GMCH ਡਾਕਟਰਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਗੋਆ ਦੇ ਮੰਤਰੀ ਮੁਆਫ਼ੀ ਮੰਗੀ
ਪਣਜੀ, 9 ਜੂਨ
ਗੋਆ ਮੈਡੀਕਲ ਕਾਲਜ ਅਤੇ ਹਸਪਤਾਲ (GMCH) ਦੇ ਸੀਨੀਅਰ ਡਾਕਟਰਾਂ ਦੇ ਵਿਰੋਧ ਪ੍ਰਦਰਸ਼ਨਾਂ ਵਿਚਕਾਰ ਗੋਆ ਦੇ ਸਿਹਤ ਮੰਤਰੀ ਵਿਸ਼ਵਜੀਤ ਰਾਣੇ ਨੇ ਸੋਮਵਾਰ ਨੂੰ ਇੱਕ ਡਾਕਟਰ ਪ੍ਰਤੀ ਆਪਣੇ ਵਿਵਹਾਰ ਲਈ ਮੁਆਫ਼ੀ ਮੰਗੀ ਹੈ। ਉਸ ਡਾਕਟਰ ਦੀ ਮੁਅੱਤਲੀ ਦਾ ਹੁਕਮ ਉਨ੍ਹਾਂ ਨੇ ਜਨਤਕ ਤੌਰ ’ਤੇ ਦਿੱਤਾ ਸੀ ਅਤੇ ਕਿਹਾ ਕਿ ਡਾਕਟਰੀ ਸੇਵਾਵਾਂ ਵਿੱਚ ਵਿਘਨ ਨਹੀਂ ਪਾਉਣਾ ਚਾਹੀਦਾ। ਉਧਰ ਵਿਰੋਧੀ ਪਾਰਟੀ ਕਾਂਗਰਸ ਨੇ ਸ਼ਨਿਚਰਵਾਰ ਨੂੰ GMCH ਵਿੱਚ ਵਾਪਰੀ ਘਟਨਾ ’ਤੇ ਉਨ੍ਹਾਂ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਹੈ।
ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਰਾਣੇ ਨੇ ਲਿਖਿਆ, ‘‘ਜੀਐੱਮਸੀਐੱਚ ਦੀ ਆਪਣੀ ਫੇਰੀ ਦੌਰਾਨ ਕਹੇ ਗਏ ਕਠੋਰ ਸ਼ਬਦਾਂ ਲਈ ਮੈਂ ਡਾ. ਕੁਟੀਕਰ ਤੋਂ ਦਿਲੋਂ ਮੁਆਫੀ ਮੰਗਦਾ ਹਾਂ। ਉਸ ਸਮੇਂ ਮੇਰੀਆਂ ਭਾਵਨਾਵਾਂ ਮੇਰੇ ਪ੍ਰਗਟਾਵੇ ’ਤੇ ਹਾਵੀ ਹੋ ਗਈਆਂ ਅਤੇ ਮੈਨੂੰ ਸਥਿਤੀ ਨੂੰ ਸੰਬੋਧਿਤ ਕਰਨ ਦੇ ਤਰੀਕੇ ’ਤੇ ਬਹੁਤ ਅਫ਼ਸੋਸ ਹੈ।’’
ਜ਼ਿਕਰਯੋਗ ਹੈ ਕਿ ਗੋਆ ਦੇ ਸਿਹਤ ਮੰਤਰੀ ਰਾਣੇ ਨੇ ਸ਼ਨਿਚਰਵਾਰ ਨੂੰ ਪ੍ਰਮੁੱਖ ਸਹੂਲਤਾਂ ਬਾਰੇ ਆਪਣੇ ਅਚਾਨਕ ਦੌਰੇ ਦੌਰਾਨ ਮਰੀਜ਼ਾਂ ਨਾਲ ਕਥਿਤ ਤੌਰ ’ਤੇ ਦੁਰਵਿਵਹਾਰ ਕਰਨ ਲਈ GMCH ਦੇ ਮੁੱਖ ਮੈਡੀਕਲ ਅਫਸਰ (CMO) ਡਾਕਟਰ ਰੁਦਰੇਸ਼ ਕੁਟੀਕਰ ’ਤੇ ਗੁੱਸਾ ਜ਼ਾਹਿਰ ਕੀਤਾ ਸੀ ਅਤੇ ਉਨ੍ਹਾਂ ਨੂੰ ਮੁਅੱਤਲ ਕਰਨ ਦਾ ਹੁਕਮ ਦਿੱਤਾ ਸੀ। ਹਾਲਾਂਕਿ ਮੁੱਖ ਮੰਤਰੀ ਪਰਮੋਦ ਸਾਵੰਤ ਨੇ ਐਤਵਾਰ ਨੂੰ ਵਿਵਾਦਪੂਰਨ ਫੈਸਲੇ ਨੂੰ ਰੱਦ ਕਰਦਿਆਂ ਮਾਮਲੇ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ। ਪਰ ਆਈਐੱਮਏ ਗੋਆ ਸਮੇਤ ਕਈ ਮੈਡੀਕਲ ਯੂਨੀਅਨਾਂ ਨੇ ਉਨ੍ਹਾਂ ਦੇ ਵਿਵਹਾਰ ਦੀ ਨਿੰਦਾ ਕਰਦਿਆਂ ਮੰਤਰੀ ਨੂੰ ਆਪਣੇ ਵਿਵਹਾਰ ਲਈ ਮੁਆਫੀ ਮੰਗਣ ਲਈ 48 ਘੰਟਿਆਂ ਦੀ ਸਮਾਂ-ਸੀਮਾ ਦਿੱਤੀ ਸੀ। -ਪੀਟੀਆਈ