Haryana News: ਕਾਂਗਰਸੀ ਆਗੂ ਹਿਮਾਨੀ ਦਾ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ
ਟ੍ਰਿਬਿਊਨ ਨਿਊਜ਼ ਸਰਵਿਸ/ਗੁਰਦੀਪ ਸਿੰਘ ਭੱਟੀ
ਚੰਡੀਗੜ੍ਹ/ਟੋਹਾਣਾ, 2 ਮਾਰਚ
ਯੁਵਾ ਕਾਂਗਰਸੀ ਆਗੂ ਹਿਮਾਨੀ ਦਾ ਬੇਰਹਿਮੀ ਨਾਲ ਕਤਲ ਹੋ ਗਿਆ ਸੀ। ਉਸ ਦੀ ਲਾਸ਼ ਸ਼ਨਿਚਰਵਾਰ ਦੁਪਹਿਰ ਨੂੰ ਸਾਂਪਲਾ ਫਲਾਈਓਵਰ ਨਾਲ ਪੈਂਦੀਆਂ ਝਾੜੀਆਂ ਵਿੱਚ ਇਕ ਸੂਟਕੇਸ ਵਿਚੋਂ ਮਿਲੀ ਸੀ। ਹਿਮਾਨੀ ਦੀ ਮਾਂ ਨੇ ਹੁਣ ਉਸ ਦਾ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਸ ਹੱਤਿਆ ਪਿੱਛੇ ਪਾਰਟੀ ਆਗੂਆਂ ਦਾ ਹੱਥ ਹੈ। ਉਨ੍ਹਾਂ ਉਸ ਦੀ ਮ੍ਰਿਤਕ ਦੇਹ ਲੈਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਪਹਿਲਾਂ ਹਿਮਾਨੀ ਦੀ ਮਾਂ ਅੱਜ ਪੋਸਟਮਾਰਟਮ ਵਾਲੀ ਥਾਂ ਪੁੱਜੀ। ਉਨ੍ਹਾਂ ਪੁਲੀਸ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਦੋਸ਼ ਲਾਇਆ ਕਿ ਪਾਰਟੀ ਦੇ ਕਈ ਲੋਕ ਉਸ ਦੀ ਲੜਕੀ ਦੀ ਤਰੱਕੀ ਤੋਂ ਖੁਸ਼ ਨਹੀਂ ਸਨ।
ਪਤਾ ਲੱਗਾ ਕਿ ਹਿਮਾਨੀ ਤਿੰਨ ਕੁ ਦਿਨ ਪਹਿਲਾਂ ਰੋਹਤਕ ਦੇ ਇਕ ਪਿੰਡ ਵਿਆਹ ’ਤੇ ਗਈ ਸੀ। ਪੁਲੀਸ ਟੀਮਾਂ ਮ੍ਰਿਤਕਾ ਦੇ ਮੁਹੱਲੇ ਵਿੱਚ ਰੋਹਤਕ ਬੱਸ ਸਟੈਂਡ ’ਤੇ ਲੱਗ ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਰੋਹਤਕ ਦੇ ਕਾਂਗਰਸੀ ਆਗੂ ਦੀ ਪਤਨੀ ਬੀਬੀ ਬਤਰਾ ਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਹਿਮਾਨੀ ਦੇ ਕਤਲ ਨੂੰ ਦੁਖਦਾਈ ਤੇ ਭਾਜਪਾ ਸਰਕਾਰ ’ਤੇ ਧੱਬਾ ਦੱਸਿਆ। ਪਾਰਟੀ ਸੂਤਰਾਂ ਮੁਤਾਬਿਕ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਸਮੇਂ ਹਿਮਾਨੀ ਸਰਗਰਮ ਵਰਕਰ ਰਹੀ ਤੇ ਰਾਹੁਲ ਨਾਲ ਚਲਦੀ ਰਹੀ ਸੀ। ਮੁਹੱਲਾ ਵਾਸੀਆਂ ਮੁਤਾਬਿਕ ਹਿਮਾਨੀ ਦੇ ਪਿਤਾ ਨੇ ਬੀ.ਐਸ.ਐਫ਼ ਵਿੱਚ ਨੌਕਰੀ ਤੋਂ ਬਾਅਦ ਰੋਹਤਕ ਵਿਚ ਰਿਹਾਇਸ਼ ਕੀਤੀ ਸੀ। 10 ਸਾਲ ਪਹਿਲਾਂ ਪਿਤਾ ਦੀ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ ਸੀ।