ਇਜ਼ਰਾਈਲ ਨੇ ਅੱਜ ਬੇਰੂਤ ਦੇ ਦੱਖਣੀ ਉਪਨਗਰ ’ਤੇ ਹਵਾਈ ਹਮਲਾ ਕੀਤਾ ਜਿਸ ਵਿੱਚ ਅਤਿਵਾਦੀ ਸਮੂਹ ਹਿਜ਼ਬੁੱਲਾ ਦਾ ਇੱਕ ਸਿਖਰਲਾ ਫੌਜੀ ਅਧਿਕਾਰੀ ਮਾਰਿਆ ਗਿਆ।
ਫੌਜ ਨੇ ਕਿਹਾ ਕਿ ਹਿਜ਼ਬੁੱਲਾ ਦੇ ਕਾਰਜਕਾਰੀ ਚੀਫ਼ ਆਫ਼ ਸਟਾਫ਼ ਅਲੀ ਤਬਤਾਬਾਈ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਦੂਜੇ ਪਾਸੇ ਹਿਜ਼ਬੁੱਲਾ ਵੱਲੋਂ ਆਪਣੇ ਆਗੂ ਦੀ ਹੱਤਿਆ ਦੀ ਪੁਸ਼ਟੀ ਨਹੀਂ ਕੀਤੀ ਗਈ, ਹਾਲਾਂਕਿ ਹਿਜ਼ਬੁੱਲਾ ਦੇ ਸੀਨੀਅਰ ਅਧਿਕਾਰੀ ਮਹਿਮੂਦ ਕਮਾਤੀ ਨੇ ਕਿਹਾ ਹੈ ਕਿ ਸਮੂਹ ਦੇ ਇੱਕ ਕੇਂਦਰੀ ਆਗੂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਬੰਬ ਨਾਲ ਉਡਾਈ ਗਈ ਇਮਾਰਤ ਦੇ ਨੇੜੇ ਉਸ ਨੇ ਕਿਹਾ ਕਿ ਇਜ਼ਰਾਈਲ ਦੇ ਹਮਲੇ ਨੇ ਕਈ ਸੀਮਾਵਾਂ ਉਲੰਘੀਆਂ ਹਨ। ਕਮਾਤੀ ਨੇ ਕਿਹਾ ਕਿ ਹਿਜ਼ਬੁੱਲਾ ਦੀ ਲੀਡਰਸ਼ਿਪ ਇਹ ਫੈਸਲਾ ਕਰੇਗੀ ਕਿ ਉਹ ਇਸ ਦਾ ਕਦੋਂ ਅਤੇ ਕਿਵੇਂ ਜਵਾਬ ਦੇਣਾ ਹੈ।
ਇਸ ਹਮਲੇ ਵਿੱਚ ਪੰਜ ਜਣੇ ਮਾਰੇ ਗਏ ਤੇ 28 ਜ਼ਖ਼ਮੀ ਹੋ ਗਏ। ਜ਼ਿਕਰਯੋਗ ਹੈ ਕਿ ਅਮਰੀਕਾ ਨੇ ਤਬਤਾਬਾਈ ਨੂੰ ਸਾਲ 2016 ਵਿਚ ਦਹਿਸ਼ਤਗਰਦ ਐਲਾਨਦੇ ਹੋਏ ਹਮਲਾਵਰ ਇਕਾਈ ਦਾ ਕਮਾਂਡਰ ਦੱਸਿਆ ਸੀ। ਅਮਰੀਕਾ ਨੇ ਇਸ ਦੀ ਜਾਣਕਾਰੀ ਦੇਣ ਵਾਲੇ ਨੂੰ 50 ਲੱਖ ਅਮਰੀਕੀ ਡਾਲਰ ਦਾ ਇਨਾਮ ਦੇਣ ਦਾ ਐਲਾਨ ਕੀਤਾ ਸੀ। ਰਾਇਟਰਜ਼

