ਵਪਾਰ ਜ਼ਰੀਏ ਰੋਕਿਆ ਭਾਰਤ-ਪਾਕਿ ਟਕਰਾਅ, ਸੱਤ ਜੰਗਾਂ ਰੋਕਣ ਲਈ ਨੋਬੇਲ ਪੁਰਸਕਾਰ ਮਿਲਣਾ ਚਾਹੀਦੈ: ਟਰੰਪ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ-ਪਾਕਿਸਤਾਨ ਟਕਰਾਅ ਨੂੰ ਵਪਾਰ ਜ਼ਰੀਏ ਸੁਲਝਾਉਣ ਦਾ ਮੁੜ ਦਾਅਵਾ ਕਰਦਿਆਂ ਕਿਹਾ ਕਿ ਉਨ੍ਹਾਂ ‘ਸੱਤ ਜੰਗਾਂ ਰੁਕਵਾਉਣ ਲਈ’ ਨੋਬੇਲ ਸ਼ਾਂਤੀ ਪੁਰਸਕਾਰ ਮਿਲਣਾ ਚਾਹੀਦਾ ਹੈ। ਟਰੰਪ ਨੇ ਕਿਹਾ, ‘‘ਆਲਮੀ ਮੰਚ ’ਤੇ ਅਸੀਂ ਇਕ ਵਾਰ ਫਿਰ ਅਜਿਹੇ ਕੰਮ ਕਰ ਰਹੇ ਹਾਂ ਜਿਸ ਨਾਲ ਸਾਨੂੰ ਹਰ ਉਸ ਪੱਧਰ ਦਾ ਸਨਮਾਨ ਮਿਲ ਰਿਹਾ ਹੈ, ਜੋ ਪਹਿਲਾਂ ਕਦੇ ਨਹੀਂ ਮਿਲਿਆ।’’
ਟਰੰਪ ਨੇ ਸ਼ਨਿੱਚਰਵਾਰ ਨੂੰ ‘ਅਮਰੀਕਨ ਕਾਰਨਰਸਟੋਨ ਇੰਸਟੀਚਿਊਟ ਫਾਊਂਡਰਜ਼ ਡਿਨਰ’ ਦੇ ਸਾਲਾਨਾ ਪ੍ਰੋਗਰਾਮ ਵਿਚ ਕਿਹਾ, ‘‘ਅਸੀਂ ਸ਼ਾਂਤੀ ਸਮਝੌਤਾ ਕਰਵਾ ਰਹੇ ਹਾਂ ਤੇ ਜੰਗ ਰੋਕ ਰਹੇ ਹਾਂ। ਅਸੀਂ ਭਾਰਤ-ਪਾਕਿਸਤਾਨ ਤੇ ਥਾਈਲੈਂਡ-ਕੰਬੋਡੀਆ ਦਰਮਿਆਨ ਜੰਗ ਰੋਕੀ।’’ ਉਨ੍ਹਾਂ ਕਿਹਾ, ‘‘ਭਾਰਤ ਤੇ ਪਾਕਿਸਤਾਨ ਬਾਰੇ ਸੋਚੋ, ਕੀ ਤੁਸੀਂ ਜਾਣਦੇ ਹੋ ਕਿ ਮੈਂ ਇਸ ਨੂੰ ਕਿਵੇਂ ਰੋਕਿਆ- ਵਪਾਰ ਜ਼ਰੀਏ। ਉਹ ਵਪਾਰ ਕਰਨਾ ਚਾਹੁੰਦੇ ਹਨ ਤੇ ਮੈਂ ਦੋਵਾਂ ਆਗੂਆਂ ਦਾ ਬਹੁਤ ਸਨਮਾਨ ਕਰਦਾ ਹਾਂ।’’
ਅਮਰੀਕੀ ਰਾਸ਼ਟਰਪਤੀ ਨੇ ਦਾਅਵਾ ਕੀਤਾ, ‘‘ਭਾਰਤ-ਪਾਕਿਸਤਾਨ, ਥਾਈਲੈਂਡ-ਕੰਬੋਡੀਆ, ਅਰਮੀਨੀਆ-ਅਜ਼ਰਬਾਈਜਾਨ, ਕੋਸੋਵੋ-ਸਰਬੀਆ, ਇਜ਼ਰਾਈਲ-ਇਰਾਨ, ਮਿਸਰ-ਇਥੋਪੀਆ, ਰਵਾਂਡਾ-ਕਾਂਗੋ ਵੱਲ ਦੇਖੋ - ਅਸੀਂ ਇਨ੍ਹਾਂ ਦੇਸ਼ਾਂ ਵਿਚਕਾਰ ਟਕਰਾਅ ਨੂੰ ਰੋਕਿਆ ਹੈ ਅਤੇ ਇਨ੍ਹਾਂ ਵਿੱਚੋਂ 60 ਪ੍ਰਤੀਸ਼ਤ ਵਪਾਰ ਕਾਰਨ ਰੋਕੇ ਗਏ ਸਨ।’’ ਟਰੰਪ ਨੇ ਕਿਹਾ, ‘‘ਮੈਂ ਭਾਰਤ ਨੂੰ ਕਿਹਾ ਦੇਖੋ, ਤੁਹਾਡੇ ਦੋਵਾਂ ਕੋਲ ਪ੍ਰਮਾਣੂ ਹਥਿਆਰ ਹਨ। ਜੇਕਰ ਤੁਸੀਂ ਜੰਗ ਸ਼ੁਰੂ ਕੀਤੀ, ਤਾਂ ਅਸੀਂ ਤੁਹਾਡੇ ਨਾਲ ਕੋਈ ਵਪਾਰ ਨਹੀਂ ਕਰਾਂਗੇ। ਜਦੋਂ ਮੈਂ ਇਹ ਕਿਹਾ ਤਾਂ ਉਹ ਰੁਕ ਗਏ।’’