ਰੱਖਿਆ ਸਬੰਧ ਮਜ਼ਬੂਤ ਕਰਨ ਲਈ ਭਾਰਤ-ਆਸਟਰੇਲੀਆ ਵੱਲੋਂ ਤਿੰਨ ਸਮਝੌਤੇ
ਰਾਜਨਾਥ ਸਿੰਘ ਵੱਲੋਂ ਆਸਟਰੇਲੀਆ ਦੇ ਪ੍ਰਧਾਨ ਮੰਤਰੀ, ਵਿਦੇਸ਼ ਮੰਤਰੀ ਤੇ ਰੱਖਿਆ ਮੰਤਰੀ ਨਾਲ ਮੁਲਾਕਾਤ; w ਹਿੰਦ-ਪ੍ਰਸ਼ਾਂਤ ਖੇਤਰ ਲਈ ਖੇਤਰੀ ਭਾਈਵਾਲਾਂ ਨਾਲ ਸਹਿਯੋਗ ਵਧਾਉਣ ’ਤੇ ਦਿੱਤਾ ਜ਼ੋਰ
ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਉਨ੍ਹਾਂ ਦੇ ਆਸਟਰੇਲਿਆਈ ਹਮਰੁਤਬਾ ਰਿਚਰਡ ਮਾਰਲਸ ਵਿਚਾਲੇ ਕੈਨਬਰਾ ਵਿੱਚ ਹੋਈ ‘ਸਾਰਥਕ’ ਗੱਲਬਾਤ ਤੋਂ ਬਾਅਦ ਦੋਵਾਂ ਦੇਸ਼ਾਂ ਨੇ ਅੱਜ ਦੁਵੱਲੇ ਰੱਖਿਆ ਅਤੇ ਫ਼ੌਜੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਤਿੰਨ ਅਹਿਮ ਸਮਝੌਤਿਆਂ ’ਤੇ ਦਸਤਖ਼ਤ ਕੀਤੇ ਹਨ, ਜਿਨ੍ਹਾਂ ਵਿੱਚ ਸੂਚਨਾ ਸਾਂਝੀ ਕਰਨ ਦਾ ਸਮਝੌਤਾ ਵੀ ਸ਼ਾਮਲ ਹੈ।
ਆਪਣੇ ਦੋ ਰੋਜ਼ਾ ਆਸਟਰੇਲੀਆ ਦੌਰੇ ’ਤੇ ਪਹੁੰਚੇ ਰਾਜਨਾਥ ਸਿੰਘ ਨੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਅਤੇ ਵਿਦੇਸ਼ ਮੰਤਰੀ ਪੈਨੀ ਵੋਂਗ ਨਾਲ ਵੀ ਮੁਲਾਕਾਤ ਕੀਤੀ, ਜਿਸ ਵਿੱਚ ਸਬੰਧਾਂ ਨੂੰ ਹੋਰ ਗਤੀਸ਼ੀਲਤਾ ਦੇਣ ’ਤੇ ਧਿਆਨ ਕੇਂਦਰਿਤ ਕੀਤਾ ਗਿਆ। ਦੋਵਾਂ ਰੱਖਿਆ ਮੰਤਰੀਆਂ ਨੇ ਹਿੰਦ-ਪ੍ਰਸ਼ਾਂਤ ਖੇਤਰ ਨੂੰ ਸ਼ਾਂਤੀਪੂਰਨ ਅਤੇ ਖੁਸ਼ਹਾਲ ਬਣਾਈ ਰੱਖਣ ਲਈ ਖੇਤਰੀ ਭਾਈਵਾਲਾਂ ਨਾਲ ਸਹਿਯੋਗ ਵਧਾਉਣ ਦੀ ਮਹੱਤਤਾ ਦੀ ਪੁਸ਼ਟੀ ਕੀਤੀ। ਇਹ ਸਮਝੌਤੇ ਰਣਨੀਤਕ ਜਲ ਖੇਤਰਾਂ ਵਿੱਚ ਚੀਨ ਦੀ ਵਧਦੀ ਫ਼ੌਜੀ ਹਮਲਾਵਰਤਾ ਦੇ ਪਿਛੋਕੜ ਵਿੱਚ ਹੋਏ ਹਨ।
ਸੂਚਨਾ ਸਾਂਝੀ ਕਰਨ ਦੇ ਸਮਝੌਤੇ ਤੋਂ ਇਲਾਵਾ ਦੋਵਾਂ ਧਿਰਾਂ ਨੇ ਪਣਡੁੱਬੀ ਖੋਜ ਵਿੱਚ ਸਹਿਯੋਗ ਲਈ ਸਹਿਮਤੀ ਪੱਤਰ (ਐੱਮ ਓ ਯੂ) ਅਤੇ ਸਾਂਝੀ ਸਟਾਫ਼ ਗੱਲਬਾਤ ਲਈ ਢਾਂਚਾ ਸਥਾਪਤ ਕਰਨ ਲਈ ਇੱਕ ਹੋਰ ਸਮਝੌਤੇ ਨੂੰ ਅੰਤਿਮ ਰੂਪ ਦਿੱਤਾ। ਸਾਂਝੇ ਬਿਆਨ ਅਨੁਸਾਰ ਦੋਵੇਂ ਮੰਤਰੀ ਇਸ ਗੱਲ ਤੋਂ ਖੁਸ਼ ਹਨ ਕਿ ਭਾਰਤ-ਆਸਟਰੇਲੀਆ ਰੱਖਿਆ ਭਾਈਵਾਲੀ ਹੁਣ ‘ਸਾਰੇ ਖੇਤਰਾਂ’ ਨੂੰ ਕਵਰ ਕਰਦੀ ਹੈ। ਇਸ ਤੋਂ ਪਹਿਲਾਂ ਆਸਟਰੇਲੀਆ ਦੇ ਸਹਾਇਕ ਰੱਖਿਆ ਮੰਤਰੀ ਪੀਟਰ ਖਲੀਲ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਸਵਾਗਤ ਕੀਤਾ।
ਅਤਿਵਾਦ ਖ਼ਿਲਾਫ਼ ਭਾਰਤ ਦਾ ਸਟੈਂਡ ਦੁਹਰਾਇਆ
ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅਤਿਵਾਦ ਦੇ ਖ਼ਤਰੇ ਸਬੰਧੀ ਭਾਰਤ ਦਾ ਸਟੈਂਡ ਦੁਹਰਾਇਆ। ਪਾਕਿਸਤਾਨ ਖ਼ਿਲਾਫ਼ ਭਾਰਤ ਦੀ ਨੀਤੀ ਦਾ ਸਪੱਸ਼ਟ ਸੰਦਰਭ ਦਿੰਦਿਆਂ ਉਨ੍ਹਾਂ ਕਿਹਾ, ‘ਅਤਿਵਾਦ ਅਤੇ ਗੱਲਬਾਤ ਇਕੱਠੇ ਨਹੀਂ ਚੱਲ ਸਕਦੇ, ਅਤਿਵਾਦ ਅਤੇ ਵਪਾਰ ਇਕੱਠੇ ਨਹੀਂ ਚੱਲ ਸਕਦੇ ਤੇ ਪਾਣੀ ਅਤੇ ਖੂਨ ਇਕੱਠੇ ਨਹੀਂ ਵਹਿ ਸਕਦੇ।’ ਉਨ੍ਹਾਂ ਨੇ ਕੌਮਾਂਤਰੀ ਭਾਈਚਾਰੇ ਨੂੰ ਹਰ ਤਰ੍ਹਾਂ ਦੇ ਅਤਿਵਾਦ ਖ਼ਿਲਾਫ਼ ਇਕਜੁੱਟ ਹੋਣ ਦੀ ਅਪੀਲ ਵੀ ਕੀਤੀ।