ਯੂਟਿਊਬਰ Ranveer Allahbadia ਅਸ਼ਲੀਲ ਟਿੱਪਣੀ ਨੂੰ ਲੈ ਕੇ ਕਾਨੂੰਨੀ ਮੁਸੀਬਤ ਵਿੱਚ ਫਸਿਆ
ਨਵੀਂ ਦਿੱਲੀ, 10 ਫਰਵਰੀ
ਯੂਟਿਊਬਰ-ਪੋਡਕਾਸਟਰ Ranveer Allahbadia ਜੋ ਕਿ ਬੀਅਰ ਬਾਈਸੈਪਸ ਵਜੋਂ ਜਾਣਿਆ ਜਾਂਦਾ ਹੈ, ਕਾਮੇਡੀਅਨ ਸਮਯ ਰੈਨਾ ਦੇ ਸ਼ੋਅ 'India's Got Latent' ’ਤੇ ਆਪਣੀ ਟਿੱਪਣੀ ਨੂੰ ਲੈ ਕੇ ਵਿਵਾਦਾਂ ਦੇ ਨਾਲ-ਨਾਲ ਕਾਨੂੰਨੀ ਮੁਸੀਬਤ ਵਿੱਚ ਵੀ ਫਸ ਗਿਆ ਹੈ।
ਅਲਾਹਬਾਦੀਆ, ਜਿਸ ਦੇ ਇੰਸਟਾਗ੍ਰਾਮ ’ਤੇ 3 ਮਿਲੀਅਨ ਤੋਂ ਵੱਧ ਫੋਲੋਅਰ ਹਨ ਅਤੇ ਯੂਟਿਊਬ ’ਤੇ ਇਕ ਕਰੋੜ ਤੋਂ ਵੱਧ ਸਬਸਕ੍ਰਾਈਬਰ ਹਨ, ਰੈਨਾ ਦੇ ਸ਼ੋਅ ’ਤੇ ਕੀਤੀਆਂ ਟਿੱਪਣੀਆਂ ਲਈ ਵਿਰੋਧੀ ਪ੍ਰਤੀਕਿਰਿਆਵਾਂ ਦਾ ਸਾਹਮਣਾ ਕਰ ਰਿਹਾ ਹੈ। ਹੰਗਾਮੇ ਕਾਰਨ ਸ਼ੋਅ ਦੇ ਪ੍ਰਬੰਧਕਾਂ ਸਮੇਤ ਅਲਾਹਬਾਦੀਆ ਅਤੇ ਰੈਨਾ ਦੋਵਾਂ ਵਿਰੁੱਧ ਕਾਨੂੰਨੀ ਸ਼ਿਕਾਇਤ ਕੀਤੀ ਗਈ ਹੈ।
ਹਾਲ ਹੀ ਦੇ ਇੱਕ ਐਪੀਸੋਡ ਦੇ ਦੌਰਾਨ ਅਲਾਹਬਾਦੀਆ ਨੇ ਇੱਕ ਪ੍ਰਤੀਯੋਗੀ ਨੂੰ ਇੱਕ ਬਹੁਤ ਹੀ ਵਿਵਾਦਪੂਰਨ ਸਵਾਲ ਪੁੱਛਿਆ। ਜਿਸ ਤੋਂ ਬਾਅਦ ਟਿੱਪਣੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਅਤੇ ਉਸਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ। ਨਤੀਜੇ ਵਜੋਂ ਮੁੰਬਈ ਪੁਲੀਸ ਕਮਿਸ਼ਨਰ ਅਤੇ ਕੌਮੀ ਮਹਿਲਾ ਕਮਿਸ਼ਨ ਕੋਲ ਰਸਮੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਸ਼ਿਕਾਇਤਕਰਤਾ ਨੇ ਇਸ ਮਾਮਲੇ ਵਿੱਚ ਸ਼ਾਮਲ ਸਾਰੇ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ । ਸ਼ਿਕਾਇਤ ਪੱਤਰ ਵਿਚ ਅਲਾਹਬਾਦੀਆ, ਰੈਨਾ ਅਤੇ ਹੋਰਾਂ ’ਤੇ ਸ਼ੋਅ ਵਿਚ ਔਰਤਾਂ ਬਾਰੇ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕਰਨ ਅਤੇ ਅਸ਼ਲੀਲ ਟਿੱਪਣੀਆਂ ਕਰਨ ਦਾ ਦੋਸ਼ ਲਗਾਇਆ ਗਿਆ ਹੈ।
ਇੰਡੀਆਜ਼ ਗੋਟ ਲੇਟੈਂਟ ਨੂੰ ਰੱਦ ਕਰਨ ਅਤੇ ਰੈਨਾ ਅਤੇ ਅਲਾਹਬਾਦੀਆ ਦੋਵਾਂ ਦੇ ਬਾਈਕਾਟ ਦੀ ਮੰਗ ਕਰਦੇ ਹੋਏ ਸੋਸ਼ਲ ਮੀਡੀਆ ’ਤੇ ਕਾਫ਼ੀ ਵਿਰੋਧ ਸ਼ੁਰੂ ਹੋ ਗਿਆ। ਵਿਵਾਦ ਪੈਦਾ ਹੋਣ ਤੋਂ ਤੁਰੰਤ ਬਾਅਦ #RanveerAllahbadia, #SamayRaina, ਅਤੇ #Boycott ਵਰਗੇ ਹੈਸ਼ਟੈਗ ‘ਐਕਸ’ ’ਤੇ ਪ੍ਰਚਲਿਤ ਹੋਣੇ ਸ਼ੁਰੂ ਹੋ ਗਏ।
ਇੱਕ ਵਿਅਕਤੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਣਵੀਰ ਨੂੰ ਕੌਮੀ ਸਿਰਜਣਹਾਰ ਪੁਰਸਕਾਰ ਬਾਰੇ ਯਾਦ ਦਵਾਉਂਦੇ ਹੋਏ ਲਿਖਿਆ ‘‘ਪ੍ਰਧਾਨ ਮੰਤਰੀ ਤੋਂ ਪੁਰਸਕਾਰ ਪ੍ਰਾਪਤ ਕਰਨਾ, ਮੰਤਰੀਆਂ ਦੀ ਇੰਟਰਵਿਊ ਕਰ ਅਤੇ ਹੁਣ ਇਹ’’ ਇੱਕ ਹੋਰ ਉਪਭੋਗਤਾ ਨੇ ਸ਼ੋਅ ਦੀ ਨਿੰਦਾ ਕਰਦੇ ਹੋਏ ਕਿਹਾ: “ਇਹ ਬਕਵਾਸ ਸ਼ੋਅ ਖਤਮ ਹੋਣਾ ਚਾਹੀਦਾ ਹੈ। ਅਸ਼ਲੀਲ ਚੁਟਕਲੇ, ਅਸ਼ਲੀਲ ਭਾਸ਼ਾ, ਨਸਲਵਾਦ, ਉੱਤਰ-ਦੱਖਣੀ ਨਫ਼ਰਤ - ਸਭ ਕੁਝ ਡਾਰਕ ਹਾਸੇ ਦੀ ਆੜ ਵਿੱਚ ਪ੍ਰਚਾਰਿਆ ਜਾ ਰਿਹਾ ਹੈ।’’ -ਆਈਏਐੱਨਐੱਸ
Ranveer Allahbadia ਨੇ ਆਪਣੀ ਟਿੱਪਣੀ ਨੂੰ ਲੈ ਕੇ ਮੁਆਫ਼ੀ ਮੰਗੀ
Ranveer Allahbadia ਨੇ ਸੋਮਵਾਰ ਨੂੰ ਇੱਕ ਸ਼ੋਅ 'ਤੇ ਆਪਣੀ ਵਿਵਾਦਿਤ ਟਿੱਪਣੀ ਲਈ ਮੁਆਫੀ ਮੰਗਦਿਆਂ ਕਿਹਾ ਕਿ ਕਾਮੇਡੀ ਉਸ ਦੀ ਵਿਸ਼ੇਸ਼ਤਾ ਨਹੀਂ ਹੈ ਅਤੇ ਪੂਰੇ ਐਪੀਸੋਡ ਨੂੰ ਇੱਕ "ਗਲਤੀ" ਦੱਸਿਆ ਹੈ। ਰਣਵੀਰ ਨੇ ਸੋਸ਼ਲ ਮੀਡੀਆ ਤੇ ਆਪਣੇ ਬਿਆਨ ਵਿਚ ਕਿਹਾ "ਮੇਰੀ ਟਿੱਪਣੀ ਸਿਰਫ਼ ਅਣਉਚਿਤ ਹੀ ਨਹੀਂ ਸੀ, ਇਹ ਮਜ਼ਾਕੀਆ ਵੀ ਨਹੀਂ ਸੀ। ਕਾਮੇਡੀ ਮੇਰੀ ਵਿਸ਼ੇਸ਼ਤਾ ਨਹੀਂ ਹੈ, ਮੈਂ ਇਥੇ ਮੁਆਫ਼ੀ ਮੰਗਣ ਲਈ ਆਇਆ ਹਾਂ।’’
ਉਸਨੇ ਕਿਹਾ, ‘‘ਸਪੱਸ਼ਟ ਤੌਰ ’ਤੇ ਮੈਂ ਆਪਣੇ ਪਲੇਟਫਾਰਮ ਦੀ ਵਰਤੋਂ ਇਸ ਤਰ੍ਹਾਂ ਨਹੀਂ ਕਰਨਾ ਚਾਹੁੰਦਾ ਹਾਂ। ਜੋ ਵੀ ਹੋਇਆ ਉਸ ਪਿੱਛੇ ਕੋਈ ਸੰਦਰਭ ਜਾਂ ਤਰਕ ਨਹੀਂ ਦੇਣ ਜਾ ਰਿਹਾ ਹਾਂ। ਮੈਂ ਇੱਥੇ ਸਿਰਫ਼ ਮੁਆਫ਼ੀ ਮੰਗਣ ਲਈ ਹਾਂ। ਮੈਂ ਨਿੱਜੀ ਤੌਰ ਤੇ ਫੈਸਲੇ ਵਿੱਚ ਇੱਕ ਗਲਤੀ ਕੀਤੀ ਸੀ।" -ਪੀਟੀਆਈ