ਅਮਰੀਕਾ ਵੱਲੋਂ ਬਣਾਏ ਨਵੇਂ ਗਰੁੱਪ ’ਚੋਂ ਭਾਰਤ ਬਾਹਰ
ੳੁੱਚ ਤਕਨਾਲੋਜੀ ਅਤੇ ਸਪਲਾੲੀ ਚੇਨਾਂ ਲੲੀ ਬਣਾਇਆ ਗਿਆ ਹੈ ‘ਪੈਕਸ ਸਿਲਿਕਾ’
ਅਮਰੀਕਾ ਵੱਲੋਂ ਉੱਚ ਤਕਨਾਲੋਜੀ ਅਤੇ ਸਪਲਾਈ ਚੇਨ ਸਬੰਧੀ ਬਣਾਏ ਨਵੇਂ ਗਰੁੱਪ ‘ਪੈਕਸ ਸਿਲਿਕਾ’ ’ਚੋਂ ਭਾਰਤ ਨੂੰ ਬਾਹਰ ਰੱਖੇ ਜਾਣ ਨਾਲ ਦੋਵੇਂ ਮੁਲਕਾਂ ਦੀ ਰਣਨੀਤਕ ਅਤੇ ਤਕਨਾਲੋਜੀ ਭਾਈਵਾਲੀ ’ਤੇ ਸਵਾਲ ਖੜ੍ਹੇ ਹੋ ਗਏ ਹਨ। ਅਮਰੀਕਾ ਦੀ ਅਗਵਾਈ ਹੇਠ ਬਣੇ ਗੁੱਟ ’ਚ ਜਪਾਨ, ਦੱਖਣੀ ਕੋਰੀਆ, ਸਿੰਗਾਪੁਰ, ਨੈਦਰਲੈਂਡਜ਼, ਬਰਤਾਨੀਆ, ਇਜ਼ਰਾਈਲ, ਸੰਯੁਕਤ ਅਰਬ ਅਮੀਰਾਤ ਅਤੇ ਆਸਟਰੇਲੀਆ ਨੂੰ ਸ਼ਾਮਲ ਕੀਤਾ ਗਿਆ ਹੈ। ਗਰੁੱਪ ’ਚ ਕੁਆਡ ਦੇ ਹੋਰ ਮੈਂਬਰ ਮੁਲਕ ਅਮਰੀਕਾ, ਜਪਾਨ ਅਤੇ ਆਸਟਰੇਲੀਆ ਸ਼ਾਮਲ ਹਨ ਪਰ ਭਾਰਤ ਨੂੰ ਉਸ ’ਚ ਸ਼ਾਮਲ ਨਹੀਂ ਕੀਤਾ ਗਿਆ ਹੈ। ‘ਪੈਕਸ ਸਿਲਿਕਾ’ ਦਾ ਉਦੇਸ਼ ਸਪਲਾਈ ਚੇਨਾਂ ਖਾਸ ਕਰਕੇ ਅਹਿਮ ਖਣਿਜਾਂ, ਸੈਮੀਕੰਡਕਟਰ, ਊਰਜਾ ਖਪਤ, ਲੌਜਿਸਟਿਕਸ ਅਤੇ ਏ ਆਈ ਬੁਨਿਆਦੀ ਢਾਂਚੇ ਦੇ ਖੇਤਰ ’ਚ ਨਿਰਭਰਤਾ ਘੱਟ ਕਰਨਾ ਹੈ। ਅਮਰੀਕਾ ਦੀ ਇਸ ਪਹਿਲ ਨੂੰ ਚੀਨ ਦੀ ਉੱਚ ਤਕਨਾਲੋਜੀ ਅਤੇ ਸਪਲਾਈ ਚੇਨਾਂ ’ਚ ਅਜਾਰੇਦਾਰੀ ’ਤੇ ਸ਼ਿਕੰਜਾ ਕੱਸਣ ਵਜੋਂ ਦੇਖਿਆ ਜਾ ਰਿਹਾ ਹੈ। ਵਾਸ਼ਿੰਗਟਨ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਹੈ ਕਿ ‘ਪੈਕਸ ਸਿਲਿਕਾ’ ਹਾਂ-ਪੱਖੀ ਭਾਈਵਾਲੀ ਹੈ ਅਤੇ ਇਹ ਹੋਰ ਮੁਲਕਾਂ ਨੂੰ ਅਲੱਗ-ਥਲੱਗ ਕਰਨ ਲਈ ਤਿਆਰ ਨਹੀਂ ਕੀਤਾ ਗਿਆ ਹੈ ਪਰ ਭਾਰਤ ਦੀ ਗ਼ੈਰਹਾਜ਼ਰੀ ਵੱਲ ਸਾਰਿਆਂ ਦਾ ਧਿਆਨ ਗਿਆ ਹੈ ਕਿਉਂਕਿ ਉਹ ਵਾਰ ਵਾਰ ਆਲਮੀ ਸੈਮੀਕੰਡਕਟਰ ਅਤੇ ਇਲੈਕਟ੍ਰਾਨਿਕਸ ਮੈਨੂੰਫੈਕਚਰਿੰਗ ਕੇਂਦਰ ਬਣਨ ’ਤੇ ਜ਼ੋਰ ਦੇ ਰਿਹਾ ਹੈ। ਵਿਰੋਧੀ ਧਿਰ ਕਾਂਗਰਸ ਨੇ ਨਵੇਂ ਬਣੇ ਗੁੱਟ ’ਚ ਭਾਰਤ ਨੂੰ ਸ਼ਾਮਲ ਨਾ ਕੀਤੇ ਜਾਣ ’ਤੇ ਕੇਂਦਰ ਸਰਕਾਰ ਨੂੰ ਘੇਰੇ ’ਚ ਲੈਂਦਿਆਂ ਕਿਹਾ ਕਿ ਇਹ ਅਮਰੀਕਾ ਨਾਲ ਦੁਵੱਲੇ ਸਬੰਧਾਂ ’ਚ ਨਿਘਾਰ ਹੈ। ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿਉਂਕਿ ਟਰੰਪ-ਮੋਦੀ ਦੇ ਸਬੰਧ 10 ਮਈ ਤੋਂ ਹੀ ਖ਼ਰਾਬ ਚੱਲ ਰਹੇ ਹਨ।

