ਰੂਸ ਤੋਂ ਯੂਰੇਨੀਅਮ, ਖਾਦ ਤੇ ਰਸਾਇਣ ਦਰਾਮਦ ਕੀਤੇ ਜਾਣ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ: ਟਰੰਪ
ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਰੂਸ ਤੋਂ ਯੂਰੇਨੀਅਮ, ਖਾਦ ਤੇ ਰਸਾਇਣਾਂ ਦੀ ਦਰਾਮਦ ਕੀਤੇ ਜਾਣ ਬਾਰੇ ਕੋਈ ਜਾਣਕਾਰੀ ਨਹੀਂ ਹੈ। ਟਰੰਪ ਨੇ ਮੰਗਲਵਾਰ ਨੂੰ ਇਨ੍ਹਾਂ ਵਸਤਾਂ ਦੀ ਅਮਰੀਕੀ ਦਰਾਮਦ ਬਾਰੇ ਭਾਰਤ ਦੇ ਬਿਆਨ ’ਤੇ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਇਹ ਟਿੱਪਣੀ ਕੀਤੀ। ਅਮਰੀਕੀ ਸਦਰ ਨੇ ਕਿਹਾ, ‘‘ਮੈਨੂੰ ਇਸ ਬਾਰੇ ਕੁਝ ਨਹੀਂ ਪਤਾ। ਮੈਨੂੰ ਜਾਂਚ ਕਰਨੀ ਪਵੇਗੀ, ਪਰ ਅਸੀਂ ਇਸ ਬਾਰੇ ਤੁਹਾਡੇ ਨਾਲ ਗੱਲ ਕਰਾਂਗੇ।’’ ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਰੂਸੀ ਊਰਜਾ(ਤੇਲ) ਖਰੀਦਣ ਵਾਲੇ ਦੇਸ਼ਾਂ ’ਤੇ ਲਗਾਏ ਜਾਣ ਵਾਲੇ ਟੈਰਿਫਾਂ ਬਾਰੇ ਫੈਸਲਾ ਲੈਣਗੇ।
ਟਰੰਪ ਨੇ ਲੰਘੇ ਦਿਨ ਭਾਰਤ ਉੱਤੇ ਰੂਸ ਤੋਂ ਸਸਤੇ ਭਾਅ ਤੇਲ ਖਰੀਦ ਕੇ ਇਸ ਨੂੰ ਅੱਗੇ ਮੋਟੇ ਮੁਨਾਫ਼ੇ ਲਈ ਵੇਚਣ ਦਾ ਦੋਸ਼ ਲਾਉਂਦਿਆਂ ਧਮਕੀ ਦਿੱਤੀ ਸੀ ਕਿ ਉਹ ਭਾਰਤ ’ਤੇ ਲਗਾਏ ਜਾਣ ਵਾਲੇ ਟੈਰਿਫ਼ ਵਿਚ ‘ਜ਼ਿਕਰਯੋਗ’ ਵਾਧਾ ਕਰਨਗੇ। ਉਧਰ ਭਾਰਤ ਨੇ ਰੂਸੀ ਕੱਚੇ ਤੇਲ ਦੀ ਖਰੀਦ ਲਈ ਨਵੀਂ ਦਿੱਲੀ ਨੂੰ ‘ਨਾਜਾਇਜ਼ ਅਤੇ ਗੈਰ-ਵਾਜਬ’ ਨਿਸ਼ਾਨਾ ਬਣਾਉਣ ਲਈ ਅਮਰੀਕਾ ਅਤੇ ਯੂਰਪੀਅਨ ਯੂਨੀਅਨ ’ਤੇ ਤਿੱਖਾ ਜਵਾਬੀ ਹਮਲਾ ਕੀਤਾ। ਭਾਰਤ ਨੇ ਇਸ ਮੁੱਦੇ ਉੱਤੇ ਉਸ ਨੂੰ ਨਿਸ਼ਾਨਾ ਬਣਾਉਣ ਵਿੱਚ ਦੋਹਰੇ ਮਾਪਦੰਡਾਂ ਵੱਲ ਇਸ਼ਾਰਾ ਕਰਦਿਆਂ ਕਿਹਾ ਸੀ ਕਿ ਅਮਰੀਕਾ ਅਤੇ ਯੂਰਪੀਅਨ ਯੂਨੀਅਨ ਦੋਵੇਂ ਰੂਸ ਨਾਲ ਆਪਣੇ ਵਪਾਰਕ ਸਬੰਧ ਜਾਰੀ ਰੱਖ ਰਹੇ ਹਨ। ਭਾਰਤ ਨੇ ਇਕ ਬਿਆਨ ਵਿਚ ਕਿਹਾ ਸੀ, ‘‘ਸਾਡੇ ਮਾਮਲੇ ਦੇ ਉਲਟ, ਅਜਿਹਾ ਵਪਾਰ ਇੱਕ ਕੌਮੀ ਮਜਬੂਰੀ ਵੀ ਨਹੀਂ ਹੈ।’’
ਅਮਰੀਕੀ ਰਾਸ਼ਟਰਪਤੀ ਨੇ ਇੱਕ ਹੋਰ ਸਵਾਲ ਦੇ ਜਵਾਬ ਵਿੱਚ ਚੀਨ ਸਮੇਤ ਰੂਸੀ ਊਰਜਾ ਖਰੀਦਣ ਵਾਲੇ ਸਾਰੇ ਮੁਲਕਾਂ ’ਤੇ 100 ਫੀਸਦ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਹੈ। ਟਰੰਪ ਨੇ ਕਿਹਾ, ‘‘ਅਸੀਂ ਦੇਖਾਂਗੇ ਕਿ ਅਗਲੇ ਕਾਫ਼ੀ ਥੋੜ੍ਹੇ ਸਮੇਂ ਵਿੱਚ ਕੀ ਹੁੰਦਾ ਹੈ।’’ ਉਨ੍ਹਾਂ ਕਿਹਾ ਕਿ ਅਮਰੀਕਾ ਦੀ ਬੁੱਧਵਾਰ ਨੂੰ ‘ਰੂਸ ਨਾਲ ਬੈਠਕ’ ਹੈ। ਹਾਲਾਂਕਿ ਇਸ ਬੈਠਕ ਵਿੱਚ ਕਿੱਥੇ ਅਤੇ ਕੀ ਸ਼ਾਮਲ ਹੋਵੇਗਾ, ਉਨ੍ਹਾਂ ਇਸ ਬਾਰੇ ਕੋਈ ਵੇਰਵੇ ਨਹੀਂ ਦਿੱਤੇ। ਉਂਝ ਉਨ੍ਹਾਂ ਕਿਹਾ, ‘‘ਅਸੀਂ ਦੇਖਾਂਗੇ ਕਿ ਕੀ ਹੁੰਦਾ ਹੈ। ਅਸੀਂ ਉਸ ਸਮੇਂ ਇਹ ਫੈਸਲਾ ਲਵਾਂਗੇ।’’ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਟਰੰਪ ਨੇ ਸੀਐਨਬੀਸੀ ਨਾਲ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਭਾਰਤ ਇੱਕ ਚੰਗਾ ਵਪਾਰਕ ਭਾਈਵਾਲ ਨਹੀਂ ਰਿਹਾ। ਅਮਰੀਕੀ ਰਾਸ਼ਟਰਪਤੀ ਨੇ ਐਲਾਨ ਕੀਤਾ ਕਿ ਉਹ ਅਗਲੇ 24 ਘੰਟਿਆਂ ਵਿੱਚ ਭਾਰਤ ’ਤੇ ਟੈਰਿਫ ‘ਬਹੁਤ ਜ਼ਿਆਦਾ ਵਧਾਉਣ ਜਾ ਰਿਹਾ ਹੈ’ ਕਿਉਂਕਿ ਨਵੀਂ ਦਿੱਲੀ ਰੂਸੀ ਤੋਂ ਤੇਲ ਖਰੀਦ ਕੇ ‘ਯੂਕਰੇਨ ਜੰਗੀ ਮਸ਼ੀਨ’ ਨੂੰ ਹਵਾ ਦੇ ਰਹੀ ਹੈ।