ਜੇ ਅਸੀਂ ਤਬਾਹ ਹੋਏ ਤਾਂ ਅੱਧੀ ਦੁਨੀਆ ਲੈ ਕੇ ਜਾਵਾਂਗੇ: ਮੁਨੀਰ
ਅਮਰੀਕਾ ਦੇ ਦੌਰੇ ’ਤੇ ਗਏ ਪਾਕਿਸਤਾਨੀ ਫੌਜ ਦੇ ਮੁਖੀ ਫੀਲਡ ਮਾਰਸ਼ਲ ਆਸਿਮ ਮੁਨੀਰ ਨੇ ਕਥਿਤ ਤੌਰ ’ਤੇ ‘ਪਰਮਾਣੂ’ ਕਾਰਡ ਖੇਡਿਆ ਹੈ। ਉਸ ਨੇ ਪਾਕਿਸਤਾਨ ਦੀ ਪਰਮਾਣੂ ਸਮਰੱਥਾ ਦਾ ਹਵਾਲਾ ਦਿੰਦਿਆਂ ਕਿਹਾ, ‘‘ਜੇ ਅਸੀਂ ਤਬਾਹ ਹੋ ਗਏ ਤਾਂ ਅੱਧੀ ਦੁਨੀਆ ਨੂੰ ਵੀ ਨਾਲ ਹੀ ਲੈ ਡੁੱਬਾਂਗੇ।’’ ਮੁਨੀਰ ਨੇ ਅਮਰੀਕਾ ਦੇ ਟੈਂਪਾ (ਫਲੋਰੀਡਾ) ’ਚ ਇਕ ਪਾਕਿਸਤਾਨੀ ਨਾਗਰਿਕ ਵੱਲੋਂ ਕਰਵਾਏ ਗਏ ਪ੍ਰੋਗਰਾਮ ਦੌਰਾਨ ਇਹ ਗੱਲ ਆਖੀ। ਭਾਰਤ ’ਚ ਸੂਤਰਾਂ ਨੇ ਅਮਰੀਕਾ ਵਿੱਚ ਹੋਏ ਪ੍ਰੋਗਰਾਮ ਦੌਰਾਨ ਪਾਕਿਸਤਾਨੀ ਫੌਜ ਦੇ ਮੁਖੀ ਵੱਲੋਂ ਕੀਤੀ ਗਈ ਇਤਰਾਜ਼ਯੋਗ ਟਿੱਪਣੀ ਦੀ ਪੁਸ਼ਟੀ ਕੀਤੀ ਹੈ। ਫੀਲਡ ਮਾਰਸ਼ਲ ਨੇ ਸਿੰਧ ਜਲ ਸੰਧੀ ਮੁਅੱਤਲ ਕੀਤੇ ਜਾਣ ਦੇ ਭਾਰਤ ਦੇ ਫ਼ੈਸਲੇ ’ਤੇ ਵੀ ਸਵਾਲ ਚੁੱਕੇ। ਸੂਤਰਾਂ ਮੁਤਾਬਕ ਮੁਨੀਰ ਨੇ ਕਿਹਾ, ‘‘ਅਸੀਂ ਭਾਰਤ ਵੱਲੋਂ ਡੈਮ ਬਣਾਏ ਜਾਣ ਦੀ ਉਡੀਕ ਕਰ ਰਹੇ ਹਾਂ ਅਤੇ ਜਦੋਂ ਉਹ ਇਹ ਬਣਾ ਲਵੇਗਾ ਤਾਂ ਅਸੀਂ ਉਸ ਨੂੰ 10 ਮਿਜ਼ਾਈਲਾਂ ਨਾਲ ਤਬਾਹ ਕਰ ਦੇਵਾਂਗੇ।’’ ਇਸ ਦੌਰਾਨ ਮੁਨੀਰ ਨੇ ਅਮਰੀਕਾ ਦੇ ਫੌਜੀ ਅਤੇ ਸਿਆਸੀ ਆਗੂਆਂ ਨਾਲ ਮੀਟਿੰਗਾਂ ਕੀਤੀਆਂ। ਭਾਰਤ ਅਤੇ ਪਾਕਿਸਤਾਨ ਵਿਚਕਾਰ ਟਕਰਾਅ ਮਗਰੋਂ ਆਸਿਮ ਮੁਨੀਰ ਦਾ ਇਹ ਅਮਰੀਕਾ ਦਾ ਦੂਜਾ ਦੌਰਾ ਹੈ। ਇਸ ਤੋਂ ਪਹਿਲਾਂ ਉਹ ਜੂਨ ’ਚ ਅਮਰੀਕਾ ਗਏ ਸਨ ਜਦੋਂ ਉਨ੍ਹਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਮੁਲਾਕਾਤ ਕੀਤੀ ਸੀ। ਪਾਕਿਸਤਾਨੀ ਫ਼ੌਜ ਵੱਲੋਂ ਜਾਰੀ ਬਿਆਨ ਮੁਤਾਬਕ ਮੁਨੀਰ ਨੇ ਪਾਕਿਸਤਾਨੀ ਪਰਵਾਸੀਆਂ ਨਾਲ ਵੀ ਮੀਟਿੰਗਾਂ ਕੀਤੀਆਂ ਹਨ। ਮੁਨੀਰ ਨੇ ਅਮਰੀਕੀ ਸੈਂਟਰਲ ਕਮਾਂਡ ਦੇ ਕਮਾਂਡਰ ਜਨਰਲ ਮਾਈਕਲ ਈ. ਕੁਰਿੱਲਾ ਦੇ ਸੇਵਾਮੁਕਤੀ ਸਮਾਗਮ ’ਚ ਹਿੱਸਾ ਲਿਆ। ਫੀਲਡ ਮਾਰਸ਼ਲ ਮੁਨੀਰ ਨੇ ਜਨਰਲ ਕੁਰਿੱਲਾ ਵੱਲੋਂ ਦੁਵੱਲੇ ਫੌਜੀ ਸਹਿਯੋਗ ਦੀ ਮਜ਼ਬੂਤੀ ਲਈ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ। ਮੁਨੀਰ ਨੇ ਐਡਮਿਰਲ ਬਰੈਡ ਕੂਪਰ ਦੇ ਕਮਾਂਡ ਸੰਭਾਲਣ ’ਤੇ ਉਨ੍ਹਾਂ ਨੂੰ ਵਧਾਈ ਦਿੱਤੀ। ਉਨ੍ਹਾਂ ਜੁਆਇੰਟ ਚੀਫਸ ਆਫ ਸਟਾਫ ਦੇ ਚੇਅਰਮੈਨ ਜਨਰਲ ਡੈਨ ਕੇਨ ਨਾਲ ਵੀ ਮੁਲਾਕਾਤ ਕੀਤੀ। ਉਨ੍ਹਾਂ ਮਿੱਤਰ ਮੁਲਕਾਂ ਦੇ ਚੀਫ ਆਫ ਡਿਫੈਂਸ ਨਾਲ ਵੀ ਵਿਚਾਰ ਵਟਾਂਦਰਾ ਕੀਤਾ।