DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਯੂਕਰੇਨ ਖ਼ਿਲਾਫ਼ ਜੰਗ ਬੰਦ ਕਰਨ ਲਈ ਪੂਤਿਨ ਨੂੰ ਮਨਾਏ ਭਾਰਤ: ਅਮਰੀਕਾ

ਭਾਰਤ ਨੂੰ ਰੂਸ ਨਾਲ ਪੁਰਾਣੇ ਸਬੰਧਾਂ ਦੀ ‘ਵਰਤੋਂ’ ਕਰਨ ਦੀ ਕੀਤੀ ਅਪੀਲ
  • fb
  • twitter
  • whatsapp
  • whatsapp
Advertisement

ਮਿਲਵਾਕੀ, 16 ਜੁਲਾਈ

ਰੂਸ ਨਾਲ ਭਾਰਤ ਦੇ ਪੁਰਾਣੇ ਰਿਸ਼ਤਿਆਂ ਦਾ ਜ਼ਿਕਰ ਕਰਦਿਆਂ ਅਮਰੀਕਾ ਨੇ ਕਿਹਾ ਹੈ ਕਿ ਉਸ ਨੇ ਨਵੀਂ ਦਿੱਲੀ ਨੂੰ ਅਪੀਲ ਕੀਤੀ ਹੈ ਕਿ ਉਹ ਮਾਸਕੋ ਨਾਲ ਆਪਣੇ ਸਬੰਧਾਂ ਦੀ ‘ਵਰਤੋਂ ਕਰਦਿਆਂ’ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਯੂਕਰੇਨ ਖਿਲਾਫ਼ ‘ਗੈਰਕਾਨੂੰਨੀ ਜੰਗ’ ਖ਼ਤਮ ਕਰਨ ਦੀ ਅਪੀਲ ਕਰੇ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਮੈਥਿਊ ਮਿੱਲਰ ਨੇ ਸੋਮਵਾਰ ਨੂੰ ਆਪਣੀ ਨਿਯਮਤ ਪ੍ਰੈੱਸ ਕਾਨਫਰੰਸ ਵਿਚ ਕਿਹਾ, ‘‘ਭਾਰਤ ਦੇ ਰੂਸ ਨਾਲ ਬਹੁਤ ਪੁਰਾਣੇ ਸਬੰਧ ਹਨ। ਮੈਨੂੰ ਲੱਗਦਾ ਹੈ ਕਿ ਇਹ ਗੱਲ ਸਾਰਿਆਂ ਨੂੰ ਪਤਾ ਹੈ। ਅਸੀਂ ਭਾਰਤ ਨੂੰ ਹੱਲਾਸ਼ੇਰੀ ਦਿੱਤੀ ਹੈ ਕਿ ਉਹ ਰੂਸ ਨਾਲ ਇਨ੍ਹਾਂ ਪੁਰਾਣੇ ਸਬੰਧਾਂ ਤੇ ਆਪਣੀ ਨਿਵੇਕਲੀ ਦੋਸਤੀ ਦੀ ਵਰਤੋਂ ਕਰੇ ਅਤੇ ਰਾਸ਼ਟਰਪਤੀ ਪੂਤਿਨ ਨੂੰ ਆਪਣੀ ਗੈਰਕਾਨੂੰਨੀ ਜੰਗ ਖ਼ਤਮ ਕਰਨ, ਇਸ ਟਕਰਾਅ ਵਿਚ ਨਿਆਂਪੂਰਨ ਤੇ ਸਥਾਈ ਅਮਨ ਹਾਸਲ ਕਰਨ ਤੇ ਸੰਯੁਕਤ ਰਾਸ਼ਟਰ ਚਾਰਟਰ, ਯੂਕਰੇਨ ਦੀ ਖੇਤਰੀ ਅਖੰਡਤਾ ਤੇ ਪ੍ਰਭੂਸੱਤਾ ਦਾ ਸਨਮਾਨ ਕਰਨ ਦੀ ਅਪੀਲ ਕਰੇ।’’

Advertisement

ਮਿੱਲਰ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ, ‘‘ਅਸੀਂ ਭਾਰਤ ਸਰਕਾਰ ਨੂੰ ਇਸ ਗੱਲ ਲਈ ਲਗਾਤਾਰ ਜ਼ੋਰ ਦਿੰਦੇ ਰਹਾਂਗੇ। ਰੂਸ ਨਾਲ ਸਬੰਧਾਂ ਦੇ ਮਾਮਲੇ ਵਿਚ ਭਾਰਤ ਸਾਡਾ ਇਕ ਅਹਿਮ ਭਾਈਵਾਲ ਹੈ।’’ ਮਿੱਲਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੂਸ ਤੋਂ ਰਵਾਨਾ ਹੋਣ ਤੋਂ ਫੌਰੀ ਮਗਰੋਂ 9 ਜੁਲਾਈ ਨੂੰ ਵੀ ਇਸੇ ਤਰ੍ਹਾਂ ਦੀ ਟਿੱਪਣੀ ਕੀਤੀ ਸੀ। ਮੋਦੀ 22ਵੀਂ ਭਾਰਤ-ਰੂਸ ਸਾਲਾਨਾ ਸਿਖਰ ਵਾਰਤਾ ਲਈ 8-9 ਜੁਲਾਈ ਨੂੰ ਦੋ ਦਿਨ ਲਈ ਰੂਸ ਵਿਚ ਸਨ। ਯੂਕਰੇਨ ਵਿਚ ਜਾਰੀ ਜੰਗ ਦਰਮਿਆਨ ਉਨ੍ਹਾਂ ਦੀ ਇਸ ਫੇਰੀ ’ਤੇ ਪੱਛਮੀ ਮੁਲਕਾਂ ਨੇ ਨੇੜਿਓਂ ਨਜ਼ਰ ਬਣਾਈ ਹੋਈ ਸੀ। ਰੂਸ ਵੱਲੋਂ ਯੂਕਰੇਨ ਖਿਲਾਫ਼ ਜੰਗ ਛੇੜੇ ਨੂੰ ਦੋ ਸਾਲ ਤੋਂ ਵੱਧ ਸਮਾਂ ਹੋ ਚੁੱਕਾ ਹੈ ਤੇ ਉਸ ਮਗਰੋਂ ਮੋਦੀ ਦੀ ਇਹ ਪਹਿਲੀ ਰੂਸ ਫੇਰੀ ਸੀ। ਪ੍ਰਧਾਨ ਮੰਤਰੀ ਮੋਦੀ ਨੇ 9 ਜੁਲਾਈ ਨੂੰ ਪੂਤਿਨ ਨੂੰ ਕਿਹਾ ਸੀ ਕਿ ਬੰਬ, ਬੰਦੂਕਾਂ ਤੇ ਗੋਲੀਆਂ ਦਰਮਿਆਨ ਸ਼ਾਂਤੀ ਵਾਰਤਾ ਸਫਲ ਨਹੀਂ ਹੋ ਸਕਦੀ ਤੇ ਜੰਗ ਦੇ ਮੈਦਾਨ ਵਿਚ ਕਿਸੇ ਵੀ ਟਕਰਾਅ ਦਾ ਹੱਲ ਸੰਭਵ ਨਹੀਂ ਹੈ। -ਪੀਟੀਆਈ

Advertisement
×