ਮੇਰੇ ਨਾਲ ਸੰਯੁਕਤ ਰਾਸ਼ਟਰ ਵਿੱਚ ‘ਤਿੰਨ ਖ਼ਤਰਨਾਕ’ ਘਟਨਾਵਾਂ ਹੋਈਆਂ: ਟਰੰਪ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਸੰਯੁਕਤ ਰਾਸ਼ਟਰ ਮਹਾਸਭਾ ’ਚ ਹਾਜ਼ਰੀ ਦੌਰਾਨ ਉਨ੍ਹਾਂ ਨਾਲ ਤਿੰਨ ਖ਼ਤਰਨਾਕ ਘਟਨਾਵਾਂ ਵਾਪਰੀਆਂ ਸਨ। ਉਨ੍ਹਾਂ ਕਿਹਾ ਕਿ ਖ਼ੁਫ਼ੀਆ ਸੇਵਾ ਨੂੰ ਇਨ੍ਹਾਂ ਮਾਮਲਿਆਂ ਦੀ ਜਾਂਚ ਕਰਨੀ ਚਾਹੀਦੀ ਹੈ। ਟਰੰਪ ਨੇ ਸੋਸ਼ਲ ਮੀਡੀਆ ’ਤੇ ਕਿਹਾ ਕਿ ਸੰਯੁਕਤ ਰਾਸ਼ਟਰ ’ਚ ਉਨ੍ਹਾਂ ਖ਼ਿਲਾਫ਼ ਸਾਜ਼ਿਸ਼ ਹੋਈ ਸੀ। ਪਹਿਲੀ ਘਟਨਾ ਉਦੋਂ ਵਾਪਰੀ ਜਦੋਂ ਉਹ ਅਤੇ ਮੇਲਾਨੀਆ ਟਰੰਪ ਐਸਕੇਲੇਟਰ (ਆਟੋਮੈਟਿਕ ਪੌੜੀਆਂ) ’ਤੇ ਸਨ ਅਤੇ ਉਹ ਅਚਾਨਕ ਰੁਕ ਗਿਆ ਸੀ ਜਿਸ ਮਗਰੋਂ ਦੋਹਾਂ ਨੂੰ ਖੁਦ ਚੱਲ ਕੇ ਉਪਰ ਜਾਣਾ ਪਿਆ ਸੀ। ਟਰੰਪ ਨੇ ਕਿਹਾ ਕਿ ਸ਼ੁਕਰ ਹੈ ਕਿ ਉਹ ਅਤੇ ਮੇਲਾਨੀਆ ਮੂੰਹ ਦੇ ਭਾਰ ਨਹੀਂ ਡਿੱਗੇ। ਉਨ੍ਹਾਂ ਕਿਹਾ ਕਿ ਇਸ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ। ਇਸ ਮਗਰੋਂ ਜਦੋਂ ਟਰੰਪ ਸੰਯੁਕਤ ਰਾਸ਼ਟਰ ਮਹਾਸਭਾ ਦੇ ਸੈਸ਼ਨ ਨੂੰ ਸੰਬੋਧਨ ਕਰਨ ਲੱਗੇ ਤਾਂ ਉਥੇ ਟੈਲੀਪ੍ਰੌਂਪਟਰ ਖ਼ਰਾਬ ਹੋ ਗਿਆ ਪਰ ਉਨ੍ਹਾਂ ਫਿਰ ਵੀ 57 ਮਿੰਟ ਤੱਕ ਭਾਸ਼ਣ ਦਿੱਤਾ। ਉਂਝ 15 ਮਿੰਟ ਬਾਅਦ ਹੀ ਟੈਲੀਪ੍ਰੌਂਪਟਰ ਠੀਕ ਹੋ ਗਿਆ ਸੀ। ਉਨ੍ਹਾਂ ਕਿਹਾ, ‘‘ਵਧੀਆ ਗੱਲ ਇਹ ਰਹੀ ਕਿ ਭਾਸ਼ਣ ਨੂੰ ਸ਼ਾਨਦਾਰ ਸਮੀਖਿਆਵਾਂ ਮਿਲੀਆਂ ਹਨ। ਲੋਕ ਇਸ ਗੱਲ ਦੀ ਕਦਰ ਕਰਦੇ ਹਨ ਕਿ ਬਹੁਤ ਘੱਟ ਵਿਅਕਤੀ ਉਹ ਕਰ ਸਕਦੇ ਹਨ ਜੋ ਮੈਂ ਕੀਤਾ ਹੈ।’’ ਟਰੰਪ ਨੇ ਕਿਹਾ ਕਿ ਭਾਸ਼ਣ ਖ਼ਤਮ ਹੋਣ ਮਗਰੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਆਵਾਜ਼ ਪੂਰੀ ਤਰ੍ਹਾਂ ਬੰਦ ਸੀ ਅਤੇ ਆਲਮੀ ਆਗੂ ਕੁਝ ਵੀ ਨਹੀਂ ਸੁਣ ਸਕੇ। ਉਨ੍ਹਾਂ ਕਿਹਾ ਕਿ ਮੇਲਾਨੀਆ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਟਰੰਪ ਨੇ ਕਿਹਾ ਕਿ ਇਹ ਕੋਈ ਇਤਫ਼ਾਕ ਨਹੀਂ ਸੀ ਸਗੋਂ ਇਹ ਤੀਹਰੀ ਸਾਜ਼ਿਸ਼ ਸੀ।।