DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਰਤ ਨੇ ਕੈਨੇਡਾਵਿੱਚ ਵੱਖਵਾਦੀਆਂ ਤੇ ਗੈਂਗਸਟਰਾਂ ਦੇ ਉਭਾਰ ਨਾਲ ਜੁੜੇ ਫ਼ਿਕਰਾਂ ਤੋਂ ਅਮਰੀਕਾ ਨੂੰ ਜਾਣੂ ਕਰਵਾਇਆ

ਵਾਸ਼ਿੰਗਟਨ/ਓਟਵਾ, 29 ਸਤੰਬਰ ਭਾਰਤ ਦੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਤੇ ਉਨ੍ਹਾਂ ਦੇ ਅਮਰੀਕੀ ਹਮਰੁਤਬਾ ਐਂਟਨੀ ਬਲਿੰਕਨ ਵਿਚਾਲੇ ਹੋਈ ਬੈਠਕ ਦੌਰਾਨ ਖਾਲਿਸਤਾਨੀ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਮਾਮਲੇ ਵਿੱਚ ਕੈਨੇਡਾ ਵੱਲੋਂ ਲਾਏ ਦੋਸ਼ਾਂ ਨੂੰ ਲੈ ਕੇ ਵੀ ਵਿਚਾਰ ਚਰਚਾ ਹੋਈ।...
  • fb
  • twitter
  • whatsapp
  • whatsapp
featured-img featured-img
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਆਪਣੇ ਅਮਰੀਕੀ ਹਮਰੁਤਬਾ ਐਂਟਨੀ ਬਲਿੰਕਨ ਨਾਲ। -ਫੋਟੋ: ਪੀਟੀਆਈ
Advertisement

ਵਾਸ਼ਿੰਗਟਨ/ਓਟਵਾ, 29 ਸਤੰਬਰ

ਭਾਰਤ ਦੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਤੇ ਉਨ੍ਹਾਂ ਦੇ ਅਮਰੀਕੀ ਹਮਰੁਤਬਾ ਐਂਟਨੀ ਬਲਿੰਕਨ ਵਿਚਾਲੇ ਹੋਈ ਬੈਠਕ ਦੌਰਾਨ ਖਾਲਿਸਤਾਨੀ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਮਾਮਲੇ ਵਿੱਚ ਕੈਨੇਡਾ ਵੱਲੋਂ ਲਾਏ ਦੋਸ਼ਾਂ ਨੂੰ ਲੈ ਕੇ ਵੀ ਵਿਚਾਰ ਚਰਚਾ ਹੋਈ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਜਿੱਥੇ ਭਾਰਤ ਨੂੰ ਅਪੀਲ ਕੀਤੀ ਹੈ ਕਿ ਉਹ ਕੈਨੇਡਾ ਦੀ ਧਰਤੀ ’ਤੇ ਨਿੱਝਰ ਹੱਤਿਆ ਮਾਮਲੇ ਵਿੱਚ ਕੈਨੇਡੀਅਨ ਤਫ਼ਤੀਸ਼ਕਾਰਾਂ ਨੂੰ ‘ਪੂਰਾ ਸਹਿਯੋਗ’ ਦੇਵੇ, ਉਥੇ ਜੈਸ਼ੰਕਰ ਨੇ ਅਮਰੀਕਾ ਨੂੰ ਕੈਨੇਡਾ ਵਿਚ ਖਾਲਿਸਤਾਨ ਪੱਖੀ ਵੱਖਵਾਦੀਆਂ ਤੇ ਗੈਂਗਸਟਰਾਂ ਦੇ ਉਭਾਰ ਨੂੰ ਲੈ ਕੇ ਭਾਰਤ ਦੇ ਫਿਕਰਾਂ ਤੋਂ ਜਾਣੂ ਕਰਵਾਇਆ। ਵਾਸ਼ਿੰਗਟਨ ਡੀਸੀ ਦੇ ਪੰਜ ਰੋਜ਼ਾ ਸਰਕਾਰੀ ਦੌਰੇੇ ’ਤੇ ਆਏ ਜੈਸ਼ੰਕਰ ਨੇ ਕਿਹਾ ਕਿ ਕੈਨੇਡਾ ਦੇ ਸੁਰੱਖਿਆ ਹਾਲਾਤ ਕਥਿਤ ਕੋਈ ਬਹੁਤੇ ਵਧੀਆ ਨਹੀਂ ਹਨ। ਭਾਰਤੀ ਕੂਟਨੀਤਕਾਂ ਨੂੰ ਸਰ੍ਹੇਆਮ ਧਮਕੀਆਂ ਮਿਲ ਰਹੀਆਂ ਹਨ ਤੇ ਉਹ ਉਥੇ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ। ਨਤੀਜੇ ਵਜੋਂ ਭਾਰਤ ਨੂੰ ਉਥੇ ਆਪਣੀਆਂ ਵੀਜ਼ਾ ਸੇਵਾਵਾਂ ਬੰਦ ਕਰਨੀਆਂ ਪਈਆਂ ਹਨ। ਉਨ੍ਹਾਂ ਕਿਹਾ ਕਿ ਕੈਨੇਡਾ ਵਿਚ ਕੱਟੜਪੰਥੀ ਤੇ ਲੋਕ ਖੁੱਲ੍ਹੇਆਮ ਹਿੰਸਾ ਦੀ ਵਕਾਲਤ ਕਰ ਰਹੇ ਹਨ ਤੇ ਅਜਿਹੇ ਲੋਕਾਂ ਨੂੰ ਉਥੇ ਵਿਚਰਨ ਤੇ ਆਪਣੀਆਂ ਕਾਰਵਾਈਆਂ ਚਲਾਉਣ ਲਈ ਸਰਜ਼ਮੀਨ ਮੁਹੱਈਆ ਕਰਵਾਈ ਜਾ ਰਹੀ ਹੈ। ਇਥੇ ਹਡਸਨ ਇੰਸਟੀਚਿਊਟ ਥਿੰਕ ਟੈਂਕ ਵਿੱਚ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਜੈਸ਼ੰਕਰ ਨੇ ਬਲਿੰਕਨ ਨਾਲ ਇਹ ਮੁੱਦਾ ਵਿਚਾਰੇ ਜਾਣ ਦੀ ਪੁਸ਼ਟੀ ਕੀਤੀ। ਜੈਸ਼ੰਕਰ ਨੇ ਕਿਹਾ ਕਿ ਬੈਠਕ ਦੌਰਾਨ ਅਮਰੀਕਾ ਨੇ ਇਸ ਮਸਲੇ ਨੂੰ ਲੈ ਕੇ ਆਪਣੀ ਸਮੀਖਿਆ ਉਨ੍ਹਾਂ ਨਾਲ ਸਾਂਝੀ ਕੀਤੀ ਜਦੋਂਕਿ ਭਾਰਤ ਨੇ ਅਮਰੀਕਾ ਨੂੰ ਆਪਣੇ ਫਿਕਰਾਂ ਤੋਂ ਜਾਣੂ ਕਰਵਾਇਆ। ਜੈਸ਼ੰਕਰ ਨੇ ਕਿਹਾ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਸ਼ੁਰੂਆਤ ਵਿੱਚ ਨਿੱਜੀ ਤੇ ਮਗਰੋਂ ਜਨਤਕ ਤੌਰ ’ਤੇ ਦੋਸ਼ ਲਾਏ। ਉਨ੍ਹਾਂ ਕਿਹਾ, ‘‘ਅਸੀਂ ਇਨ੍ਹਾਂ ਦੋਸ਼ਾਂ ਬਾਰੇ ਨਿੱਜੀ ਤੇ ਜਨਤਕ ਤੌਰ ’ਤੇ ਆਪਣੇ ਜਵਾਬ ਵਿੱਚ ਆਖ ਚੁੱਕੇ ਹਾਂ ਕਿ ਇਹ ਸਾਡੀ ਪਾਲਿਸੀ ਨਾਲ ਮੇਲ ਨਹੀਂ ਖਾਂਦੇ। ਅਤੇ ਜੇਕਰ ਉਨ੍ਹਾਂ, ਤੇ ਉਨ੍ਹਾਂ ਦੀ ਸਰਕਾਰ ਕੋਲ ਕੁਝ ਵੀ ਪ੍ਰਸੰਗਿਕ ਹੈ, ਤਾਂ ਅਸੀਂ ਉਸ ’ਤੇ ਗੌਰ ਕਰਾਂਗੇ।’’ ਜੈਸ਼ੰਕਰ ਨੇ ਕਿਹਾ ਭਾਰਤ ਲਈ, ਕੈਨੇਡਾ ਅਜਿਹਾ ਮੁਲਕ ਬਣ ਗਿਆ ਹੈ, ਜਿੱਥੇ ਭਾਰਤ ਤੋਂ ਸੰਗਠਿਤ ਅਪਰਾਧ ਨੂੰ ਮਨੁੱਖੀ ਤਸਕਰੀ, ਵੱਖਵਾਦ ਤੇ ਹਿੰਸਾ ਨਾਲ ਰਲਗੱਡ ਕੀਤਾ ਜਾਂਦਾ ਹੈ। ਉਧਰ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਭਾਰਤ ਨੂੰ ਅਪੀਲ ਕੀਤੀ ਹੈ ਕਿ ਉਹ ਕੈਨੇਡਾ ਦੀ ਧਰਤੀ ’ਤੇ ਸਿੱਖ ਵੱਖਵਾਦੀ ਆਗੂ (ਹਰਦੀਪ ਸਿੰਘ ਨਿੱਝਰ) ਦੀ ਹੱਤਿਆ ਮਾਮਲੇ ਵਿੱਚ ਕੈਨੇਡੀਅਨ ਤਫ਼ਤੀਸ਼ਕਾਰਾਂ ਨਾਲ ਸਹਿਯੋਗ ਕਰੇ। -ਪੀਟੀਆਈ

Advertisement

ਰੱਖਿਆ, ਪੁਲਾੜ ਤੇ ਸਵੱਛ ਊਰਜਾ ਦੇ ਮੁੱਦੇ ਵੀ ਵਿਚਾਰੇ

ਵਾਸ਼ਿੰਗਟਨ: ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਆਪਣੇ ਅਮਰੀਕੀ ਹਮਰੁਤਬਾ ਐਂਟਨੀ ਬਲਿੰਕਨ ਨਾਲ ਇਥੇ ਮੁਲਾਕਾਤ ਕੀਤੀ। ਦੋਵੇਂ ਆਗੂਆਂ ਨੇ ਆਲਮੀ ਮੁੱਦੇ ਵਿਚਾਰਨ ਦੇ ਨਾਲ ਨਾਲ ਰੱਖਿਆ, ਪੁਲਾੜ ਅਤੇ ਸਾਫ਼ ਊਰਜਾ ਜਿਹੇ ਖੇਤਰਾਂ ’ਚ ਦੁਵੱਲੇ ਸਹਿਯੋਗ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਜੈਸ਼ੰਕਰ ਨੇ ਸ਼ੁੱਕਰਵਾਰ ਨੂੰ ‘ਐਕਸ’ ’ਤੇ ਬਲਿੰਕਨ ਨਾਲ ਹੋਈ ਮੀਟਿੰਗ ਦੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਉਨ੍ਹਾਂ ਆਲਮੀ ਘਟਨਾਕ੍ਰਮ ਬਾਰੇ ਵਿਚਾਰ ਵਟਾਂਦਰਾ ਕੀਤਾ। ਇਸ ਤੋਂ ਇਲਾਵਾ ਦਿੱਲੀ ’ਚ ਹੋਣ ਵਾਲੀ 2+2 ਮੀਟਿੰਗ ਬਾਰੇ ਵੀ ਚਰਚਾ ਕੀਤੀ ਗਈ। ਬਲਿੰਕਨ ਨੇ ਫੌਗੀ ਬੌਟਮ ਹੈੱਡਕੁਆਰਟਰ ’ਤੇ ਜੈਸ਼ੰਕਰ ਦਾ ਸਵਾਗਤ ਕਰਦਿਆਂ ਕਿਹਾ ਕਿ ਜੀ-20 ਅਤੇ ਨਿਊਯਾਰਕ ’ਚ ਸੰਯੁਕਤ ਰਾਸ਼ਟਰ ਮਹਾਸਭਾ ਸਮੇਤ ਪਿਛਲੇ ਕੁਝ ਹਫ਼ਤਿਆਂ ’ਚ ਹੋਈਆਂ ਮੁਲਾਕਾਤਾਂ ਦੌਰਾਨ ਵਧੀਆ ਗੱਲਬਾਤ ਹੋਈ ਹੈ। ਜਦੋਂ ਦੋਵੇਂ ਆਗੂ ਮੀਡੀਆ ਸਾਹਮਣੇ ਆਏ ਤਾਂ ਉਹ ਮੁਸਕਰਾ ਰਹੇ ਸਨ ਅਤੇ ਖੁਸ਼ੀ ਦੇ ਰੌਂਅ ’ਚ ਸਨ। ਇਸ ਤੋਂ ਪਹਿਲਾਂ ਜੈਸ਼ੰਕਰ ਨੇ ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਨ ਨਾਲ ਮੁਲਾਕਾਤ ਕੀਤੀ ਸੀ। ਬਾਅਦ ’ਚ ਜੈਸ਼ੰਕਰ ਨੇ ਅਮਰੀਕੀ ਵਪਾਰ ਨੁਮਾਇੰਦੇ ਕੈਥਰੀਨ ਟਾਈ ਨਾਲ ਮੁਲਾਕਾਤ ਕਰਕੇ ਆਰਥਿਕ ਸਬੰਧਾਂ ਬਾਰੇ ਵਿਚਾਰ ਵਟਾਂਦਰਾ ਕੀਤਾ। ਜੈਸ਼ੰਕਰ ਨੇ ਇਕ ਹੋਰ ਪੋਸਟ ’ਚ ਕਿਹਾ ਕਿ ਇਹ ਜਾਣ ਕੇ ਖੁਸ਼ੀ ਹੋਈ ਕਿ ਕਾਰਪੋਰੇਟ ਬੋਰਡਰੂਮਾਂ ’ਚ ਭਾਰਤ ਬਾਰੇ ਚਰਚਾ ਹੋ ਰਹੀ ਹੈ। ‘ਸਾਡੀ ਸਾਂਝ ਵਧੇਰੇ ਸੰਭਾਵਨਾਵਾਂ ਪੇਸ਼ ਕਰ ਰਹੀ ਹੈ।’ ਬਾਅਦ ’ਚ ਵਿਦੇਸ਼ ਵਿਭਾਗ ਦੇ ਤਰਜਮਾਨ ਮੈਥਿਊ ਮਿਲਰ ਨੇ ਕਿਹਾ ਕਿ ਬਲਿੰਕਨ ਅਤੇ ਜੈਸ਼ੰਕਰ ਨੇ ਭਾਰਤ ਦੀ ਜੀ-20 ਪ੍ਰਧਾਨਗੀ ਦੇ ਅਹਿਮ ਸਿੱਟਿਆਂ, ਭਾਰਤ-ਮੱਧ ਪੂਰਬ-ਯੂਰੋਪ ਆਰਥਿਕ ਲਾਂਘਾ ਅਤੇ ਪਾਰਦਰਸ਼ੀ, ਸਥਾਈ ਤੇ ਉੱਚ ਮਿਆਰੀ ਬੁਨਿਆਦੀ ਢਾਂਚਾ ਨਵਿੇਸ਼ ਪੈਦਾ ਕਰਨ ਦੀ ਸਮਰੱਥਾ ਸਮੇਤ ਕਈ ਮੁੱਦਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ। -ਪੀਟੀਆਈ

ਭਾਰਤ ਨਾਲ ‘ਗੂੜ੍ਹੇ ਰਿਸ਼ਤਿਆਂ’ ਲਈ ਵਚਨਬੱਧ: ਟਰੂਡੋ

ਟੋਰਾਂਟੋ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨਿ ਟਰੂਡੋ ਨੇ ਕਿਹਾ ਕਿ ਉਨ੍ਹਾਂ ਦਾ ਮੁਲਕ ਭਾਰਤ ਨਾਲ ‘ਗੂੜ੍ਹੇ ਰਿਸ਼ਤੇ’ ਬਣਾ ਕੇ ਰੱਖਣ ਲਈ ‘ਬਹੁਤ ਗੰਭੀਰ’ ਹੈ ਕਿਉਂਕਿ ਭਾਰਤ ਇਕ ਉਭਰਦੀ ਆਰਥਿਕ ਤਾਕਤ ਤੇ ਅਹਿਮ ਭੂ-ਸਿਆਸੀ ਦੇਸ਼ ਹੈ। ਟਰੂਡੋ ਨੇ ਹਾਲਾਂਕਿ ਸਾਫ਼ ਕਰ ਦਿੱਤਾ ਕਿ ਉਹ ਚਾਹੁੰਦੇ ਹਨ ਕਿ ਨਵੀਂ ਦਿੱਲੀ ਤੇ ਓਟਵਾ ਮਿਲ ਕੇ ਕੰਮ ਕਰਨ ਤਾਂ ਕਿ ਹਰਦੀਪ ਸਿੰਘ ਨਿੱਝਰ ਹੱਤਿਆ ਮਾਮਲੇ ਵਿੱਚ ਸਾਰੇ ਤੱਥ ਸਾਹਮਣੇ ਲਿਆਂਦੇ ਜਾ ਸਕਣ। ‘ਦਿ ਨੈਸ਼ਨਲ ਪੋਸਟ’ ਰੋਜ਼ਨਾਮਚੇ ਨੇ ਆਪਣੀ ਇਕ ਰਿਪੋਰਟ ਵਿੱਚ ਪ੍ਰਧਾਨ ਮੰਤਰੀ ਟਰੂਡੋ ਦੇ ਹਵਾਲੇ ਨਾਲ ਕਿਹਾ ਕਿ ਭਾਰਤ ਖਿਲਾਫ਼ ‘ਪ੍ਰਮਾਣਿਕ ਦੋਸ਼ਾਂ’ ਦੇ ਬਾਵਜੂਦ ਕੈਨੇਡਾ ਉਸ (ਭਾਰਤ) ਨਾਲ ਗੂੜ੍ਹੇ ਰਿਸ਼ਤੇ ਬਣਾਉਣ ਲਈ ਵਚਨਬੱਧ ਹੈ। ਟਰੂਡੋ ਨੇ ਮੌਂਟਰੀਅਲ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਬੋਲਦਿਆਂ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਕੈਨੇਡਾ ਤੇ ਇਸ ਦੇ ਭਾਈਵਾਲਾਂ ਲਈ ਇਹ ‘ਬੇਹੱਦ ਅਹਿਮ’ ਹੈ ਕਿ ਭਾਰਤ ਦੀ ਆਲਮੀ ਪੱਧਰ ’ਤੇ ਵਧਦੀ ਅਹਿਮੀਅਤ ਦੇ ਮੱਦੇਨਜ਼ਰ ਉਸ ਨਾਲ ‘ਉਸਾਰੂ ਤੇ ਸੰਜੀਦਾ’ ਰਿਸ਼ਤੇ ਰੱਖਣ ਦਾ ਅਮਲ ਜਾਰੀ ਰਹੇ। ਜਸਟਨਿ ਟਰੂਡੋ ਨੇ ਕਿਹਾ ਕਿ ਨਿੱਝਰ ਹੱਤਿਆ ਮਾਮਲੇ ਵਿੱਚ ਭਾਰਤ ਸਰਕਾਰ ਨਾਲ ਗੱਲਬਾਤ ਕਰਨ ਲਈ ਅਮਰੀਕਾ ਉਨ੍ਹਾਂ ਦੇ ਨਾਲ ਹੈ। -ਪੀਟੀਆਈ

ਨਿੱਝਰ ਹੱਤਿਆ ਮਾਮਲੇ ਦੀ ‘ਸਰਗਰਮੀ ਨਾਲ ਜਾਂਚ’ ਜਾਰੀ: ਕੈਨੇਡੀਅਨ ਪੁਲੀਸ

ਵਾਸ਼ਿੰਗਟਨ: ਰੌਇਲ ਕੈਨੇਡੀਅਨ ਮਾਊਂਟਿਡ ਪੁਲੀਸ (ਆਰਸੀਐੱਮਪੀ) ਨੇ ਦਾਅਵਾ ਕੀਤਾ ਹੈ ਕਿ ਖਾਲਿਸਤਾਨੀ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਹੱਤਿਆ ਮਾਮਲੇ ਦੀ ‘ਸਰਗਰਮੀ ਨਾਲ ਜਾਂਚ’ ਜਾਰੀ ਹੈ। ਪਾਬੰਦੀਸ਼ੁਦਾ ਖਾਲਿਸਤਾਨ ਟਾਈਗਰ ਫੋਰਸ ਦੇ ਮੁਖੀ ਨਿੱਝਰ ਦੀ 18 ਜੂਨ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਵਿਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਭਾਰਤ ਨੇ ਸਾਲ 2020 ਵਿੱਚ ਨਿੱਝਰ ਨੂੰ ਆਲਮੀ ਦਹਿਸ਼ਤਗਰਦ ਐਲਾਨ ਦਿੱਤਾ ਸੀ। ਆਰਸੀਐੱਮਪੀ ਦੀ ਇੰਟੇਗਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (ਆਈਐੱਚਆਈਟੀ) ਵੱਲੋਂ ਨਿੱਝਰ ਹੱਤਿਆ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਆਈਐੱਚਆਈਟੀ ਦੇ ਤਰਜਮਾਨ ਸਾਰਜੈਂਟ ਟਿਮੋਥੀ ਪੀਅਰੋਟੀ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਅਸੀਂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਨਾਲ ਸਬੰਧਤ ਰਿਪੋਰਟਾਂ ਤੋਂ ਜਾਣੂ ਹਾਂ। ਕਿਉਂਕਿ ਸਾਡੇ ਲਈ ਇਹ ਸਰਗਰਮ ਕੇਸ ਹੈ ਤੇ ਜਾਂਚ ਦਾ ਅਮਲ ਜਾਰੀ ਹੈ। ਮੈਂ ਆਈਐੱਚਆਈਟੀ ਵੱਲੋਂ ਇਕੱਤਰ ਕੀਤੇ ਸਬੂਤਾਂ ਬਾਰੇ ਕੋਈ ਟਿੱਪਣੀ ਨਹੀਂ ਕਰ ਸਕਦਾ।’’ ਉਧਰ ਸਰੀ ਵਿਚਲੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ, ਜਿਸ ਦੀ ਪਾਰਕਿੰਗ ਵਿੱਚ ਨਿੱਝਰ ਦੀ ਹੱਤਿਆ ਕੀਤੀ ਗਈ ਸੀ, ਨੇ ਇਸ ਗੱਲ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ‘ਦਿ ਵਾਸ਼ਿੰਗਟਨ ਪੋਸਟ’ ਰੋਜ਼ਨਾਮਚੇ ਨੂੰ ਜੂਨ ਵਿੱਚ ਹੋਈ ਇਸ ਹੱਤਿਆ ਨਾਲ ਸਬੰਧਤ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਿੱਥੋਂ ਮਿਲੀ। ਗੁਰਦੁਆਰੇ ਦੇ ਤਰਜਮਾਨ ਗੁਰਕੀਰਤ ਸਿੰਘ ਨੇ ‘ਦਿ ਕੈਨੇਡੀਅਨ ਪ੍ਰੈੱਸ’ ਨੂੰ ਦੱਸਿਆ, ‘‘ਗੁਰਦੁਆਰੇ ਦੇ ਪ੍ਰਬੰਧਕਾਂ ਨੇ ਸਾਨੂੰ ਦੱਸਿਆ ਹੈ ਕਿ ਇਹ ਵੀਡੀਓ ਮੀਡੀਆ ਤੇ ਲੋਕਾਂ ਲਈ ਨਹੀਂ ਸੀ, ਕਿਉਂਕਿ ਕੇਸ ਦੀ ਜਾਂਚ ਜਾਰੀ ਹੈ। ਇਹ ਵੀਡੀਓ ਕਿਸੇ ਨੂੰ ਵੀ ਰਿਲੀਜ਼ ਨਹੀਂ ਕੀਤੀ ਗਈ।’’ ਸਿੰਘ ਨੇ ਹਾਲਾਂਕਿ ਕਿਹਾ ਕਿ ਉਸ ਨੇ ਇਹ ਵੀਡੀਓ ਕਈ ਵਾਰ ਦੇਖੀ ਹੈ। ਉਸ ਨੇ ਕਿਹਾ, ‘‘ਇਹ ਕੁਝ ਅਜਿਹਾ ਸੀ, ਜੋ ਗਿਣਮਿੱਥ ਕੇ ਕੀਤਾ ਗਿਆ ਸੀ। ਉਨ੍ਹਾਂ ਲੋਕਾਂ ਨੇ ਹਰਦੀਪ ਸਿੰਘ ਦੀ ਹਲਚਲ ’ਤੇ ਨਜ਼ਰ ਰੱਖੀ ਹੋਈ ਸੀ। ਉਨ੍ਹਾਂ ਨੂੰ ਪਤਾ ਸੀ ਕਿ ਉਹ ਕਿਸ ਦਿਸ਼ਾ ਵਿੱਚ ਜਾ ਰਿਹੈ ਤੇ ਉਹ ਕਿਹੜੇ ਰਸਤਿਓਂ ਗੁਰਦੁਆਰੇ ’ਚੋਂ ਬਾਹਰ ਨਿਕਲੇਗਾ।’’ ਪੀਅਰੋਟੀ ਨੇ ਸਥਾਨਕ ਅਖ਼ਬਾਰ ਸਰੀ ਨਾਓ-ਲੀਡਰ ਨੂੰ ਦੱਸਿਆ ਕਿ ਪੁਲੀਸ ਨੇ ‘ਇਲਾਕੇ ਦੀ ਜਾਂਚ’ ਮੁਕੰਮਲ ਕਰ ਲਈ ਹੈ ਅਤੇ ਸਬੂਤ ਤੇ ਹੋਰ ਸਬੰਧਤ ਵੀਡੀਓ ਇਕੱਤਰ ਕੀਤੇ ਜਾ ਰਹੇ ਹਨ। ਉਧਰ ਨਿੱਝਰ ਦੇ ਪੁੱਤਰ ਬਲਰਾਜ ਨਿੱਝਰ ਨੇ ਦੱਸਿਆ ਕਿ ਉਸ ਦੇ ਪਿਤਾ ਵੱਲੋਂ ਕੈਨੇਡੀਅਨ ਸਕਿਓਰਿਟੀ ਇੰਟੈਲੀਜੈਂਸ ਸਰਵਿਸ ਦੇ ਅਧਿਕਾਰੀਆਂ ਨਾਲ ‘ਹਫ਼ਤੇ ’ਚ ਇਕ ਜਾਂ ਦੋ ਵਾਰ’ ਨਿਯਮਤ ਮੀਟਿੰਗਾਂ ਕੀਤੀਆਂ ਜਾਂਦੀਆਂ ਸਨ। 18 ਜੂਨ ਨੂੰ ਹੱਤਿਆ ਤੋਂ ਇਕ ਦੋ ਦਨਿ ਪਹਿਲਾਂ ਵੀ ਉਸ ਦਾ ਪਿਤਾ ਇਨ੍ਹਾਂ ਅਧਿਕਾਰੀਆਂ ਨੂੰ ਮਿਲਿਆ ਸੀ ਤੇ ਦੋ ਦਿਨਾਂ ਮਗਰੋਂ ਇਕ ਹੋਰ ਮੀਟਿੰਗ ਤਜਵੀਜ਼ਤ ਸੀ। -ਪੀਟੀਆਈ

Advertisement
×