ਕਾਂਗਰਸ ਵੱਲੋਂ 80ਵਿਆਂ ’ਚ ਕੀਤੀਆਂ ‘ਗਲਤੀਆਂ’ ਮੌਕੇ ਮੈਂ ਉਥੇ ਨਹੀਂ ਸੀ, ਪਰ ਜ਼ਿੰਮੇਵਾਰੀ ਲੈਣ ਲਈ ਤਿਆਰ: ਰਾਹੁਲ
I wasn't there during many Congress' mistakes, but happy to take responsibility: Rahul
ਨਵੀਂ ਦਿੱਲੀ, 4 ਮਈ
ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਤੇ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ 80ਵਿਆਂ ਵਿਚ ਉਨ੍ਹਾਂ ਦੀ ਪਾਰਟੀ ਨੇ ਉਦੋਂ ਬਹੁਤ ਸਾਰੀਆਂ ‘ਗਲਤੀਆਂ’ ਕੀਤੀਆਂ ਜਦੋਂ ਉਹ ਉੱਥੇ ਨਹੀਂ ਸਨ, ਪਰ ਗਾਂਧੀ ਨੇ ਕਿਹਾ ਕਿ ਉਹ ਪਾਰਟੀ ਵੱਲੋਂ ਇਤਿਹਾਸ ਵਿੱਚ ਕੀਤੀਆਂ ਗਈਆਂ ਗਲਤੀਆਂ ਦੀ ਜ਼ਿੰਮੇਵਾਰੀ ਲੈ ਕੇ ਬਹੁਤ ਖੁਸ਼ ਹਨ।
ਗਾਂਧੀ ਪਿਛਲੇ ਮਹੀਨੇ (21 ਅਪਰੈਲ ਨੂੰ) ਅਮਰੀਕਾ ਦੀ ਆਪਣੀ ਫੇਰੀ ਦੌਰਾਨ ਬਰਾਊਨ ਯੂਨੀਵਰਸਿਟੀ ਦੇ ਵਾਟਸਨ ਇੰਸਟੀਚਿਊਟ ਫਾਰ ਇੰਟਰਨੈਸ਼ਨਲ ਐਂਡ ਪਬਲਿਕ ਅਫੇਅਰਜ਼ ਵਿਚ ਰੂਬਰੂ ਸੈਸ਼ਨ ਦੌਰਾਨ ਇਕ ਸਿੱਖ ਨੌਜਵਾਨ ਵੱਲੋਂ 1984 ਦੇ ਦੰਗਿਆਂ ਅਤੇ ਕਾਂਗਰਸ ਦੇ ਸਿੱਖ ਭਾਈਚਾਰੇ ਨਾਲ ਸਬੰਧਾਂ ਬਾਰੇ ਪੁੱਛੇ ਸਵਾਲ ਦਾ ਜਵਾਬ ਦੇ ਰਹੇ ਸਨ। ਗਾਂਧੀ ਨੇ ਕਿਹਾ ਕਿ ਉਨ੍ਹਾਂ ਨੇ ਜਨਤਕ ਤੌਰ ’ਤੇ ਮੰਨਿਆ ਹੈ ਕਿ 80 ਦੇ ਦਹਾਕੇ ਵਿੱਚ ਜੋ ਕੁਝ ਹੋਇਆ ਉਹ ‘ਗਲਤ’ ਸੀ।
ਸਿੱਖ ਵਿਦਿਆਰਥੀ ਨੇ ਰਾਹੁਲ ਗਾਂਧੀ ਨੂੰ ਸਵਾਲ ਪੁੱਛਿਆ ਸੀ ਕਿ ਉਹ ਸਿੱਖ ਭਾਈਚਾਰੇ ਨਾਲ ਸੁਲ੍ਹਾ ਕਰਨ ਲਈ ਕੀ ਯਤਨ ਕਰ ਰਹੇ ਹਨ ਅਤੇ ਵਿਦਿਆਰਥੀ ਨੇ ਸਵਾਲ ਵਿਚ 1984 ਦੇ ਸਿੱਖ ਵਿਰੋਧੀ ਦੰਗਿਆਂ ਦਾ ਵੀ ਹਵਾਲਾ ਦਿੱਤਾ। ਵਿਦਿਆਰਥੀ ਨੇ ਗਾਂਧੀ ਵੱਲੋਂ ਪਿਛਲੀ ਅਮਰੀਕਾ ਫੇਰੀ ਦੌਰਾਨ ਕੀਤੀ ਟਿੱਪਣੀ ਦਾ ਵੀ ਹਵਾਲਾ ਦਿੱਤਾ ਜਿਸ ਵਿਚ ਕਾਂਗਰਸ ਆਗੂ ਨੇ ਕਿਹਾ ਸੀ ਕਿ ਉਹ ਜਿਹੜੀ ਲੜਾਈ ਲੜ ਰਿਹਾ ਹੈ ਉਹ ਇਸ ਬਾਰੇ ਸੀ ਕਿ ਕੀ ਸਿੱਖਾਂ ਨੂੰ ਭਾਰਤ ਵਿੱਚ ਪੱਗ ਬੰਨ੍ਹਣ ਦੀ ਇਜਾਜ਼ਤ ਹੋਵੇਗੀ ਜਾਂ ਨਹੀਂ।
ਗਾਂਧੀ ਨੇ ਆਪਣੇ ਜਵਾਬ ਵਿੱਚ ਕਿਹਾ, ‘‘ਮੈਨੂੰ ਨਹੀਂ ਲੱਗਦਾ ਕਿ ਸਿੱਖਾਂ ਨੂੰ ਕੋਈ ਡਰ ਹੈ। ਮੈਂ ਜੋ ਬਿਆਨ ਦਿੱਤਾ ਸੀ ਉਹ ਇਹ ਸੀ ਕਿ, ਕੀ ਅਸੀਂ ਅਜਿਹਾ ਭਾਰਤ ਚਾਹੁੰਦੇ ਹਾਂ ਜਿੱਥੇ ਲੋਕ ਆਪਣੇ ਧਰਮ ਦਾ ਪ੍ਰਗਟਾਵਾ ਕਰਨ ਵਿੱਚ ਅਸਹਿਜ ਮਹਿਸੂਸ ਕਰਦੇ ਹੋਣ? ਜਿੱਥੋਂ ਤੱਕ ਕਾਂਗਰਸ ਪਾਰਟੀ ਦੀਆਂ ਗਲਤੀਆਂ ਦਾ ਸਵਾਲ ਹੈ, ਉਨ੍ਹਾਂ ਵਿੱਚੋਂ ਬਹੁਤ ਸਾਰੀਆਂ ਗਲਤੀਆਂ ਉਦੋਂ ਹੋਈਆਂ ਜਦੋਂ ਮੈਂ ਉੱਥੇ ਨਹੀਂ ਸੀ, ਪਰ ਕਾਂਗਰਸ ਪਾਰਟੀ ਨੇ ਆਪਣੇ ਇਤਿਹਾਸ ਵਿੱਚ ਜੋ ਵੀ ਗਲਤ ਕੀਤਾ ਹੈ, ਮੈਂ ਉਸ ਦੀ ਜ਼ਿੰਮੇਵਾਰੀ ਲੈ ਕੇ ਬਹੁਤ ਖੁਸ਼ ਹਾਂ। ਮੈਂ ਜਨਤਕ ਤੌਰ ’ਤੇ ਮੰਨਿਆ ਹੈ ਕਿ 80 ਦੇ ਦਹਾਕੇ ਵਿੱਚ ਜੋ ਕੁਝ ਹੋਇਆ ਉਹ ਗਲਤ ਸੀ, ਮੈਂ ਕਈ ਵਾਰ ਹਰਿਮੰਦਰ ਸਾਹਿਬ ਗਿਆ ਹਾਂ, ਮੇਰਾ ਭਾਰਤ ਵਿੱਚ ਸਿੱਖ ਭਾਈਚਾਰੇ ਨਾਲ ਬਹੁਤ ਵਧੀਆ ਰਿਸ਼ਤਾ ਹੈ ਅਤੇ ਉਨ੍ਹਾਂ ਨਾਲ ਪਿਆਰ ਭਰਿਆ ਰਿਸ਼ਤਾ ਹੈ।’’ -ਪੀਟੀਆਈ

