DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

India at UN ਪਾਕਿਸਤਾਨ ‘ਨਾਕਾਮ’ ਮੁਲਕ, ਜੋ ਹੋਰਨਾਂ ਦੇਸ਼ ਦੀ ਇਮਦਾਦ ਦੇ ਸਿਰ ’ਤੇ ਜਿਊਂਦਾ ਹੈ

ਭਾਰਤ ਨੇ ਸੰਯੁਕਤ ਰਾਸ਼ਟਰ ਵਿਚ ਜੰਮੂ ਕਸ਼ਮੀਰ ਦਾ ਮਸਲਾ ਚੁੱਕਣ ਲਈ ਗੁਆਂਢੀ ਮੁਲਕ ਨੂੰ ਮੁੜ ਭੰਡਿਆ
  • fb
  • twitter
  • whatsapp
  • whatsapp
featured-img featured-img
ਭਾਰਤ ਦੇ ਸਫੀਰ ਕਸ਼ਿਤਿਜ ਤਿਆਗੀ ਯੂਐੱਨ ਵਿਚ ਆਪਣਾ ਪੱਖ ਰੱਖਦੇ ਹੋਏ। ਫੋਟੋ: ਪੀਟੀਆਈ
Advertisement

ਸੰਯੁੁਕਤ ਰਾਸ਼ਟਰ/ਜਨੇਵਾ, 27 ਫਰਵਰੀ

ਭਾਰਤ ਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਵਿਚ ਜੰਮੂ ਕਸ਼ਮੀਰ ਦਾ ਮੁੱਦਾ ਚੁੱਕਣ ਲਈ ਪਾਕਿਸਤਾਨ ਦੀ ਤਿੱਖੀ ਆਲੋਚਨਾ ਕੀਤੀ ਹੈ। ਭਾਰਤ ਨੇ ਕਿਹਾ, ‘‘ਇਕ ‘ਨਾਕਾਮ ਮੁਲਕ’, ਜੋ ‘ਕੌਮਾਂਤਰੀ ਇਮਦਾਦ’ ਦੇ ਸਿਰ ’ਤੇ ਜਿਊਂਦਾ ਹੈ, ਆਪਣੇ ਫੌਜੀ-ਦਹਿਸ਼ਤੀ ਆਕਾਵਾਂ ਵੱਲੋਂ ਬੋਲੇ ਗਏ ਝੂਠ ਨੂੰ ‘ਪੂਰੀ ਜ਼ਿੰਮੇਵਾਰੀ’ ਨਾਲ ਫੈਲਾਉਂਦਾ ਹੈ।’’ ਭਾਰਤ ਨੇ ਬੁੱਧਵਾਰ ਨੂੰ ਜਨੇਵਾ ਵਿੱਚ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਦੇ 58ਵੇਂ ਨਿਯਮਤ ਸੈਸ਼ਨ ਦੌਰਾਨ ਜਵਾਬ ਦੇਣ ਦੇ ਆਪਣੇ ਅਧਿਕਾਰ ਦੀ ਵਰਤੋਂ ਕਰਦਿਆਂ ਪਾਕਿਸਤਾਨ ਨੂੰ ਕਰਾਰੇ ਹੱਥੀਂ ਲਿਆ। ਆਦਤ ਤੋਂ ਮਜਬੂਰ ਪਾਕਿਸਤਾਨ ਨੇ ਇਕ ਵਾਰ ਇਸ ਮੰਚ ਤੋਂ ਜੰਮੂ-ਕਸ਼ਮੀਰ ਦਾ ਮੁੱਦਾ ਚੁੱਕਿਆ ਹੈ।

Advertisement

ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਮਿਸ਼ਨ ਦੇ ਕੌਂਸਲਰ ਕਸ਼ਿਤਿਜ ਤਿਆਗੀ ਨੇ ਕਿਹਾ, ‘‘ਭਾਰਤ, ਪਾਕਿਸਤਾਨ ਵੱਲੋਂ ਕੀਤੇ ਗਏ ਬੇਬੁਨਿਆਦ ਤੇ ਵਿਵਾਦਿਤ ਹਵਾਲਿਆਂ ਦਾ ਜਵਾਬ ਦੇਣ ਲਈ ਆਪਣੇ ਅਧਿਕਾਰ ਦੀ ਵਰਤੋਂ ਕਰ ਰਿਹਾ ਹੈ। ਇਹ ਅਫਸੋਸਜਨਕ ਹੈ, ਪਰ ਇਸ ਵਿਚ ਕੋਈ ਹੈਰਾਨੀ ਨਹੀਂ ਕਿ ਪਾਕਿਸਤਾਨ ਦੇ ਅਖੌਤੀ ਆਗੂ ਅਤੇ ਡੈਲੀਗੇਟ ਆਪਣੇ ਫੌਜੀ-ਅਤਿਵਾਦੀ ਤਾਣੇ ਬਾਣੇ ਵੱਲੋਂ ਸਿਰਜੇ ਗਏ ਝੂਠ ਨੂੰ ਪੂਰੀ ਸ਼ਿੱਦਤ ਨਾਲ ਫੈਲਾਉਂਦੇ ਹਨ।’’

ਤਿਆਗੀ ਨੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਇਸ ਕੌਂਸਲ ਦਾ ਸਮਾਂ ‘ਇਕ ਨਾਕਾਮ ਮੁਲਕ ਵੱਲੋਂ ਬਰਬਾਦ ਕੀਤਾ ਜਾ ਰਿਹਾ ਹੈ, ਜੋ ਅਸਥਿਰ ਹੈ ਤੇ ਕੌਮਾਂਤਰੀ ਇਮਦਾਦ ਦੇ ਸਿਰ ਉੱਤੇ ਜਿਊਂਦਾ ਹੈ। ਇਸ ਦੀ ਬਿਆਨਬਾਜ਼ੀ ਤੋਂ ਪਖੰਡ ਦੀ ਬੋਅ ਆਉਂਦੀ ਹੈ; ਇਸ ਦੀਆਂ ਕਾਰਵਾਈਆਂ ਅਣਮਨੁੱਖੀ ਹਨ ਅਤੇ ਇਸ ਦਾ ਸ਼ਾਸਨ ਅਯੋਗਤਾ ਦੀ ਮਿਸਾਲ ਹੈ।’’

ਤਿਆਗੀ ਨੇ ਕਿਹਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਅਤੇ ਲੱਦਾਖ ਭਾਰਤ ਦਾ ਅਨਿੱਖੜਵਾਂ ਅਤੇ ਅਟੁੱਟ ਅੰਗ ਹਨ ਤੇ ਰਹਿਣਗੇ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਜੰਮੂ ਕਸ਼ਮੀਰ ਵਿੱਚ ਹੋਈ ਬੇਮਿਸਾਲ ਸਿਆਸੀ, ਸਮਾਜਿਕ ਅਤੇ ਆਰਥਿਕ ਤਰੱਕੀ ਮੂੰਹੋਂ ਬੋਲਦੀ ਹੈ। ਤਿਆਗੀ ਨੇ ਕਿਹਾ, ‘‘ਇਹ ਸਫਲਤਾ ਅਤਿਵਾਦ ਪ੍ਰਭਾਵਿਤ ਖੇਤਰ ਵਿਚ ਹਾਲਾਤ ਆਮ ਵਾਂਗ ਕਰਨ ਦੀ ਸਰਕਾਰ ਦੀ ਵਚਨਬੱਧਤਾ ਵਿਚ ਲੋਕਾਂ ਦੇ ਵਿਸ਼ਵਾਸ ਦੀ ਸ਼ਾਹਦੀ ਭਰਦੀ ਹੈ।’’

ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਪਾਕਿਸਤਾਨ, ਜਿੱਥੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ, ਘੱਟਗਿਣਤੀਆਂ ’ਤੇ ਜ਼ੁਲਮ ਅਤੇ ਜਮਹੂਰੀ ਕਦਰਾਂ-ਕੀਮਤਾਂ ਦਾ ਯੋਜਨਾਬੱਧ ਢੰਗ ਨਾਲ ਘਾਣ ਰਾਜ ਦੀਆਂ ਨੀਤੀਆਂ ਦਾ ਹਿੱਸਾ ਹਨ, ਅਤੇ ਜੋ ਬੜੀ ਬੇਸ਼ਰਮੀ ਨਾਲ ਸੰਯੁਕਤ ਰਾਸ਼ਟਰ ਵੱਲੋਂ ਨਾਮਜ਼ਦ ਦਹਿਸ਼ਤਗਰਦਾਂ ਨੂੰ ਪਨਾਹ ਦਿੰਦਾ ਹੈ, ਕਿਸੇ ਦੂਜੇ ਮੁਲਕ ਨੂੰ ਉਪਦੇਸ਼ ਦੇਣ ਦੀ ਸਥਿਤੀ ਵਿਚ ਨਹੀਂ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਭਾਰਤ ਪ੍ਰਤੀ ਆਪਣੇ ਖ਼ਬਤੀ ਰਵੱਈਏ ਨੂੰ ਛੱਡ ਕੇ, ਆਪਣੇ ਲੋਕਾਂ ਨੂੰ ਅਸਲ ਸ਼ਾਸਨ ਅਤੇ ਨਿਆਂ ਪ੍ਰਦਾਨ ਕਰਨ ’ਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ। -ਪੀਟੀਆਈ

Advertisement
×