ਹੈਦਰਾਬਾਦ: ਚਾਰਮਿਨਾਰ ਨੇੜੇ ਇਮਾਰਤ ਨੂੰ ਅੱਗ ਲੱਗੀ,17 ਮੌਤਾਂ
ਮ੍ਰਿਤਕਾਂ ਵਿਚ ਔਰਤਾਂ ਤੇ ਬੱਚੇ ਵੀ ਸ਼ਾਮਲ; ਪ੍ਰਧਾਨ ਮੰਤਰੀ ਮੋਦੀ ਨੇ ਮ੍ਰਿਤਕਾਂ ਤੇ ਜ਼ਖ਼ਮੀਆਂ ਲਈ ਮੁਆਵਜ਼ਾ ਐਲਾਨਿਆ
ਹੈਦਰਾਬਾਦ, 18 ਮਈ
ਇਥੇ ਇਤਿਹਾਸਕ ਚਾਰਮਿਨਾਰ ਨੇੜੇ ਗੁਲਜ਼ਾਰ ਹਾਊਸ ਵਿਚਲੀ ਇਮਾਰਤ ਵਿੱਚ ਅੱਜ ਸਵੇਰੇ ਭਿਆਨਕ ਅੱਗ ਲੱਗਣ ਕਰਕੇ ਔਰਤਾਂ ਤੇ ਬੱਚਿਆਂ ਸਣੇ 17 ਵਿਅਕਤੀਆਂ ਦੀ ਮੌਤ ਹੋ ਗਈ। ਹਾਦਸੇ ਦੇ ਜ਼ਖ਼ਮੀਆਂ ਨੂੰ ਵੱਖ ਵੱਖ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ ਹੈ। ਅੱਗ ਲੱਗਣ ਮੌਕੇ ਇਮਾਰਤ ਵਿਚ 21 ਵਿਅਕਤੀ ਮੌਜੂਦ ਸਨ। ਮ੍ਰਿਤਕਾਂ ਵਿਚ 8 ਬੱਚੇ ਵੀ ਸ਼ਾਮਲ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਤਿਲੰਗਾਨਾ ਦੇ ਮੁੱਖ ਮੰਤਰੀ ਏ.ਰੇਵੰਤ ਰੈੱਡੀ ਨੇ ਹਾਦਸੇ ’ਤੇ ਦੁੱਖ ਦਾ ਇਜ਼ਹਾਰ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਮ੍ਰਿਤਕਾਂ ਦੇ ਵਾਰਸਾਂ ਲਈ 2-2 ਲੱਖ ਰੁਪਏ ਤੇ ਜ਼ਖ਼ਮੀਆਂ ਲਈ 50-50 ਹਜ਼ਾਰ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਇਸ ਦੌਰਾਨ ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਵਿੱਢ ਦਿੱਤੀ ਹੈ।
ਅੱਗ ਸਵੇਰੇ ਸਾਢੇ ਛੇ ਵਜੇ ਦੇ ਕਰੀਬ ਲੱਗੀ। ਮੁੱਢਲੀ ਜਾਂਚ ਵਿਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਇਕ ਨਿੱਜੀ ਹਸਪਤਾਲ ਦੇ ਸੀਨੀਅਰ ਅਧਿਕਾਰੀ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਅੱਠ ਵਿਅਕਤੀਆਂ ਨੂੰ ਮ੍ਰਿਤ ਹਾਲਤ ਵਿਚ ਲਿਆਂਦਾ ਗਿਆ ਹੈ।
ਹਸਪਤਾਲ ਦੇ ਸੂਤਰਾਂ ਨੇ ਕਿਹਾ, ‘‘ਬਦਕਿਸਮਤੀ ਨਾਲ ਅੱਠ ਮਰੀਜ਼ਾਂ ਨੂੰ ਮ੍ਰਿਤ ਹਾਲਤ ਵਿਚ ਮਾਲਕਪੇਟ ਦੇ ਯਸ਼ੋਦਾ ਹਸਪਤਾਲ ਲਿਆਂਦਾ ਗਿਆ ਹੈ।’’ ਮ੍ਰਿਤਕਾਂ ਵਿਚ ਤਿੰਟ ਔਰਤਾਂ ਤੇ ਦੋ ਬੱਚੇ ਵੀ ਸ਼ਾਮਲ ਹਨ, ਜਿਨ੍ਹਾਂ ਦੀ ਉਮਰ ਦੋ ਤੇ ਸੱਤ ਸਾਲ ਹੈ। ਅਪੋਲੋ ਹਸਪਤਾਲ ਨੇ ਇਕ ਬਿਆਨ ਵਿਚ ਕਿਹਾ ਕਿ ਉਨ੍ਹਾਂ ਕੋਲ ਪੰਜ ਵਿਅਕਤੀ ਲਿਆਂਦੇ ਗਏ ਸਨ, ਜਿਨ੍ਹਾਂ ਦੇ ਸਰੀਰ ਝੁਲਸੇ ਹੋਏ ਸਨ ਤੇ ਇਨ੍ਹਾਂ ਦੀ ਮੌਤ ਹੋ ਚੁੱਕੀ ਸੀ।
ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ ’ਤੇ ਇਕ ਪੋਸਟ ਵਿਚ ਹੈਦਰਾਬਾਦ ’ਚ ਵਾਪਰੇ ਹਾਦਸੇ ’ਚ ਗਈਆਂ ਜਾਨਾਂ ’ਤੇ ਦੁੱਖ ਦਾ ਇਜ਼ਹਾਰ ਕੀਤਾ ਹੈ। ਉਨ੍ਹਾਂ ਮ੍ਰਿਤਕਾਂ ਦੇ ਵਾਰਸਾਂ ਲਈ ਦੋ ਦੋ ਲੱਖ ਤੇ ਜ਼ਖ਼ਮੀਆਂ ਲਈ 50,000 ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ।
ਉਧਰ ਡੀਜੀਪੀ ਜਿਤੇਂਦਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੁੱਢਲੀ ਜਾਣਕਾਰੀ ਮੁਤਾਬਕ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਹੁਣ ਤੱਕ ਬੱਚਿਆਂ ਤੇ ਮਹਿਲਾਵਾਂ ਸਣੇ 17 ਵਿਅਕਤੀਆਂ ਨੂੰ ਵੱੱਖ ਵੱਖ ਹਸਪਤਾਲਾਂ ਵਿਚ ਤਬਦੀਲ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਅੱਗ ’ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ ਹੈ। ਪੁਲੀਸ ਨੇ ਕਿਹਾ ਕਿ ਜਿਸ ਇਮਾਰਤ ਵਿਚ ਅੱਗ ਲੱਗੀ, ਉਸ ਦੀ ਗਰਾਊਂਡ ਫਲੋਰ ’ਤੇ ਜਿਊਲਰੀ ਦੀਆਂ ਦੁਕਾਨਾਂ ਹਨ ਜਦੋਂਕਿ ਉਪਰਲੀ ਫਲੋਰ ਉੱਤੇ ਫਲੈਟ ਸੀ, ਜਿਸ ਵਿਚ ਲੋਕ ਰਹਿ ਰਹੇ ਸਨ। ਉਨ੍ਹਾਂ ਕਿਹਾ ਕਿ ਅੱਗ ਲੱਗਣ ਕਰਕੇ ਉਪਰਲੀ ਫਲੋਰ ਵਿਚ ਧੂੰਆਂ ਭਰ ਗਿਆ ਤੇ ਲੋਕਾਂ ਦਾ ਦਮ ਘੁੱਟ ਗਿਆ।
ਮੁੱਖ ਮੰਤਰੀ ਏ.ਰੇਵੰਤ ਰੈੱਡੀ ਨੇ ਵੀ ਹਾਦਸੇ ’ਤੇ ਦੁੱਖ ਜਤਾਉਂਦਿਆਂ ਸੀਨੀਅਰ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਇਮਾਰਤ ਵਿਚ ਫਸੇ ਲੋਕਾਂ ਨੂੰ ਹਰ ਸੰਭਵ ਸਹਾਇਤ ਮੁਹੱਈਆ ਕਰਨ। ਫਾਇਰ ਵਿਭਾਗ ਨੂੰ ਅੱਗ ਲੱਗਣ ਦੀ ਸੂਚਨਾ ਸਵੇਰੇ ਸਾਢੇ ਛੇੇ ਵਜੇ ਦੇ ਕਰੀਬ ਲੱਗੀ ਸੀ। -ਪੀਟੀਆਈ