IIFA Digital Awards 2025: 'ਅਮਰ ਸਿੰਘ ਚਮਕੀਲਾ' ਅਤੇ ‘ਪੰਚਾਇਤ 3’ ਨੂੰ ਮਿਲਿਆ ਆਈਫਾ ਡਿਜੀਟਲ ਐਵਾਰਡ
ਜੈਪੁਰ, 9 ਮਾਰਚ
'Amar Singh Chamkila', 'Panchayat 3' among big winners: ਫਿਲਮ ਨਿਰਮਾਤਾ ਇਮਤਿਆਜ਼ ਅਲੀ ਦੀ ‘ਅਮਰ ਸਿੰਘ ਚਮਕੀਲਾ’ ਅਤੇ ਵੈੱਬ ਸੀਰੀਜ਼ ‘ਪੰਚਾਇਤ’ ਦੇ ਤੀਜਾ ਸੀਜ਼ਨ ਨੂੰ ਇੱਥੇ ਆਈਫਾ ਡਿਜੀਟਲ ਐਵਾਰਡ 2025 ਵਿੱਚ ਸਿਖਰਲਾ ਸਥਾਨ ਮਿਲਿਆ। ਇਹ ਸਮਾਗਮ ਜੈਪੁਰ ਵਿੱਚ ਕਰਵਾਇਆ ਗਿਆ ਜਿਸ ਦੇ ਸਿਲਵਰ ਜੁਬਲੀ ਸਮਾਰੋਹ ਦੌਰਾਨ ਪਹਿਲੇ ਆਈਫਾ ਡਿਜੀਟਲ ਐਵਾਰਡ ਦਿੱਤੇ ਗਏ। ਇਸ ਮੌਕੇ ਨੋਰਾ ਫਤੇਹੀ, ਸਚਿਨ-ਜਿਗਰ, ਸ਼੍ਰੇਆ ਘੋਸ਼ਾਲ ਅਤੇ ਮੀਕਾ ਸਿੰਘ ਨੇ ਪੇਸ਼ਕਾਰੀ ਦਿੱਤੀ ਜਦਕਿ ਸਮਾਗਮ ਦੀ ਮੇਜ਼ਬਾਨੀ ਅਪਾਰਸ਼ਕਤੀ ਖੁਰਾਨਾ, ਵਿਜੇ ਵਰਮਾ ਅਤੇ ਅਭਿਸ਼ੇਕ ਬੈਨਰਜੀ ਨੇ ਕੀਤੀ। ਨੈੱਟਫਲਿਕਸ ’ਤੇ ਦਿਲਜੀਤ ਦੋਸਾਂਝ ਦੀ ਫਿਲਮ ‘ਅਮਰ ਸਿੰਘ ਚਮਕੀਲਾ’ ਨੇ ਸਰਵੋਤਮ ਫਿਲਮ ਦਾ ਪੁਰਸਕਾਰ ਜਿੱਤਿਆ ਜਦੋਂ ਕਿ ਅਲੀ ਨੂੰ ਸਰਵੋਤਮ ਨਿਰਦੇਸ਼ਕ ਐਲਾਨਿਆ ਗਿਆ।
ਅਦਾਕਾਰੀ ਸ਼੍ਰੇਣੀਆਂ ਵਿੱਚ ਕ੍ਰਿਤੀ ਸੈਨਨ ਨੂੰ ‘ਦੋ ਪੱਤੀ’ ਦੀ ਮੁੱਖ ਭੂਮਿਕਾ ਲਈ ਸਰਵੋਤਮ ਖ਼ਿਤਾਬ (ਮਹਿਲਾ) ਮਿਲਿਆ। ਦੂਜੇ ਪਾਸੇ ਵਿਕਰਾਂਤ ਮੈਸੀ ਨੂੰ ਨੈੱਟਫਲਿਕਸ ਫਿਲਮ ‘ਸੈਕਟਰ 36’ ਲਈ ਸਰਵੋਤਮ ਅਦਾਕਾਰ (ਪੁਰਸ਼) ਐਲਾਨਿਆ ਗਿਆ ਜਦੋਂ ਕਿ ਉਸਦੇ ਸਹਿ-ਅਦਾਕਾਰ ਦੀਪਕ ਡੋਬਰਿਆਲ ਨੇ ਸਰਬੋਤਮ ਸਹਾਇਕ ਅਦਾਕਾਰ (ਪੁਰਸ਼) ਦਾ ਪੁਰਸਕਾਰ ਜਿੱਤਿਆ। ਸਭ ਤੋਂ ਵਧੀਆ ਸਹਾਇਕ ਅਦਾਕਾਰ (ਮਹਿਲਾ) ਦਾ ਪੁਰਸਕਾਰ ਅਨੁਪ੍ਰਿਆ ਗੋਇਨਕਾ ਨੂੰ ‘ਬਰਲਿਨ’ (ਜ਼ੀ5) ਵਿੱਚ ਉਸ ਦੇ ਬਿਹਤਰੀਨ ਪ੍ਰਦਰਸ਼ਨ ਲਈ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਫਿਲਮ ਅਮਰ ਸਿੰਘ ਚਮਕੀਲਾ ਪੰਜਾਬ ਦੇ ਲੋਕਾਂ ਦੇ ਅਸਲੀ ਰੌਕਸਟਾਰ ਅਮਰ ਸਿੰਘ ਚਮਕੀਲਾ ਦੀ ਸੱਚੀ ਕਹਾਣੀ ’ਤੇ ਆਧਾਰਿਤ ਹੈ ਜਿਸ ਨੇ ਗਰੀਬੀ ਦੇ ਪਰਛਾਵੇਂ ਵਿੱਚੋਂ ਉਭਰ ਕੇ 80 ਦੇ ਦਹਾਕੇ ਵਿੱਚ ਆਪਣੇ ਸੰਗੀਤ ਦੇ ਬਲਬੂਤੇ ਪ੍ਰਸਿੱਧੀ ਹਾਸਲ ਕੀਤੀ ਸੀ। ਇਸ ਦੇ ਨਾਲ ਹੀ ਉਸ ਦੀ ਗਾਇਕੀ ਦੇ ਕਈ ਵਿਰੋਧੀ ਵੀ ਬਣ ਗਏ ਸਨ ਜਿਸ ਕਾਰਨ ਉਸ ਦੀ 27 ਸਾਲ ਦੀ ਉਮਰ ਵਿੱਚ ਹੱਤਿਆ ਕਰ ਦਿੱਤੀ ਗਈ। ਉਹ ਆਪਣੇ ਵੇਲੇ ਦੇ ਸਭ ਤੋਂ ਚਰਚਿਤ ਗਾਇਕਾਂ ਵਿਚੋਂ ਇਕ ਸੀ ਜਿਸ ਦੇ ਰਿਕਾਰਡ ਹਾਲੇ ਵੀ ਸ਼ੌਕ ਨਾਲ ਸੁਣੇ ਜਾਂਦੇ ਹਨ।