Honeymoon horror: ਪਤੀ ਦੇ ਕਤਲ ਮਗਰੋਂ ਤਿੰਨ ਦਿਨ ਇੰਦੌਰ ਦੇ ਫਲੈਟ ਵਿਚ ਰਹੀ ਸੋਨਮ ਰਘੂਵੰਸ਼ੀ
Honeymoon horror: Sonam Raghuvanshi came to Indore after husband’s murder and stayed in flat
ਇੰਦੌਰ/ਸ਼ਿਲੌਂਗ, 11 ਜੂਨ
ਕਾਰੋਬਾਰੀ ਰਾਜਾ ਰਘੂਵੰਸ਼ੀ ਦੇ ਕਤਲ ਕੇਸ ਵਿਚ ਮੁੱਖ ਮੁਲਜ਼ਮ ਸੋਨਮ ਰਘੂਵੰਸ਼ੀ, ਜੋ ਪਹਿਲਾਂ ਮੇਘਾਲਿਆ ਵਿਚ ਲਾਪਤਾ ਦੱਸੀ ਜਾਂਦੀ ਸੀ, ਆਪਣੇ ਪਤੀ ਦੇ ਕਤਲ ਮਗਰੋਂ ਇੰਦੌਰ ਗਈ ਸੀ ਤੇ ਉਥੇ ਤਿੰਨ ਦਿਨਾਂ ਤੱਕ ਕਿਰਾਏ ਦੇ ਫਲੈਟ ਵਿਚ ਰਹੀ। ਇਹ ਦਾਅਵਾ ਪੁਲੀਸ ਅਧਿਕਾਰੀ ਨੇ ਕੀਤਾ ਹੈ। ਪੁੁਲੀਸ ਅਧਿਕਾਰੀ ਨੇ ਕਿਹਾ, ‘‘ਸਾਨੂੰ ਜਾਣਕਾਰੀ ਮਿਲੀ ਹੈ ਕਿ ਸੋਨਮ ਇੰਦੌਰ ਆਈ ਸੀ ਤੇ 25 ਮਈ ਤੋਂ 27 ਮਈ ਦਰਮਿਆਨ ਦੇਵਾਸ ਨਾਕਾ ਇਲਾਕੇ ਵਿਚ ਕਿਰਾਏ ਦੇ ਫਲੈਟ ਵਿਚ ਰਹੀ।’’ ਅਧਿਕਾਰੀ ਨੇ ਕਿਹਾ ਕਿ ਮੇਘਾਲਿਆ ਪੁਲੀਸ ਇਸ ਬਾਰੇ ਤਫਸੀਲ ਵਿਚ ਜਾਣਕਾਰੀ ਦੇਵੇਗੀ।
ਇਸ ਦੌਰਾਨ ਮੇਘਾਲਿਆ ਪੁਲੀਸ ਦੀ ਟੀਮ ਨੇ ਕਤਲ ਕੇਸ ਦੇ ਮੁਲਜ਼ਮ ਵਿਸ਼ਾਲ ਚੌਹਾਨ ਦੇ ਇੰਦੌਰ ਵਿਚਲੇ ਘਰ ਦਾ ਦੌਰਾ ਕੀਤਾ। ਇੰਦੌਰ ਦੇ ਏਸੀਪੀ ਪੂਨਮਚੰਦਰ ਯਾਦਵ ਨੇ ਕਿਹਾ ਕਿ ਚੌਹਾਨ ਵੱਲੋਂ ਦਿੱਤੀ ਜਾਣਕਾਰੀ ਉਸ ਵੱਲੋਂ ਰਘੂਵੰਸ਼ੀ ਦੇ ਕਤਲ ਸਮੇਂ ਪਾਈ ਪੈਂਟ ਤੇ ਕਮੀਜ਼ ਉਸ ਦੇ ਘਰ ’ਚੋਂ ਬਰਾਮਦ ਕੀਤੀ ਗਈ ਹੈ। ਅਧਿਕਾਰੀ ਨੇ ਕਿਹਾ, ‘‘ਮੇਘਾਲਿਆ ਪੁਲੀਸ ਇਨ੍ਹਾਂ ਕੱਪੜਿਆਂ ਨੂੰ ਫੋਰੈਂਸਿਕ ਲੈਬਾਰਟਰੀ ਭੇਜੇਗੀ ਤਾਂ ਕਿ ਇਨ੍ਹਾਂ ’ਤੇ ਖੂਨ ਦੇ ਧੱਬਿਆਂ ਦਾ ਪਤਾ ਲਾਇਆ ਜਾ ਸਕੇ।’’
ਇੰਦੌਰ ਦੇ ਵਧੀਕ ਡਿਪਟੀ ਕਮਿਸ਼ਨਰ ਆਫ਼ ਪੁਲੀਸ ਰਾਜੇਸ਼ ਡੰਡੋਤੀਆ ਨੇ ਕਿਹਾ ਕਿ ਮੇਘਾਲਿਆ ਪੁਲੀਸ ਦੀ 12 ਮੈਂਬਰੀ ਟੀਮ ਕੋਰਟ ਤੋਂ ਟਰਾਂਜ਼ਿਟ ਰਿਮਾਂਡ ਹਾਸਲ ਕਰਨ ਮਗਰੋਂ ਚਾਰ ਮੁਲਜ਼ਮਾਂ- ਰਾਜ ਕੁਸ਼ਵਾਹਾ, ਵਿਸ਼ਾਲ ਚੌਹਾਨ, ਅਕਾਸ਼ ਰਾਜਪੂਤ ਤੇ ਆਨੰਦ ਕੁਰਮੀ ਨੂੰ ਲੈ ਕੇ ਸ਼ਿਲੌਂਗ ਲਈ ਰਵਾਨਾ ਹੋ ਗਈ ਹੈ। -ਪੀਟੀਆਈ