ਹਰਿਆਣਾ ਵੱਲੋਂ Common Eligibility Test 2025 ਲਈ ਨੋਟੀਫਿਕੇਸ਼ਨ ਜਾਰੀ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 27 ਮਈ
ਹਰਿਆਣਾ ਸਟਾਫ ਸਿਲੈਕਸ਼ਨ ਕਮਿਸ਼ਨ (HSSC) ਨੇ ਗਰੁੱਪ-ਸੀ ਦੇ ਅਹੁਦਿਆਂ ’ਤੇ ਭਰਤੀ ਲਈ ਕਾਮਨ ਐਲਿਜੀਬਿਲਿਟੀ ਟੈਸਟ (CET) 2025 ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਹ ਉਹੀ ਪ੍ਰੀਖਿਆ ਹੈ ਜੋ ਰਾਜ ਸਰਕਾਰ ਵਿੱਚ ਲਗਪਗ ਸਾਰੀਆਂ ਗਰੁੱਪ-ਸੀ ਅਸਾਮੀਆਂ ਲਈ ਸਿੱਧੀ ਭਰਤੀ ਦਾ ਆਧਾਰ ਬਣਾਉਂਦੀ ਹੈ ਅਤੇ ਜਿਸ ਦੀ ਲੱਖਾਂ ਨੌਜਵਾਨ ਬੇਸਬਰੀ ਨਾਲ ਉਡੀਕ ਕਰ ਰਹੇ ਸਨ।
ਕਮਿਸ਼ਨ ਨੇ ਐਲਾਨ ਕੀਤਾ ਹੈ ਕਿ CET 2025 ਲਈ ਔਨਲਾਈਨ ਅਰਜ਼ੀਆਂ 28 ਮਈ ਤੋਂ ਸ਼ੁਰੂ ਹੋਣਗੀਆਂ, ਜਦੋਂ ਕਿ ਆਖਰੀ ਮਿਤੀ 12 ਜੂਨ, 2025 ਨਿਰਧਾਰਤ ਕੀਤੀ ਗਈ ਹੈ। ਅਰਜ਼ੀ ਫੀਸ 14 ਜੂਨ ਤੱਕ ਜਮ੍ਹਾਂ ਕੀਤੀ ਜਾ ਸਕਦੀ ਹੈ। ਇਹ ਪ੍ਰੀਖਿਆ ਔਫਲਾਈਨ OMR ਅਧਾਰਤ ਮੋਡ ਵਿੱਚ ਲਈ ਜਾਵੇਗੀ। ਖਾਸ ਗੱਲ ਇਹ ਹੈ ਕਿ CET 2022 ਵਿੱਚ ਸ਼ਾਮਲ ਹੋਣ ਵਾਲੇ ਉਮੀਦਵਾਰ ਆਪਣੇ ਪੁਰਾਣੇ CET ਨੰਬਰ ਦੀ ਵਰਤੋਂ ਕਰਕੇ ਸਿੱਧੇ ਤੌਰ ’ਤੇ ਅਰਜ਼ੀ ਦੇ ਸਕਦੇ ਹਨ, ਉਨ੍ਹਾਂ ਨੂੰ ਦੁਬਾਰਾ ਰਜਿਸਟਰ ਕਰਨ ਦੀ ਲੋੜ ਨਹੀਂ ਹੋਵੇਗੀ। ਪ੍ਰੀਖਿਆ ਦੀ ਅਸਲ ਤਰੀਕ ਵੱਖਰੇ ਤੌਰ ’ਤੇ ਐਲਾਨੀ ਜਾਵੇਗੀ।
ਸੋਸ਼ਲ ਮੀਡੀਆ ਪਲੇਟਫਾਰਮ X ’ਤੇ ਇਕ ਪੋਸਟ ਵਿਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੁਸ਼ਟੀ ਕੀਤੀ ਕਿ ਸੀਈਟੀ ਪ੍ਰੀਖਿਆ ਜਲਦੀ ਹੀ ਹੋਵੇਗੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ 28 ਮਈ ਤੋਂ ਸ਼ੁਰੂ ਹੋਣ ਵਾਲੀ ਅਰਜ਼ੀ ਪ੍ਰਕਿਰਿਆ ਰਾਜ ਭਰ ਦੇ ਲੱਖਾਂ ਨੌਜਵਾਨਾਂ ਲਈ ਰੁਜ਼ਗਾਰ ਹਾਸਲ ਕਰਨ ਦਾ ਸੁਨਹਿਰੀ ਮੌਕਾ ਹੈ।
हरियाणा के प्रिय युवाओं,
आज मुझे आपके साथ यह साझा करते हुए ख़ुशी हो रही है कि प्रदेश में CET (Common Eligibility Test) परीक्षा शीघ्र ही आयोजित की जा रही है, जिसके लिए आप सभी आगामी 28 मई से ऑनलाइन आवेदन कर सकते हैं। यह परीक्षा प्रदेश के लाखों युवाओं के लिए रोजगार का सुनहरा अवसर…
— Nayab Saini (@NayabSainiBJP) May 26, 2025
ਸੈਣੀ ਨੇ ਪਾਰਦਰਸ਼ਤਾ ਅਤੇ ਯੋਗਤਾ-ਅਧਾਰਿਤ ਭਰਤੀ ਪ੍ਰਤੀ ਸਰਕਾਰ ਦੀ ਵਚਨਬੱਧਤਾ ਦੁਹਰਾਈ ਹੈ। ਮੁੱਖ ਮੰਤਰੀ ਨੇ ਅੱਗੇ ਕਿਹਾ, ‘‘ਸਾਡੀ ਸਰਕਾਰ ‘ਕੋਈ ਪਰਚੀ ਨਹੀਂ, ਕੋਈ ਖਰਚੀ ਨਹੀਂ’ ਅਤੇ ‘ਮਿਸ਼ਨ ਮੈਰਿਟ’ ਦੇ ਸਿਧਾਂਤਾਂ ’ਤੇ ਪੂਰੀ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ। ਹਰਿਆਣਾ ਦੀ ਭਾਜਪਾ ਸਰਕਾਰ ਹਰ ਸਥਿਤੀ ਵਿੱਚ ਨੌਜਵਾਨਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ ਅਤੇ ਉਨ੍ਹਾਂ ਨੂੰ ਸਿਰਫ਼ ਯੋਗਤਾ ਦੇ ਆਧਾਰ ’ਤੇ ਨੌਕਰੀਆਂ ਪ੍ਰਦਾਨ ਕਰਨ ਲਈ ਸਮਰਪਿਤ ਹੈ।’’