Global Pollution List: ਅਸਾਮ ਦਾ ਬਰਨੀਹਾਟ ਸੂਚੀ ਵਿਚ ਸਿਖਰ ’ਤੇ, ਸੂਚੀ ’ਚ ਪੰਜਾਬ ਦਾ ਮੁੱਲਾਂਪੁਰ ਤੇ ਹਰਿਆਣਾ ਦੇ ਫਰੀਦਾਬਾਦ ਤੇ ਗੁਰੂਗ੍ਰਾਮ ਵੀ ਸ਼ਾਮਲ; ਦਿੱਲੀ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ
ਨਵੀਂ ਦਿੱਲੀ, 11 ਮਾਰਚ
Global pollution list: ਵਿਸ਼ਵ ਦੇ ਸਿਖਰਲੇ 20 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿਚੋਂ 13 ਭਾਰਤ ਵਿਚ ਹਨ ਤੇ ਅਸਾਮ ਦਾ ਬਰਨੀਹਾਟ ਇਸ ਸੂਚੀ ਵਿਚ ਸਭ ਤੋਂ ਉੱਤੇ ਹੈ। ਸੂਚੀ ਵਿਚ ਪੰਜਾਬ ਦਾ ਮੁੱਲਾਂਪੁਰ ਅਤੇ ਹਰਿਆਣਾ ਦਾ ਫਰੀਦਾਬਾਦ ਤੇ ਗੁਰੂਗ੍ਰਾਮ ਵੀ ਸ਼ਾਮਲ ਹਨ। ਮੰਗਲਵਾਰ ਨੂੰ ਪ੍ਰਕਾਸ਼ਿਤ ਨਵੀਂ ਰਿਪੋਰਟ ਤੋਂ ਇਹ ਖੁਲਾਸਾ ਹੋਇਆ ਹੈ।
ਸਵਿਟਜ਼ਰਲੈਂਡ ਦੀ ਹਵਾ ਗੁਣਵੱਤਾ ਤਕਨਾਲੋਜੀ ਕੰਪਨੀ ‘ਆਈਕਿਊਏਅਰ’ ਦੀ ਵਿਸ਼ਵ ਹਵਾ ਗੁਣਵੱਤਾ ਰਿਪੋਰਟ 2024 ਵਿਚ ਕਿਹਾ ਗਿਆ ਹੈ ਕਿ ਦਿੱਲੀ ਆਲਮੀ ਪੱਧਰ ’ਤੇ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ ਸ਼ਹਿਰ ਬਣਿਆ ਹੋਇਆ ਹੈ ਜਦੋਂਕਿ ਭਾਰਤ 2024 ਵਿਚ ਕੁੱਲ ਆਲਮ ਦਾ ਪੰਜਵਾਂ ਸਭ ਤੋਂ ਪ੍ਰਦੂਸ਼ਿਤ ਮੁਲਕ ਬਣ ਗਿਆ ਹੈ। 2023 ਵਿਚ ਇਸ ਸੂਚੀ ਵਿਚ ਭਾਰਤ ਤੀਜੇ ਸਥਾਨ ’ਤੇ ਸੀ।
ਗੁਆਂਢੀ ਮੁਲਕ ਪਾਕਿਸਤਾਨ ਦੇ ਚਾਰ ਸ਼ਹਿਰ ਤੇ ਚੀਨ ਦਾ ਇਕ ਸ਼ਹਿਰ ਵਿਸ਼ਵ ਦੇ ਸਿਖਰਲੇ 20 ਪ੍ਰਦੂਸ਼ਤ ਸ਼ਹਿਰਾਂ ਵਿਚ ਸ਼ਾਮਲ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਵਿਚ 2024 ’ਚ ਪੀਐੱਮ 2.5 ਕੰਸਨਟਰੇਸ਼ਨ ਵਿਚ ਸੱਤ ਫੀਸਦ ਦਾ ਨਿਘਾਰ ਦੇਖਿਆ ਗਿਆ ਹੈ, ਜੋ 2023 ਵਿਚ 54.4 ਮਾਈਕਰੋਗ੍ਰਾਮ ਪ੍ਰਤੀ ਵਰਗ ਮੀਟਰ ਦੇ ਮੁਕਾਬਲੇੇ ਔਸਤਨ 50.6 ਮਾਈਕਰੋਗ੍ਰਾਮ ਪ੍ਰਤੀ ਵਰਗ ਮੀਟਰ ਹੈ।
ਵਿਸ਼ਵ ਦੇ 20 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿਚ 13 ਭਾਰਤ ਵਿਚ ਹਨ। ਦਿੱਲੀ ਵਿਚ ਹਵਾ ਪ੍ਰਦੂਸ਼ਣ ਦੀ ਹਾਲਤ ਗੰਭੀਰ ਹੈ। ਸਾਲਾਨਾ ਔਸਤ ਪੀਐੱਮ 2.5 ਦੀ ਕੰਸਨਟਰੇਸ਼ਨ 2023 ਵਿਚ 102.4 ਮਾਈਕਰੋਗ੍ਰਾਮ ਪ੍ਰਤੀ ਵਰਗ ਮੀਟਰ ਤੋਂ ਵੱਧ ਕੇ 2024 ਵਿਚ 108.3 ਮਾਈਕਰੋਗ੍ਰਾਮ ਪ੍ਰਤੀ ਵਰਗ ਮੀਟਰ ਹੋ ਗਈ।
ਵਿਸ਼ਵ ਦੇ ਸਿਖਰਲੇ 20 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿਚ ਭਾਰਤ ’ਚ ਅਸਾਮ ਦਾ ਸ਼ਹਿਰ ਬਰਨੀਹਾਟ, ਦਿੱਲੀ, ਪੰਜਾਬ ਦਾ ਮੁੱਲਾਂਪੁਰ, ਹਰਿਆਣਾ ਦਾ ਫਰੀਦਾਬਾਦ, ਗੁਰੂਗ੍ਰਾਮ, ਯੂਪੀ ਦੇ ਗਾਜ਼ੀਆਬਾਦ ਜ਼ਿਲ੍ਹੇ ਵਿਚ ਲੋਨੀ, ਨੌਇਡਾ, ਗ੍ਰੇਟਰ ਨੌਇਡਾ, ਮੁਜ਼ੱਫਰਨਗਰ, ਰਾਜਸਥਾਨ ਵਿਚ ਗੰਗਾਨਗਰ, ਭਿਵਾੜੀ ਤੇ ਹਨੂਮਾਨਗੜ੍ਹ ਸ਼ਾਮਲ ਹਨ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ 35 ਫੀਸਦ ਭਾਰਤੀ ਸ਼ਹਿਰਾਂ ਵਿਚ ਸਾਲਾਨਾ ਪੀਐੱਮ 2.5 ਦਾ ਪੱਧਰ ਆਲਮੀ ਸਿਹਤ ਸੰਗਠਨ ਵੱਲੋਂ ਨਿਰਧਾਰਿਤ ਹੱਦ ਪੰਜ ਮਾਈਕਰੋਗ੍ਰਾਮ ਪ੍ਰਤੀ ਵਰਗ ਮੀਟਰ ਤੋਂ 10 ਗੁਣਾ ਵੱਧ ਹੈ। ਅਸਾਮ ਤੇ ਮੇਘਾਲਿਆ ਦੀ ਸਰਹੱਦ ’ਤੇ ਸਥਿਤ ਸ਼ਹਿਰ ਬਰਨੀਹਾਟ ਵਿਚ ਪ੍ਰਦੂਸ਼ਣ ਦਾ ਸਿਖਰਲਾ ਪੱਧਰ ਸਿਖਰਲੇ ਕਾਰਖਾਨਿਆਂ ਤੋਂ ਨਿਕਲਣ ਵਾਲੀ ਨਿਕਾਸੀ ਕਰਕੇ ਹੈ, ਜਿਸ ਵਿਚ ਸ਼ਰਾਬ ਦੀਆਂ ਡਿਸਟਿਲਰੀਜ਼, ਲੋਹਾ ਤੇ ਸਟੀਲ ਪਲਾਂਟ ਸ਼ਾਮਲ ਹਨ। -ਪੀਟੀਆਈ