DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

India-Pak Relations: ਕੀ ਭਾਰਤ-ਪਾਕਿ ’ਚ ਮੁੜ ਜੰਗ ਹੋ ਸਕਦੀ ਹੈ? ਪਾਕਿ ਵਜ਼ੀਰ ਨੇ ਦਿੱਤਾ ਇਹ ਜਵਾਬ

Will India and Pakistan go to war? Foreign Minister Ishaq Dar replies
  • fb
  • twitter
  • whatsapp
  • whatsapp
featured-img featured-img
ਇਸਹਾਕ ਡਾਰ
Advertisement

ਇਸਲਾਮਾਬਾਦ, 4 ਜੂਨ

ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸਹਾਕ ਡਾਰ (Foreign Minister Ishaq Dar) ਨੇ ਬੁੱਧਵਾਰ ਨੂੰ ਕਿਹਾ ਕਿ ਪਾਕਿਸਤਾਨ ਅਤੇ ਭਾਰਤ ਵਿਚਕਾਰ ਹਥਿਆਰਬੰਦ ਟਕਰਾਅ ਮੁੜ ਸ਼ੁਰੂ ਹੋਣ ਦੇ ਆਸਾਰ ਬੜੇ ਘੱਟ ਹਨ, ਪਰ ਉਨ੍ਹਾਂ ਨਾਲ ਹੀ ਧਮਕੀ ਦਿੱਤੀ ਕਿ ਜੇ ਅਜਿਹਾ ਕੁਝ ਹੁੰਦਾ ਹੈ ਤਾਂ ਉਨ੍ਹਾਂ ਦਾ ਮੁਲਕ ਇਸ ਦਾ ਢੁਕਵਾਂ ਜਵਾਬ ਦੇਵੇਗਾ।

Advertisement

ਡਾਰ ਦੀ ਇਹ ਟਿੱਪਣੀ ਅੱਜ ਇਥੇ ਇਕ ਪ੍ਰੈਸ ਕਾਨਫਰੰਸ ਦੌਰਾਨ ਇੱਕ ਸਵਾਲ ਦਾ ਜਵਾਬ ਦਿੰਦਿਆਂ ਕੀਤੀ। ਇਹ ਪ੍ਰੈਸ ਕਾਨਫਰੰਸ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ (Prime Minister Shehbaz Sharif) ਦੇ ਤੁਰਕੀ, ਇਰਾਨ, ਅਜ਼ਰਬਾਈਜਾਨ ਅਤੇ ਤਾਜਿਕਿਸਤਾਨ ਦੇ ਹਾਲੀਆ ਦੌਰੇ ਦੇ ਵੇਰਵੇ ਦੇਣ ਅਤੇ ਸਬੰਧਤ ਮੁਲਕਾਂ ਦੀ ਲੀਡਰਸ਼ਿਪ ਵੱਲੋਂ 22 ਅਪਰੈਲ ਦੇ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨਾਲ ਪਿਛਲੇ ਮਹੀਨੇ ਹੋਏ ਟਕਰਾਅ ਦੌਰਾਨ ਪਾਕਿਸਤਾਨ ਨੂੰ ਹਮਾਇਤ ਦੇਣ ਬਦਲੇ ਧੰਨਵਾਦ ਕਰਨ ਸਬੰਧਤੀ ਸੱਦੀ ਗਈ ਸੀ।

ਲੜਾਈ ਦੇ ਸੰਭਾਵੀ ਨਵੇਂ ਦੌਰ ਬਾਰੇ ਪੁੱਛੇ ਜਾਣ 'ਤੇ ਡਾਰ ਨੇ ਕਿਹਾ ਕਿ ਉਹ ਭਵਿੱਖ ਬਾਰੇ ਪੇਸ਼ੀਨਗੋਈ ਤਾਂ ਨਹੀਂ ਕਰ ਸਕਦੇ ਪਰ ਅਜਿਹਾ ਕੁਝ ਹੋਣ ਦੇ ਆਸਾਰ ਬਹੁਤ ਘੱਟ ਹਨ। ਉਨ੍ਹਾਂ ਕਿਹਾ, “ਜੰਗਬੰਦੀ ਜਾਰੀ ਹੈ ਅਤੇ ਦੋਵਾਂ ਧਿਰਾਂ ਵੱਲੋਂ ਫੌਜਾਂ ਦੀ ਵਾਪਸੀ ਸਬੰਧੀ ਸਾਰੇ ਕਦਮਾਂ ਨੂੰ ਪੂਰੀ ਭਾਵਨਾ ਨਾਲ ਲਾਗੂ ਕੀਤਾ ਗਿਆ ਹੈ। ਇਸ ਲਈ ਮੇਰੀ ਰਾਇ ਵਿੱਚ (ਨਵੀਂ ਜੰਗ) ਦੀ ਕੋਈ ਸੰਭਾਵਨਾ ਨਹੀਂ ਹੈ।”

ਉਨ੍ਹਾਂ ਨਾਲ ਹੀ ਕਿਹਾ, “ਹਾਲਾਂਕਿ, ਜੇ ਭਾਰਤ ਹਥਿਆਰਬੰਦ ਟਕਰਾਅ ਦਾ ਸਹਾਰਾ ਲੈਂਦਾ ਹੈ ਤਾਂ ਅਸੀਂ ਉਸ ਦਾ ਢੁਕਵਾਂ ਜਵਾਬ ਦੇਵਾਂਗੇ।” ਉਨ੍ਹਾਂ ਕਿਹਾ ਕਿ ਪਾਕਿਸਤਾਨ ਭਾਰਤ ਨਾਲ ਗੱਲਬਾਤ ਲਈ ਤਿਆਰ ਹੈ, ਪਰ ਇਸ ਲਈ ਬੇਤਾਬ ਨਹੀਂ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਇੱਕ ਵਿਆਪਕ ਗੱਲਬਾਤ ਚਾਹੁੰਦਾ ਹੈ ਜਿਸ ਵਿੱਚ ਅੱਤਵਾਦ ਦੇ ਨਾਲ-ਨਾਲ ਸਿੰਧ ਜਲ ਸੰਧੀ (IWT) ਸਮੇਤ ਹੋਰ ਮੁੱਦੇ ਵੀ ਸ਼ਾਮਲ ਹੋਣ।

ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ IWT ਨੂੰ ਮੁਅੱਤਲ ਨਹੀਂ ਕੀਤਾ ਜਾ ਸਕਦਾ। ਗ਼ੌਰਤਲਬ ਹੈ ਕਿ ਭਾਰਤ ਨੇ 22 ਅਪਰੈਲ ਦੇ ਪਹਿਲਗਾਮ ਅੱਤਵਾਦੀ ਹਮਲੇ ਤੋਂ ਤੁਰੰਤ ਬਾਅਦ ਹੋਰ ਦੰਡਕਾਰੀ ਉਪਾਵਾਂ ਦੇ ਨਾਲ IWT ਨੂੰ ਮੁਅੱਤਲ ਕਰਨ ਦਾ ਐਲਾਨ ਕੀਤਾ ਸੀ।

ਮੰਤਰੀ ਨੇ ਪਹਿਲਗਾਮ ਘਟਨਾ ਦੀ ਨਿਰਪੱਖ ਜਾਂਚ ਦੀ ਪੇਸ਼ਕਸ਼ ਨੂੰ ਦੁਹਰਾਇਆ, ਜਿਸ ਕਾਰਨ ਪਾਕਿਸਤਾਨ ਅਤੇ ਭਾਰਤ ਵਿਚਕਾਰ ਹਾਲ ਹੀ ਵਿੱਚ ਤਣਾਅ ਵਧਿਆ। ਡਾਰ, ਜੋ ਕਿ ਉਪ ਪ੍ਰਧਾਨ ਮੰਤਰੀ ਵੀ ਹਨ, ਨੇ ਦਾਅਵਾ ਕੀਤਾ ਕਿ ਜਿੱਥੇ ਪਾਕਿਸਤਾਨ ਦੀ ਗਤੀਸ਼ੀਲ ਕਾਰਵਾਈ ਦੀ ਸ਼ਲਾਘਾ ਕੀਤੀ ਗਈ ਹੈ, ਉੱਥੇ ਹੀ ਇਸ ਦੇ ਕੂਟਨੀਤਕ ਯਤਨਾਂ ਨੂੰ ਅੰਤਰਰਾਸ਼ਟਰੀ ਮਾਨਤਾ ਵੀ ਮਿਲੀ ਹੈ।

ਉਨ੍ਹਾਂ ਅਮਰੀਕਾ, ਯੂਕੇ, ਸਾਊਦੀ ਅਰਬ, ਯੂਏਈ, ਕਤਰ, ਇਰਾਨ ਅਤੇ ਹੋਰ ਮੁਲਕਾਂ ਵੱਲੋਂ ਟਕਰਾਅ ਦੌਰਾਨ ਅਤੇ ਸ਼ਾਂਤੀ ਲਿਆਉਣ ਲਈ ਨਿਭਾਈ ਗਈ ਭੂਮਿਕਾ ਦੀ ਵੀ ਸ਼ਲਾਘਾ ਕੀਤੀ। ਡਾਰ ਨੇ ਐਲਾਨ ਕੀਤਾ ਕਿ ਪ੍ਰਧਾਨ ਮੰਤਰੀ ਸ਼ਰੀਫ ਅਗਲੇ 24 ਘੰਟਿਆਂ ਦੌਰਾਨ ਸਾਊਦੀ ਅਰਬ ਦੇ ਦੌਰੇ ਉਤੇ ਜਾਣਗੇ, ਤਾਂ ਕਿ ਭਾਰਤ ਨਾਲ ਟਕਰਾਅ ਦੌਰਾਨ ਉਸ ਦੀ ਹਾਂਪੱਖੀ ਭੂਮਿਕਾ ਲਈ ਸਾਊਦੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਜਾ ਸਕੇ। ਪੀਟੀਆਈ

Advertisement
×