ਭਾਰਤ ਵੱਲੋਂ ਟੈਰਿਫ਼ ‘ਸਿਫ਼ਰ’ ਕਰਨ ਦੀ ਪੇਸ਼ਕਸ਼: ਟਰੰਪ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਭਾਰਤ ਨੇ ਹੁਣ ਆਪਣੇ ਟੈਰਿਫ਼ ਘਟਾ ਕੇ ਬਿਲਕੁਲ ਜ਼ੀਰੋ ਕਰਨ ਦੀ ‘ਪੇਸ਼ਕਸ਼’ ਕੀਤੀ ਹੈ ਪਰ ਇਸ ’ਚ ਬਹੁਤ ਦੇਰ ਹੋ ਚੁੱਕੀ ਹੈ। ਟਰੰਪ ਨੇ ਕਿਹਾ ਕਿ ਭਾਰਤ ਨੂੰ ਇਹ ਕੰਮ ਕਈ ਸਾਲ ਪਹਿਲਾਂ ਕਰਨਾ ਚਾਹੀਦਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਵੱਲੋਂ ਅਮਰੀਕਾ ਤੋਂ ਬਹੁਤ ਘੱਟ ਜਦਕਿ ਰੂਸ ਤੋਂ ਜ਼ਿਆਦਾਤਰ ਤੇਲ ਅਤੇ ਫ਼ੌਜੀ ਸਾਜ਼ੋ-ਸਾਮਾਨ ਖ਼ਰੀਦਿਆ ਜਾਂਦਾ ਹੈ। ਟਰੰਪ ਨੇ ‘ਟਰੁਥ ਸੋਸ਼ਲ’ ’ਤੇ ਇੱਕ ਪੋਸਟ ਵਿੱਚ ਕਿਹਾ, “ਬਹੁਤ ਘੱਟ ਲੋਕ ਇਹ ਸਮਝਦੇ ਹਨ ਕਿ ਅਸੀਂ ਭਾਰਤ ਨਾਲ ਬਹੁਤ ਘੱਟ ਕਾਰੋਬਾਰ ਕਰਦੇ ਹਾਂ ਪਰ ਉਹ ਸਾਡੇ ਨਾਲ ਬਹੁਤ ਜ਼ਿਆਦਾ ਕਾਰੋਬਾਰ ਕਰਦਾ ਹੈ।’’ ਉਨ੍ਹਾਂ ਕਿਹਾ ਕਿ ਭਾਰਤ, ਅਮਰੀਕਾ ਨੂੰ ਵੱਡੀ ਮਾਤਰਾ ਵਿੱਚ ਵਸਤਾਂ ਵੇਚਦਾ ਹੈ ਅਤੇ ਇਹ ਇਕਪਾਸੜ ਰਿਸ਼ਤਾ ਹੈ ਜੋ ਕਈ ਦਹਾਕਿਆਂ ਤੋਂ ਇੰਜ ਹੀ ਚੱਲ ਰਿਹਾ ਹੈ। ਟਰੰਪ ਨੇ ਕਿਹਾ ਕਿ ਇਸ ਦਾ ਕਾਰਨ ਇਹ ਹੈ ਕਿ ਭਾਰਤ ਨੇ ਹੁਣ ਤੱਕ ਅਮਰੀਕਾ ’ਤੇ ਬਹੁਤ ਜ਼ਿਆਦਾ ਟੈਰਿਫ਼ ਲਗਾਏ ਹਨ, ਜੋ ਕਿਸੇ ਵੀ ਹੋਰ ਦੇਸ਼ ਨਾਲੋਂ ਸਭ ਤੋਂ ਵੱਧ ਹਨ ਜਿਸ ਕਾਰਨ ਅਮਰੀਕੀ ਕਾਰੋਬਾਰੀ ਭਾਰਤ ਵਿੱਚ ਆਪਣੀਆਂ ਵਸਤਾਂ ਨਹੀਂ ਵੇਚ ਪਾ ਰਹੇ ਹਨ। ਟਰੰਪ ਦੀਆਂ ਇਹ ਟਿੱਪਣੀਆਂ ਉਸ ਸਮੇਂ ਆਈਆਂ ਹਨ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿਆਨਜਿਨ ਵਿੱਚ ਸ਼ੰਘਾਈ ਸਹਿਯੋਗ ਸੰਗਠਨ ਸਿਖਰ ਸੰਮੇਲਨ ਤੋਂ ਅੱਡ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਦੁਵੱਲੀ ਗੱਲਬਾਤ ਕੀਤੀ ਹੈ। ਟਰੰਪ ਪ੍ਰਸ਼ਾਸਨ ਨੇ ਭਾਰਤ ’ਤੇ 25 ਫ਼ੀਸਦ ਜਵਾਬੀ ਟੈਰਿਫ਼ ਅਤੇ ਰੂਸੀ ਤੇਲ ਖ਼ਰੀਦਣ ਕਰਕੇ ਜੁਰਮਾਨੇ ਵਜੋਂ ਵਾਧੂ 25 ਫ਼ੀਸਦ ਟੈਰਿਫ਼ ਲਗਾਇਆ ਹੈ ਜਿਸ ਨਾਲ ਭਾਰਤ ’ਤੇ ਕੁੱਲ 50 ਫ਼ੀਸਦ ਡਿਊਟੀ ਲੱਗ ਗਈ ਹੈ, ਜੋ ਦੁਨੀਆ ਵਿੱਚ ਸਭ ਤੋਂ ਵੱਧ ਹੈ।