ਗੁਟੇਰੇਜ਼ ਵੱਲੋਂ ਭਾਰਤ ਅਤੇ ਪਾਕਿਸਤਾਨ ਨੂੰ ਸੰਜਮ ਰੱਖਣ ਦੀ ਅਪੀਲ
ਸੰਯੁਕਤ ਰਾਸ਼ਟਰ, 25 ਅਪਰੈਲ
ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰੇਜ਼ ਨੇ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਧ ਤੋਂ ਵੱਧ ਸੰਜਮ ਰੱਖਣ ਤਾਂ ਜੋ ਹਾਲਾਤ ਹੋਰ ਨਾ ਵਿਗੜਨ। ਉਨ੍ਹਾਂ ਦਾ ਇਹ ਬਿਆਨ ਪਹਿਲਗਾਮ ’ਚ ਹੋਏ ਦਹਿਸ਼ਤੀ ਹਮਲੇ ਮਗਰੋਂ ਆਇਆ ਹੈ। ਸਕੱਤਰ ਜਨਰਲ ਦੇ ਤਰਜਮਾਨ ਸਟੀਫਨ ਦੁਜਾਰਿਕ ਨੇ ਕਿਹਾ ਕਿ ਗੁਟੇਰੇਜ਼ ਭਾਰਤ ਅਤੇ ਪਾਕਿਸਤਾਨ ਦੇ ਹਾਲਾਤ ’ਤੇ ਨੇੜਿਉਂ ਨਜ਼ਰ ਰੱਖ ਰਹੇ ਹਨ। ਉਨ੍ਹਾਂ ਕਿਹਾ ਕਿ ਗੁਟੇਰੇਜ਼ ਨੇ ਕਿਸੇ ਵੀ ਮੁਲਕ ਨਾਲ ਸਿੱਧੇ ਸੰਪਰਕ ਨਹੀਂ ਕੀਤਾ ਹੈ ਪਰ ਉਹ ਹਾਲਾਤ ਨੂੰ ਲੈ ਕੇ ਫਿਕਰਮੰਦ ਹਨ। ਦੁਜਾਰਿਕ ਨੇ ਕਿਹਾ, ‘‘ਭਾਰਤ ਅਤੇ ਪਾਕਿਸਤਾਨ ਵਿਚਕਾਰ ਕੋਈ ਵੀ ਮਸਲਾ ਦੁਵੱਲੀ ਗੱਲਬਾਤ ਰਾਹੀਂ ਸ਼ਾਂਤਮਈ ਢੰਗ ਨਾਲ ਹੱਲ ਕੀਤਾ ਜਾਣਾ ਚਾਹੀਦਾ ਹੈ।’’ ਭਾਰਤ ਵੱਲੋਂ ਪਾਕਿਸਤਾਨ ਨਾਲ ਸਿੰਧ ਜਲ ਸੰਧੀ ਮੁਅੱਤਲ ਕਰਨ ਦੇ ਫ਼ੈਸਲੇ ਬਾਰੇ ਦੁਜਾਰਿਕ ਨੇ ਕਿਹਾ ਕਿ ਇਸੇ ਕਰਕੇ ਵਧੇਰੇ ਸੰਜਮ ਵਰਤਣ ਦੀ ਅਪੀਲ ਕੀਤੀ ਗਈ ਹੈ ਅਤੇ ਅਜਿਹੀ ਕੋਈ ਕਾਰਵਾਈ ਨਾ ਕੀਤੀ ਜਾਵੇ ਜਿਸ ਨਾਲ ਹਾਲਾਤ ਵਿਗੜ ਜਾਣ ਅਤੇ ਖ਼ਿੱਤੇ ’ਚ ਤਣਾਅ ਹੋਰ ਵਧ ਜਾਵੇ। ਇਸ ਤੋਂ ਪਹਿਲਾਂ ਗੁਟੇਰੇਜ਼ ਨੇ ਪਹਿਲਗਾਮ ’ਚ ਹੋਏ ਦਹਿਸ਼ਤੀ ਹਮਲੇ ਦੀ ਨਿਖੇਧੀ ਕਰਦਿਆਂ ਪੀੜਤ ਪਰਿਵਾਰਾਂ ਨਾਲ ਆਪਣੀ ਹਮਦਰਦੀ ਜਤਾਉਂਦਿਆਂ ਕਿਹਾ ਸੀ ਕਿ ਕਿਸੇ ਵੀ ਹਾਲਤ ’ਚ ਆਮ ਨਾਗਰਿਕਾਂ ਖ਼ਿਲਾਫ਼ ਹਮਲਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ। -ਪੀਟੀਆਈ