ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਰੂਸ ’ਚ ਦੋ ਨਵੇਂ ਭਾਰਤੀ ਕੌਂਸਲੇਟਾਂ ਦਾ ਉਦਘਾਟਨ ਕੀਤਾ ਅਤੇ ਕਿਹਾ ਕਿ ਨਵੇਂ ਭਾਰਤੀ ਕੌਂਸਲੇਟ ਖੁੱਲ੍ਹਣ ਨਾਲ ਦੋਵੇਂ ਮੁਲਕਾਂ ਵਿਚਾਲੇ ਵਪਾਰ, ਸੈਰ-ਸਪਾਟਾ, ਆਰਥਿਕਤਾ, ਤਕਨਾਲੋਜੀ, ਵਿਦਿਅਕ ਅਤੇ ਸੱਭਿਆਚਾਰਕ ਸਬੰਧਾਂ ਨੂੰ ਹੋਰ ਹੁਲਾਰਾ ਮਿਲੇਗਾ।
ਭਾਰਤ ਨੇ ਨਵੇਂ ਕੌਂਸਲੇਟ ਜਨਰਲ ਯੇਕਾਤਰਿਨਬਰਗ ਅਤੇ ਕਜ਼ਾਨ ’ਚ ਖੋਲ੍ਹੇ ਹਨ। ਰੂਸ ਦੇ ਉਪ ਵਿਦੇਸ਼ ਮੰਤਰੀ ਆਂਦਰੇ ਰੁਡੇਂਕੋ ਅਤੇ ਭਾਰਤੀ ਸਫ਼ੀਰ ਵਿਨੇ ਕੁਮਾਰ ਵੀ ਇਸ ਮੌਕੇ ਹਾਜ਼ਰ ਸਨ। ਪਿਛਲੇ ਕੁਝ ਮਹੀਨਿਆਂ ਤੋਂ ਇਹ ਕੌਂਸਲੇਟ ਸਥਾਪਤ ਕਰਨ ਦਾ ਕੰਮ ਚੱਲ ਰਿਹਾ ਸੀ।’’ ਉਨ੍ਹਾਂ ਮਾਸਕੋ ’ਚ ਭਾਰਤੀ ਸਫ਼ਾਰਤਖਾਨੇ ’ਚ ਸੇਵਾਵਾਂ ਨਿਭਾਉਣ ਦੇ ਦਿਨਾਂ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਸਨਅਤੀ ਅਹਿਮੀਅਤ ਕਾਰਨ ਯੇਕਾਤਰਿਨਬਰਗ ਨੂੰ ਅਕਸਰ ‘ਰੂਸ ਦੀ ਤੀਜੀ ਰਾਜਧਾਨੀ’ ਆਖਿਆ ਜਾਂਦਾ ਹੈ ਅਤੇ ਇਹ ‘ਸਾਈਬੇਰੀਆ ਦਾ ਗੇਟਵੇਅ’ ਹੈ। ਕਜ਼ਾਨ ’ਚ ਪਿਛਲੇ ਵਰ੍ਹੇ ਬ੍ਰਿਕਸ ਸਿਖਰ ਸੰਮੇਲਨ ਹੋਇਆ ਸੀ ਜਿਸ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸ਼ਮੂਲੀਅਤ ਕੀਤੀ ਸੀ। ਉਨ੍ਹਾਂ ਕਿਹਾ ਕਿ ਕਜ਼ਾਨ ਤੇਲ ਉਤਪਾਦਨ ਤੇ ਰਿਫਾਇਨਿੰਗ, ਖਾਦਾਂ, ਆਟੋਮੋਬਾਈਲਜ਼, ਰੱਖਿਆ ਉਤਪਾਦਨ, ਦਵਾਈਆਂ ਅਤੇ ਬਿਜਲਈ ਸਾਜ਼ੋ-ਸਾਮਾਨ ਲਈ ਜਾਣਿਆ ਜਾਂਦਾ ਹੈ। ਕੌਂਸਲੇਟ 2030 ਤੱਕ ਦੁਵੱਲਾ ਵਪਾਰ 100 ਅਰਬ ਡਾਲਰ ਤੱਕ ਪਹੁੰਚਾਉਣ ’ਚ ਯੋਗਦਾਨ ਪਾਉਣਗੇ। ਇਸ ਤੋਂ ਪਹਿਲਾਂ ਉਨ੍ਹਾਂ ਮਾਸਕੋ ’ਚ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ।

