ਭਾਰਤ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੇਰੇ ਬਹੁਤ ਕਰੀਬੀ: ਟਰੰਪ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਭਾਰਤ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਦੇ ਬਹੁਤ ਕਰੀਬੀ ਹਨ। ਟਰੰਪ ਨੇ ਯੂਕੇ ਦੀ ਆਪਣੀ ਫੇਰੀ ਦੌਰਾਨ ਪ੍ਰਧਾਨ ਮੰਤਰੀ ਕੀਰ ਸਟਾਰਮਰ ਨਾਲ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਇਹ ਗੱਲ ਕਹੀ। ਟਰੰਪ ਨੇ ਕਿਹਾ ਕਿ ਉਨ੍ਹਾਂ ਹਾਲ ਹੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ। ਅਮਰੀਕੀ ਸਦਰ ਨੇ ਨਵੀਂ ਦਿੱਲੀ ਅਤੇ ਵਾਸ਼ਿੰਗਟਨ ਵਿਚਕਾਰ ਚੰਗੇ ਸਬੰਧਾਂ ’ਤੇ ਵੀ ਰੌਸ਼ਨੀ ਪਾਈ।
ਟਰੰਪ ਨੇ ਕਿਹਾ, ‘‘ਮੈਂ ਭਾਰਤ ਦੇ ਬਹੁਤ ਨੇੜੇ ਹਾਂ। ਮੈਂ ਭਾਰਤ ਦੇ ਪ੍ਰਧਾਨ ਮੰਤਰੀ ਦੇ ਬਹੁਤ ਨੇੜੇ ਹਾਂ। ਪਿਛਲੇ ਦਿਨੀਂ ਉਨ੍ਹਾਂ ਨਾਲ ਗੱਲ ਕੀਤੀ, ਉਨ੍ਹਾਂ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਸਾਡੇ ਬਹੁਤ ਚੰਗੇ ਸਬੰਧ ਹਨ। ਉਨ੍ਹਾਂ ਨੇ ਇੱਕ ਖ਼ੂਬਸੂਰਤ ਬਿਆਨ ਵੀ ਦਿੱਤਾ...ਪਰ ਮੈਂ ਕਿਹਾ, ਮੈਂ ਉਨ੍ਹਾਂ ’ਤੇ ਪਾਬੰਦੀ ਲਗਾ ਦਿੱਤੀ ਹੈ।’’
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫ਼ੋਨ ਕਾਲ ਰਾਹੀਂ 75ਵੇਂ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ, ਅਤੇ ਰੂਸ ਅਤੇ ਯੂਕਰੇਨ ਵਿਚਕਾਰ ਟਕਰਾਅ ਖਤਮ ਕਰਨ ਲਈ ਦਿੱਤੀ ਹਮਾਇਤ ਵਾਸਤੇ ਧੰਨਵਾਦ ਕੀਤਾ। ਆਪਣੇ ਸੋਸ਼ਲ ਮੀਡੀਆ ਅਕਾਊਂਟ ਟਰੂਥ ਸੋਸ਼ਲ ’ਤੇ ਇੱਕ ਪੋਸਟ ਵਿੱਚ ਟਰੰਪ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ‘ਸ਼ਾਨਦਾਰ ਕੰਮ’ ਕਰ ਰਹੇ ਹਨ।