱਲ ਪ੍ਰਤੀ ਆਪਣੀ ਲੰਬੇ ਸਮੇਂ ਦੀ ਵਚਨਬੱਧਤਾ ਦੁਹਰਾਈ ਹੈ ਅਤੇ ਇਸ ਨੂੰ ਪੱਛਮੀ ਏਸ਼ੀਆ ਵਿੱਚ ਸਥਾਈ ਸ਼ਾਂਤੀ ਤੇ ਖੁਸ਼ਹਾਲੀ ਪ੍ਰਾਪਤ ਕਰਨ ਦਾ ਇਕਮਾਤਰ ਵਿਹਾਰਕ ਹੱਲ ਦੱਸਿਆ ਹੈ। ਯੁਗਾਂਡਾ ਦੀ ਰਾਜਧਾਨੀ ਕੰਪਾਲਾ ਵਿੱਚ ਫਲਸਤੀਨ ਬਾਰੇ ਗੁੱਟ ਨਿਰਲੇਪ ਅੰਦੋਲਨ (ਐੱਨ ਏ ਐੱਮ) ਦੀ ਮੰਤਰੀ ਪੱਧਰੀ ਕਮੇਟੀ ਦੀ ਮੀਟਿੰਗ ਵਿੱਚ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਕਿਹਾ ਕਿ ਭਾਰਤ ਫਲਸਤੀਨੀਆਂ ਦੇ ਆਤਮ-ਸਮਰਪਣ, ਕੌਮੀ ਆਜ਼ਾਦੀ ਅਤੇ ਪ੍ਰਭੂਸੱਤਾ ਦੇ ਅਟੱਲ ਅਧਿਕਾਰਾਂ ਪ੍ਰਤੀ ਆਪਣੇ ਸਮਰਥਨ ਲਈ ਦ੍ਰਿੜ੍ਹ ਹੈ। ਉਨ੍ਹਾਂ ਕਿਹਾ, ‘‘ਸਾਡਾ ਆਖ਼ਰੀ ਉਦੇਸ਼ ਗੱਲਬਾਤ ਰਾਹੀਂ ਦੋ-ਰਾਸ਼ਟਰ ਹੱਲ ਹੈ ਜੋ ਸਥਾਈ ਸ਼ਾਂਤੀ ਅਤੇ ਸਮੁੱਚੀ ਖੁਸ਼ਹਾਲੀ ਪ੍ਰਾਪਤ ਕਰਨ ਦਾ ਇਕਮਾਤਰ ਮਾਰਗ ਹੈ।’’ ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸ਼ਾਂਤੀ ਦੇ ਮਾਪਦੰਡ ਸਪੱਸ਼ਟ ਹਨ, ਪ੍ਰਭੂਸੱਤਾ, ਆਜ਼ਾਦ ਤੇ ਵਿਹਾਰਕ ਫਲਸਤੀਨੀ ਰਾਸ਼ਟਰ ਜੋ ਇਜ਼ਰਾਈਲ ਦੇ ਨਾਲ ਸ਼ਾਂਤੀ ਤੇ ਸੁਰੱਖਿਆ ਸਮੇਤ ਸੁਰੱਖਿਅਤ ਤੇ ਮਾਨਤਾ ਪ੍ਰਾਪਤ ਹੱਦਾਂ ਦੇ ਅੰਦਰ ਮੋਢੇ ਨਾਲ ਮੋਢਾ ਜੋੜ ਕੇ ਰਹੇ।
ਉਨ੍ਹਾਂ ਗੁੱਟ ਨਿਰਲੇਪ ਅੰਦੋਲਨ ਦੇ ਮੈਂਬਰ ਦੇਸ਼ਾਂ ਨੂੰ ਅਤਿਵਾਦ ਨੂੰ ਬਿਲਕੁਲ ਬਰਦਾਸ਼ਤ ਨਾ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਜੋ ਵੀ ਇਸ ਨੂੰ ਕਿਸੇ ਵੀ ਰੂਪ ਵਿੱਚ ਸਪਾਂਸਰ ਕਰਦਾ ਹੈ ਤੇ ਨਿਆਂਸੰਗਤ ਠਹਿਰਾਉਂਦਾ ਹੈ, ਜਾਂ ਇਸ ’ਤੇ ਪਰਦਾ ਪਾਉਣ ਦਾ ਕੰਮ ਕਰਦਾ ਹੈ, ਅਤਿਵਾਦ ਉਲਟਾ ਉਸ ਦਾ ਹੀ ਨੁਕਸਾਨ ਕਰੇਗਾ। ਅਤਿਵਾਦ ਸਾਂਝਾ ਖ਼ਤਰਾ ਹੈ, ਜਿਸ ਦਾ ਹੱਲ ਸਿਰਫ਼ ਗੂੜ੍ਹੇ ਕੌਮਾਂਤਰੀ ਸਹਿਯੋਗ ਨਾਲ ਹੀ ਕੀਤਾ ਜਾ ਸਕਦਾ ਹੈ।