ਮੈਨੂੰ ਅਤੇ ਮੇਰੀ ਮਾਂ ਮਹਿਬੂਬਾ ਮੁਫ਼ਤੀ ਨੂੰ ਨਜ਼ਰਬੰਦ ਕੀਤਾ ਗਿਆ ਹੈ: ਪੀਡੀਪੀ ਆਗੂ ਇਲਤਿਜਾ
ਸ਼੍ਰੀਨਗਰ, 8 ਫਰਵਰੀ
ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਦੀ ਨੇਤਾ ਇਲਤਿਜਾ ਮੁਫ਼ਤੀ ਨੇ ਸ਼ਨਿੱਚਰਵਾਰ ਨੂੰ ਦਾਅਵਾ ਕੀਤਾ ਕਿ ਉਨ੍ਹਾਂ ਦੀ ਮਾਂ ਅਤੇ ਪਾਰਟੀ ਪ੍ਰਧਾਨ ਮਹਿਬੂਬਾ ਮੁਫ਼ਤੀ ਅਤੇ ਉਨ੍ਹਾਂ ਖ਼ੁਦ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਹੈ। ਇਲਤਿਜਾ ਮੁਫ਼ਤੀ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਉਨ੍ਹਾਂ ਨੇ ਕਠੁਆ ਜਾਣਾ ਸੀ, ਜਦੋਂ ਕਿ ਮਹਬੂਬਾ ਮੁਫ਼ਤੀ ਨੇ ਬੁੱਧਵਾਰ ਨੂੰ ਸੈਨਾ ਦੀ ਗੋਲੀਬਾਰੀ ਵਿੱਚ ਮਾਰੇ ਗਏ ਟਰੱਕ ਚਾਲਕ ਦੇ ਪਰਿਵਾਰ ਨਾਲ ਮਿਲਣ ਲਈ ਸੋਪੋਰ ਜਾਣ ਦੀ ਯੋਜਨਾ ਬਣਾਈ ਸੀ।
ਇਲਤਿਜਾ ਮੁਫਤੀ ਨੇ ‘ਐਕਸ’ 'ਤੇ ਇੱਕ ਪੋਸਟ ਵਿੱਚ ਕਿਹਾ, ‘‘ਮੈਨੂੰ ਅਤੇ ਮੇਰੀ ਮਾਂ ਦੋਹਾਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਹੈ। ਸਾਡੇ ਘਰ ਦੇ ਦਰਵਾਜੇ ਬੰਦ ਕਰ ਦਿੱਤੇ ਗਏ ਹਨ, ਕਿਉਂਕਿ ਉਨ੍ਹਾਂ ਨੇ ਸੋਪੋਰ ਜਾਣਾ ਸੀ ਜਿੱਥੇ ਵਸੀਮ ਮੀਰ ਨੂੰ ਸੈਨਾ ਨੇ ਗੋਲੀ ਮਾਰ ਦਿੱਤੀ ਸੀ।'' ਮੁਫ਼ਤੀ ਨੇ ਕਿਹਾ, ‘‘ਮੈਂ ਮੱਖਣ ਦੀਨ ਦੇ ਪਰਿਵਾਰ ਨਾਲ ਮਿਲਣ ਲਈ ਕਠੁਆ ਜਾਣਾ ਚਾਹੁੰਦੀ ਸੀ, ਪਰ ਮੈਨੂੰ ਬਾਹਰ ਨਿਕਲਣ ਦੀ ਵੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਚੋਣਾਂ ਦੇ ਬਾਅਦ ਵੀ ਕਸ਼ਮੀਰ ਵਿੱਚ ਕੁਝ ਨਹੀਂ ਬਦਲਿਆ। ਹੁਣ ਪੀੜਤਾਂ ਦੇ ਪਰਿਵਾਰਾਂ ਨੂੰ ਸੰਤੁਸ਼ਟੀ ਦੇਣਾ ਵੀ ਅਪਰਾਧ ਮੰਨਿਆ ਜਾ ਰਿਹਾ ਹੈ।’’ ਪੀਟੀਆਈ