ਰੂਸ ਤੋਂ ਵੱਡੀ ਮਾਤਰਾ ’ਚ ਤੇਲ ਖਰੀਦ ਕੇ ਅੱਗੇ ਮੁਨਾਫ਼ੇ ਲਈ ਵੇਚ ਰਿਹੈ ਭਾਰਤ: ਟਰੰਪ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਮਵਾਰ ਨੂੰ ਕਿਹਾ ਕਿ ਉਹ ਭਾਰਤ ਵੱਲੋਂ ਅਮਰੀਕਾ ਨੂੰ ਅਦਾ ਕੀਤੇ ਜਾਣ ਵਾਲੇ ਟੈਰਿਫਾਂ ਵਿੱਚ ‘ਕਾਫ਼ੀ’ ਵਾਧਾ ਕਰਨਗੇ। ਉਨ੍ਹਾਂ ਦੋਸ਼ ਲਗਾਇਆ ਕਿ ਭਾਰਤ, ਰੂਸ ਤੋਂ ਵੱਡੀ ਮਾਤਰਾ ਵਿੱਚ ਤੇਲ ਖਰੀਦ ਰਿਹਾ ਹੈ ਅਤੇ ਇਸ ਨੂੰ ਵੱਡੇ ਮੁਨਾਫ਼ੇ ਲਈ ਵੇਚ ਰਿਹਾ ਹੈ।
ਟਰੰਪ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ, ‘‘ਭਾਰਤ ਨਾ ਸਿਰਫ਼ ਵੱਡੀ ਮਾਤਰਾ ਵਿੱਚ ਰੂਸੀ ਤੇਲ ਖਰੀਦ ਰਿਹਾ ਹੈ, ਸਗੋਂ ਉਹ ਖਰੀਦੇ ਗਏ ਜ਼ਿਆਦਾਤਰ ਤੇਲ ਨੂੰ ਖੁੱਲ੍ਹੇ ਬਾਜ਼ਾਰ ਵਿੱਚ ਵੱਡੇ ਮੁਨਾਫ਼ੇ ਲਈ ਵੇਚ ਰਹੇ ਹਨ।’’ ਅਮਰੀਕੀ ਸਦਰ ਨੇ ਕਿਹਾ, ‘‘ਉਨ੍ਹਾਂ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਹੈ ਕਿ ਰੂਸੀ ਜੰਗੀ ਮਸ਼ੀਨ ਨਾਲ ਯੂਕਰੇਨ ਵਿੱਚ ਕਿੰਨੇ ਲੋਕ ਮਾਰੇ ਜਾ ਰਹੇ ਹਨ। ਇਸ ਕਾਰਨ ਮੈਂ ਭਾਰਤ ਵੱਲੋਂ ਅਮਰੀਕਾ ਨੂੰ ਅਦਾ ਕੀਤੇ ਜਾਣ ਵਾਲੇ ਟੈਰਿਫ ਨੂੰ ਕਾਫ਼ੀ ਵਧਾਵਾਂਗਾ।’’
ਪਿਛਲੇ ਹਫ਼ਤੇ ਟਰੰਪ ਨੇ ਭਾਰਤ ਅਤੇ ਰੂਸ ’ਤੇ ਉਨ੍ਹਾਂ ਦੇ ਨੇੜਲੇ ਸਬੰਧਾਂ ਲਈ ਤਿੱਖਾ ਹਮਲਾ ਬੋਲਿਆ ਅਤੇ ਕਿਹਾ ਕਿ ਦੋਵੇਂ ਦੇਸ਼ ਆਪਣੇ ‘ਬੇਜਾਨ ਅਰਥਚਾਰਿਆਂ’ ਨੂੰ ਇਕੱਠੇ ਢਾਹ ਸਕਦੇ ਹਨ।’’ ਟਰੰਪ ਦੀ ਇਸ ਟਿੱਪਣੀ ਮਗਰੋਂ ਨਵੀਂ ਦਿੱਲੀ ਇਹ ਕਹਿਣ ਲਈ ਮਜਬੂਰ ਹੋ ਗਿਆ ਕਿ ਭਾਰਤ ਵਿਸ਼ਵ ਦਾ ਸਭ ਤੋਂ ਤੇਜ਼ੀ ਨਾਲ ਵੱਧ ਰਿਹਾ ਪ੍ਰਮੁੱਖ ਅਰਥਚਾਰਾ ਹੈ।
ਵ੍ਹਾਈਟ ਹਾਊਸ ਨੇ ਪਿਛਲੇ ਹਫ਼ਤੇ ਐਲਾਨ ਕੀਤਾ ਸੀ ਕਿ ਟਰੰਪ ਵੱਲੋਂ ਦੁਨੀਆ ਭਰ ਦੇ ਦੇਸ਼ਾਂ ਤੋਂ ਬਰਾਮਦ ’ਤੇ ਵਾਸ਼ਿੰਗਟਨ ਵੱਲੋਂ ਲਗਾਏ ਜਾਣ ਵਾਲੇ ਵੱਖ-ਵੱਖ ਟੈਕਸਾਂ ਦੀ ਸੂਚੀ ਦੇਣ ਵਾਲੇ ਕਾਰਜਕਾਰੀ ਆਦੇਸ਼ ਜਾਰੀ ਕਰਨ ਤੋਂ ਬਾਅਦ ਭਾਰਤ ਨੂੰ 25 ਫੀਸਦ ਟੈਰਿਫ ਦਾ ਸਾਹਮਣਾ ਕਰਨਾ ਪਵੇਗਾ।