Himachal News: ਮਨਾਲੀ-ਲੇਹ ਹਾਈਵੇਅ ’ਤੇ ਸੋਲਾਂਗ ’ਚ ਭਾਰੀ ਬਰਫਬਾਰੀ, 5000 ਸੈਲਾਨੀ ਫਸੇ
Heavy snowfall on Manali-Leh highway traps over 5,000 tourists
ਟ੍ਰਿਬਿਊਨ ਨਿਉਜ਼ ਸਰਵਿਸ
ਮੰਡੀ(ਹਿਮਾਚਲ ਪ੍ਰਦੇਸ), 28 ਦਸੰਬਰ
ਲਾਹੌਲ ਘਾਟੀ ਅਤੇ ਮਨਾਲੀ ਖੇਤਰ ਵਿੱਚ ਸ਼ੁੱਕਰਵਾਰ ਨੂੰ ਭਾਰੀ ਬਰਫ਼ਬਾਰੀ ਕਾਰਨ ਮਨਾਲੀ-ਲੇਹ ਹਾਈਵੇਅ ’ਤੇ ਭਾਰੀ ਵਿਘਨ ਪਿਆ, ਇਸ ਦੌਰਾਨ ਕੁੱਲੂ ਜ਼ਿਲ੍ਹੇ ਦੇ ਸੋਲਾਂਗ ਨਾਲਾ ਵਿੱਚ ਸੈਲਾਨੀਆਂ ਦੀਆਂ ਕਾਰਾਂ ਅਤੇ ਬੱਸਾਂ ਸਮੇਤ ਲਗਭਗ 1,200 ਵਾਹਨ ਫਸ ਗਏ। ਸਥਾਨਕ ਪੁਲੀਸ ਰਿਪੋਰਟਾਂ ਦੇ ਅਨੁਸਾਰ ਫਸੇ ਹੋਏ ਯਾਤਰੀਆਂ ਵਿੱਚ ਲਗਭਗ 5,000 ਸੈਲਾਨੀ ਸਨ।
ਤੜਕੇ ਸ਼ੁਰੂ ਹੋਏ ਬਰਫੀਲੇ ਤੂਫਾਨ ਨੇ ਆਵਾਜਾਈ ਨੂੰ ਅਚਾਨਕ ਠੱਪ ਕਰ ਦਿੱਤਾ, ਜਿਸ ਨਾਲ ਵਾਹਨ ਖੇਤਰ ਦੇ ਉੱਚੇ ਅਤੇ ਉਲਝਵੇਂ ਇਲਾਕਿਆਂ ਵਿੱਚ ਫਸ ਗਏ। ਅਧਿਕਾਰੀਆਂ ਨੇ ਮੁਸਾਫਰਾਂ ਦੀ ਮਦਦ ਲਈ ਕੁੱਲੂ ਪੁਲੀਸ ਵਿਭਾਗ ਦੀਆਂ ਟੀਮਾਂ ਨੂੰ ਤਾਇਨਾਤ ਕਰਦੇ ਹੋਏ ਤੇਜ਼ੀ ਨਾਲ ਬਚਾਅ ਕਾਰਜ ਸ਼ੁਰੂ ਕਰ ਦਿੱਤੇ।
ਪੁਲੀਸ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਸਾਰੇ ਫਸੇ ਹੋਏ ਵਾਹਨਾਂ ਨੂੰ ਸੁਰੱਖਿਅਤ ਢੰਗ ਨਾਲ ਬਾਹਰ ਕੱਢ ਲਿਆ ਗਿਆ ਹੈ ਅਤੇ ਯਾਤਰੀਆਂ ਨੂੰ ਬੀਤੀ ਰਾਤ ਬਰਫ਼ ਨਾਲ ਪ੍ਰਭਾਵਿਤ ਖੇਤਰਾਂ ਤੋਂ ਦੂਰ ਮਨਾਲੀ ਵਿੱਚ ਇੱਕ ਸੁਰੱਖਿਅਤ ਸਥਾਨ ’ਤੇ ਪਹੁੰਚਾਇਆ ਗਿਆ ਹੈ।
ਐਸਡੀਐਮ ਮਨਾਲੀ ਰਮਨ ਸ਼ਰਮਾ ਨੇ ਦੱਸਿਆ ਕਿ 5,000 ਤੋਂ ਵੱਧ ਸੈਲਾਨੀਆਂ ਨੂੰ ਉਨ੍ਹਾਂ ਦੇ ਵਾਹਨਾਂ ਸਮੇਤ ਸੁਰੱਖਿਅਤ ਢੰਗ ਨਾਲ ਮਨਾਲੀ ਪਹੁੰਚਾਇਆ ਗਿਆ ਹੈ। ਗੌਰਤਲਬ ਹੈ ਕਿ ਅੱਜ ਜਨਤਕ ਸੁਰੱਖਿਆ ਦੇ ਮੱਦੇਨਜ਼ਰ ਨਹਿਰੂ ਕੁੰਡ ਦੇ ਨੇੜੇ ਮਨਾਲੀ-ਲੇਹ ਹਾਈਵੇਅ ’ਤੇ ਸੋਲਾਂਗ ਘਾਟੀ ਅਤੇ ਲਾਹੌਲ ਘਾਟੀ ਵੱਲ ਆਵਾਜਾਈ ਨੂੰ ਸੀਮਤ ਰੱਖਿਆ ਜਾਵੇਗਾ।
ਜ਼ਿਲ੍ਹਾ ਪ੍ਰਸ਼ਾਸਨ ਨੇ ਸੈਲਾਨੀਆਂ ਅਤੇ ਸਥਾਨਕ ਲੋਕਾਂ ਨੂੰ ਚੇਤਾਵਨੀ ਵੀ ਜਾਰੀ ਕੀਤੀ ਹੈ, ਉਨ੍ਹਾਂ ਨੂੰ ਲਗਾਤਾਰ ਬਰਫਬਾਰੀ ਅਤੇ ਖਤਰਨਾਕ ਸੜਕਾਂ ਦੀ ਸਥਿਤੀ ਦੇ ਕਾਰਨ ਖੇਤਰ ਵਿੱਚ ਬੇਲੋੜੀ ਯਾਤਰਾ ਤੋਂ ਬਚਣ ਦੀ ਅਪੀਲ ਕੀਤੀ ਹੈ। ਅਧਿਕਾਰੀ ਹਾਈਵੇਅ ਨੂੰ ਸਾਫ਼ ਕਰਨ ਅਤੇ ਆਮ ਸਥਿਤੀ ਨੂੰ ਬਹਾਲ ਕਰਨ ਲਈ ਕੰਮ ਕਰ ਰਹੇ ਹਨ, ਪਰ ਉਨ੍ਹਾਂ ਨੇ ਸਾਵਧਾਨ ਕੀਤਾ ਹੈ ਕਿ ਜੇਕਰ ਬਰਫ਼ਬਾਰੀ ਜਾਰੀ ਰਹੀ ਤਾਂ ਇਸ ਤਰ੍ਹਾਂ ਦੇ ਵਿਘਨ ਪੈ ਸਕਦੇ ਹਨ।
ਇਹ ਵੀ ਪੜ੍ਹੋ
1। Jammu-Srinagar ਹਾਈਵੇਅ ’ਤੇ ਸੈਲਾਨੀ ਦੀ ਮੌਤ; ਬਰਫਬਾਰੀ ਦੌਰਾਨ ਮੁਗਲ ਰੋਡ ਤੋਂ ਛੇ ਨੂੰ ਬਚਾਇਆ ਗਿਆ