DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗਿਆਨੀ ਰਘਬੀਰ ਸਿੰਘ ਨਾਲ ਦਿੱਲੀ ਹਵਾਈ ਅੱਡੇ ਉੱਤੇ ਦੁਰਵਿਵਹਾਰ

ਸਾਬਕਾ ਜਥੇਦਾਰ ਨੇ ਇਕਾਨਮੀ ਤੇ ਬਿਜ਼ਨਸ ਸ਼੍ਰੇਣੀ ਵਿਚ ਫਟੀਆਂ ਸੀਟਾਂ ਦਾ ਵਿਰੋਧ ਕੀਤਾ; ਰੋਸ ਵਜੋਂ ਸਾਂ ਫਰਾਂਸਿਸਕੋ ਜਾਣ ਵਾਲੀ ਉਡਾਣ ਛੱਡੀ; ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਘਟਨਾ ਦੀ ਨਿੰਦਾ
  • fb
  • twitter
  • whatsapp
  • whatsapp
featured-img featured-img
ਦਿੱਲੀ ਹਵਾਈ ਅੱਡੇ ਤੇ ਬੈਠੇ ਸ਼੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ
Advertisement

ਜਗਤਾਰ ਸਿੰਘ ਲਾਂਬਾ

ਅੰਮ੍ਰਿਤਸਰ, 24 ਅਪਰੈਲ 

Advertisement

ਨਵੀਂ ਦਿੱਲੀ ਹਵਾਈ ਅੱਡੇ ਉੱਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੂੰ ਅੱਜ ਹਵਾਈ ਕੰਪਨੀ ਦੇ ਕਰਮਚਾਰੀਆਂ ਵੱਲੋਂ ਕੀਤੇ ਗਏ ਦੁਰਵਿਹਾਰ ਦੇ ਰੋਸ ਵਜੋਂ ਨਾ ਸਿਰਫ ਹਵਾਈ ਕੰਪਨੀ ਦੇ ਦਫਤਰ ਦੇ ਬਾਹਰ ਬੈਠਣਾ ਪਿਆ ਹੈ ਸਗੋਂ ਉਨ੍ਹਾਂ ਹਵਾਈ ਉਡਾਨ ਵੀ ਛੱਡ ਦਿੱਤੀ ਹੈ। ਉਧਰ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਗਿਆਨੀ ਰਘਬੀਰ ਸਿੰਘ ਨਾਲ ਕੀਤੇ ਗਏ ਦੁਰਵਿਵਹਾਰ ਦੀ ਸਖਤ ਨਿੰਦਾ ਕਰਦਿਆਂ ਇਸ ’ਤੇ ਇਤਰਾਜ਼ ਪ੍ਰਗਟਾਇਆ ਹੈ।

ਗਿਆਨੀ ਰਘਬੀਰ ਸਿੰਘ ਨੇ ਦੱਸਿਆ ਕਿ ਉਹ ਅੱਜ ਆਪਣੇ ਬੇਟੇ ਅਤੇ ਇੱਕ ਹੋਰ ਸਾਥੀ ਨਾਲ ਨਵੀਂ ਦਿੱਲੀ ਤੋਂ ਸਾਂ ਫਰਾਂਸਿਸਕੋ ਜਾ ਰਹੇ ਸਨ ਅਤੇ ਇਸ ਸਬੰਧ ਵਿੱਚ ਉਨ੍ਹਾਂ ਨੇ ਏਅਰ ਇੰਡੀਆ ਏਅਰਲਾਈਨ ਦੀ ਉਡਾਨ ਵਿੱਚ ਆਪਣੀਆਂ ਸੀਟਾਂ ਬੁੱਕ ਕਰਵਾਈਆਂ ਸਨ। ਉਨ੍ਹਾਂ ਅਮਰੀਕਾ ਦੇ ਸੈਕਰਾਮੈਂਟੋ ਸ਼ਹਿਰ ਵਿੱਚ ਗੁਰਮਤਿ ਸਮਾਗਮ ਵਿੱਚ ਸ਼ਮੂਲੀਅਤ ਕਰਨੀ ਸੀ। ਉੜਾਨ ਨੰਬਰ ਏਆਈ 183 ਵਿੱਚ ਉਨ੍ਹਾਂ ਆਪਣੀ ਸੀਟ ਬਿਜ਼ਨਸ ਸ਼੍ਰੇਣੀ ਅਤੇ ਬਾਕੀ ਦੋ ਸੀਟਾਂ ਇਕਾਨਮੀ ਸ਼੍ਰੇਣੀ ਵਿੱਚ ਬੁੱਕ ਕਰਵਾਈਆਂ ਸਨ। ਉਨ੍ਹਾਂ ਦੱਸਿਆ ਕਿ ਇਕਾਨਮੀ ਸ਼੍ਰੇਣੀ ਵਿੱਚ ਸੀਟਾਂ ਫਟੀਆਂ ਹੋਈਆਂ ਸਨ ਅਤੇ ਬਿਜ਼ਨਸ ਸ਼੍ਰੇਣੀ ਵਿੱਚ ਬੁਰਾ ਹਾਲ ਸੀ। ਇਸ ਦੀ ਸ਼ਿਕਾਇਤ ਉਨ੍ਹਾਂ ਗਰਾਊਂਡ ਸਟਾਫ ਅਮਲੇ ਕੋਲ ਕੀਤੀ ਪਰ ਅਮਲੇ ਨੇ ਮਸਲਾ ਹੱਲ ਕਰਨ ਦੀ ਥਾਂ ਉਨ੍ਹਾਂ ਨਾਲ ਦੁਰਵਿਹਾਰ ਕੀਤਾ ਹੈ। ਸਿੱਟੇ ਵਜੋਂ ਉਨ੍ਹਾਂ ਇਹ ਹਵਾਈ ਉਡਾਨ ਛੱਡਣ ਦਾ ਫੈਸਲਾ ਕੀਤਾ ਅਤੇ ਉਹ ਕਾਫੀ ਦੇਰ ਏਅਰਲਾਈਨ ਦੇ ਦਫਤਰ ਦੇ ਬਾਹਰ ਵੀ ਬੈਠੇ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਸਾਮਾਨ ਵਾਪਸ ਕਰਨ ਵਿੱਚ ਵੀ ਨਾਂਹ-ਨੁੱਕਰ ਕੀਤੀ ਜਾ ਰਹੀ ਹੈ, ਜਿਸ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀ ਝੱਲਣੀ ਪਈ ਹੈ। ਉਹ ਇਸ ਸਬੰਧ ਵਿੱਚ ਹਵਾਈ ਕੰਪਨੀ ਕੋਲ ਸ਼ਿਕਾਇਤ ਕਰਨ ਜਾ ਰਹੇ ਹਨ।

ਉਨ੍ਹਾਂ ਦੱਸਿਆ ਕਿ ਕੁਝ ਹੋਰ ਯਾਤਰੂਆਂ ਵੱਲੋਂ ਵੀ ਸ਼ਿਕਾਇਤ ਕੀਤੀ ਗਈ ਸੀ, ਪਰ ਉਨ੍ਹਾਂ ਨਾਲ ਵੀ ਅਮਲੇ ਵੱਲੋਂ ਇਸੇ ਤਰ੍ਹਾਂ ਦਾ ਵਤੀਰਾ ਕੀਤਾ ਗਿਆ ਹੈ। ਸਿੱਟੇ ਵਜੋਂ ਇੱਕ ਔਰਤ ਯਾਤਰੂ ਨੇ ਵੀ ਹਵਾਈ ਉਡਾਨ ਛੱਡ ਦਿੱਤੀ ਹੈ।

ਖਬਰ ਲਿਖੇ ਜਾਣ ਤੱਕ ਗਿਆਨੀ ਰਘਬੀਰ ਸਿੰਘ ਅਤੇ ਉਨ੍ਹਾਂ ਦੇ ਸਾਥੀ ਦਿੱਲੀ ਹਵਾਈ ਅੱਡੇ ’ਤੇ ਹੀ ਸਨ। ਦੱਸਣਯੋਗ ਹੈ ਕਿ ਉਹ ਸ੍ਰੀ ਅਕਾਲ ਤਖਤ ਦੇ ਜਥੇਦਾਰ ਰਹਿ ਚੁੱਕੇ ਹਨ ਅਤੇ ਕਈ ਵਾਰ ਵਿਦੇਸ਼ਾਂ ਵਿੱਚ ਗੁਰਮਤਿ ਸਮਾਗਮਾਂ ਵਿੱਚ ਸ਼ਾਮਿਲ ਹੋਣ ਲਈ ਯਾਤਰਾ ਕਰ ਚੁੱਕੇ ਹਨ।

ਉਧਰ ਇਸ ਘਟਨਾ ਦਾ ਪਤਾ ਲੱਗਣ ਮਗਰੋਂ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਗਿਆਨੀ ਰਘਬੀਰ ਸਿੰਘ ਨਾਲ ਕੀਤਾ ਗਿਆ ਦੁਰਵਿਵਹਾਰ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਹਵਾਈਬਾਜ਼ੀ ਮੰਤਰੀ ਨੂੰ ਇਸ ਘਟਨਾ ਦਾ ਤੁਰੰਤ ਨੋਟਿਸ ਲੈ ਕੇ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਦਾ ਅਹੁਦਾ ਬਹੁਤ ਹੀ ਸਤਿਕਾਰਯੋਗ ਹੈ। ਇਸ ਲਈ ਕੇਂਦਰੀ ਏਜੰਸੀਆਂ ਅਤੇ ਹਵਾਈ ਅੱਡੇ ਉੱਤੇ ਤਾਇਨਾਤ ਅਧਿਕਾਰੀਆਂ ਨੂੰ ਇਨ੍ਹਾਂ ਦੇ ਸਤਿਕਾਰ ਤੇ ਸਨਮਾਨ ਦਾ ਹਮੇਸ਼ਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ।

Advertisement
×