ਹਿਮਾਚਲ ਬੋਰਡ ਨੇ 12ਵੀਂ ਦਾ ਨਤੀਜਾ ਐਲਾਨਿਆ, ਕੁੜੀਆਂ ਫਿਰ ਮੋਹਰੀ
ਧਰਮਸ਼ਾਲਾ(ਹਿਮਾਚਲ ਪ੍ਰਦੇਸ਼), 17 ਮਈ
ਹਿਮਾਚਲ ਪ੍ਰਦੇਸ਼ ਸਕੂਲ ਸਿੱਖਿਆ ਬੋਰਡ (HPBOSE) ਨੇ 12ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ, ਜਿਸ ਵਿਚ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਨੇ ਇਕ ਵਾਰ ਫਿਰ ਬਾਜ਼ੀ ਮਾਰੀ ਹੈ। ਬੋਰਡ ਵੱਲੋਂ ਐਲਾਨੀ 75 ਵਿਦਿਆਰਥੀਆਂ ਦੀ ਮੈਰਿਟ ਸੂਚੀ ਵਿਚ 61 ਕੁੜੀਆਂ ਤੇ 14 ਮੁੰਡੇ ਹਨ।
ਊਨਾ ਜ਼ਿਲ੍ਹੇ ਦੇ ਗਗਰੇਟ ਵਿਚ ਡੀਆਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਮਹਿਕ 97.2 ਫੀਸਦ ਅੰਕਾਂ ਨਾਲ ਤਿੰਨਾਂ ਸਟ੍ਰੀਮਾਂ ਆਰਟਸ, ਸਾਇੰਸ ਤੇ ਕਾਮਰਸ ਵਿਚ ਅੱਵਲ ਰਹੀ। ਮਹਿਕ ਨੇ ਸਾਇੰਸ ਸਟ੍ਰੀਮ ਵਿਚ 500 ਵਿਚੋਂ 486 ਅੰਕ ਲਏ।
ਧੌਲਾਧਾਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ਼ਾਮ ਨਗਰ (ਧਰਮਸ਼ਾਲਾ) ਦੀ ਖ਼ੁਸ਼ੀ ਅਤੇ ਬੈਜਨਾਥ ਦੇ ਭਾਰਤੀ ਵਿਦਿਆ ਪੀਠ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਜਾਹਨਵੀ ਠਾਕੁਰ 96.6 ਫੀਸਦ ਅੰਕਾਂ ਨਾਲ ਦੂਜੇ ਸਥਾਨ ’ਤੇ ਰਹੀਆਂ।
ਆਰਟਸ ਸਟ੍ਰੀਮ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਅੰਕਿਤਾ 96.6 ਫੀਸਦ ਅੰਕਾਂ ਨਾਲ ਪਹਿਲੇ ਨੰਬਰ ’ਤੇ ਰਹੀ। ਕਾਮਰਸ ਵੰਨਗੀ ਵਿਚ ਕਾਂਗੜਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਨੌਰ ਦੀ ਪਾਇਲ ਸ਼ਰਮਾ 96.4 ਫੀਸਦ ਅੰਕਾਂ ਨਾਲ ਅੱਵਲ ਆਈ।
ਬੋਰਡ ਦੇ ਚੇਅਰਮੈਨ ਤੇ ਕਾਂਗੜਾ ਦੇ ਡਿਪਟੀ ਕਮਿਸ਼ਨਰ ਹੇਮਰਾਜ ਬੈਰਵਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਨਤੀਜਿਆਂ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ ਸਾਲ (73.76 ਫੀਸਦ) ਦੇ ਮੁਕਾਬਲੇ ਐਤਕੀਂ 83.16 ਨਾਲ ਪਾਸ ਫੀਸਦ ਵਿਚ ਕਰੀਬ 10 ਫੀਸਦ ਦਾ ਇਜ਼ਾਫ਼ਾ ਹੋਇਆ ਹੈ।
ਇਸ ਸਾਲ ਕੁੱਲ 86,373 ਵਿਦਿਆਰਥੀਆਂ ਨੇ ਇਹ ਪ੍ਰੀਖਿਆ ਦਿੱਤੀ ਸੀ, ਜਿਸ ਵਿਚੋਂ 71,591 ਵਿਦਿਆਰਥੀ ਪਾਸ ਹੋ ਗਏ ਜਦੋਂਕਿ 5,847 ਦੀ ਕੰਪਾਰਟਮੈਂਟ ਆਈ ਤੇ 8,581 ਫੇਲ੍ਹ ਹੋ ਗਏ। ਬਾਰ੍ਹਵੀਂ ਦੀ ਪ੍ਰੀਖਿਆ 4 ਮਾਰਚ ਤੋਂ 29 ਮਾਰਚ ਤੱਕ ਸੂਬੇ ਦੇ 2300 ਕੇਂਦਰਾਂ ਵਿਚ ਲਈ ਗਈ ਸੀ। -ਪੀਟੀਆਈ